ਫੋਕਲ ਪੁਆਇੰਟ ਨੇੜੇ ਰੇਲਵੇ ਟਰੈਕ 'ਤੇ ਵਾਪਰੇ ਦੋ ਹਾਦਸੇ, ਦੋ ਲੋਕਾਂ ਦੀ ਮੌਤ

Wednesday, Oct 09, 2024 - 10:41 PM (IST)

ਫੋਕਲ ਪੁਆਇੰਟ ਨੇੜੇ ਰੇਲਵੇ ਟਰੈਕ 'ਤੇ ਵਾਪਰੇ ਦੋ ਹਾਦਸੇ, ਦੋ ਲੋਕਾਂ ਦੀ ਮੌਤ

ਲੁਧਿਆਣਾ (ਬਿਪਨ ਭਾਰਦਵਾਜ) - ਖੰਨਾ ਦੇ ਫੋਕਲ ਪੁਆਇੰਟ ਨੇੜੇ ਰੇਲਵੇ ਟਰੈਕ 'ਤੇ ਦੋ ਹਾਦਸੇ ਵਾਪਰੇ। ਇਨ੍ਹਾਂ 'ਚ ਦੋ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਹਾਦਸਿਆਂ ਵਿਚੋਂ ਇੱਕ ਹਾਦਸਾ ਹੈੱਡਫੋਨ ਕਾਰਨ ਵਾਪਰਿਆ ਹੈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੇ ਹੈੱਡਫੋਨ ਲਗਾਏ ਹੋਏ ਸਨ ਜਿਸ ਕਾਰਨ ਉਸ ਨੂੰ ਟਰੇਨ ਦਾ ਹਾਰਨ ਨਹੀਂ ਸੁਣਿਆ ਅਤੇ ਉਹ ਟਰੇਨ ਦੀ ਲਪੇਟ 'ਚ ਆ ਗਿਆ। ਇਕ ਹੋਰ ਵਿਅਕਤੀ ਵੀ ਰੇਲਵੇ ਟਰੈਕ ਪਾਰ ਕਰਦੇ ਸਮੇਂ ਗੱਡੀ ਦੀ ਲਪੇਟ ਵਿਚ ਆ ਕੇ ਜ਼ਖਮੀ ਹੋ ਗਿਆ। ਜਿਸ ਦੀ ਸਿਵਲ ਹਸਪਤਾਲ ਖੰਨਾ 'ਚ ਇਲਾਜ ਦੌਰਾਨ ਮੌਤ ਹੋ ਗਈ। ਇੱਕ ਮ੍ਰਿਤਕ ਦੀ ਪਛਾਣ ਹੋ ਗਈ ਹੈ ਜਦਿਕ ਦੂਜੇ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।

ਜੀ.ਆਰ.ਪੀ. ਚੌਕੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ। ਰੇਲਵੇ ਦਾ ਕੀ-ਮੈਨ ਵੀ ਉਥੇ ਹੀ ਮੌਜੂਦ ਸੀ। ਜਿਸ ਨੇ ਖੁਦ ਦੇਖਿਆ ਕਿ ਨੌਜਵਾਨ ਹੈੱਡਫੋਨ ਲਗਾ ਕੇ ਰੇਲਵੇ ਟਰੈਕ ਪਾਰ ਕਰ ਰਿਹਾ ਸੀ ਅਤੇ ਟਰੇਨ ਦਾ ਹਾਰਨ ਨਹੀਂ ਸੁਣਿਆ। ਕੀ-ਮੈਨ ਨੇ ਵੀ ਉਸ ਨੂੰ ਆਵਾਜ਼ ਦਿੱਤੀ ਸੀ। ਹੋ ਸਕਦਾ ਹੈ ਕਿ ਹੈੱਡਫੋਨ ਦੀ ਤੇਜ਼ ਆਵਾਜ਼ ਕਾਰਨ ਨੌਜਵਾਨ ਨੂੰ ਕੁਝ ਵੀ ਨਹੀਂ ਸੁਣਿਆ ਹੋਵੇਗਾ। ਚੌਕੀ ਇੰਚਾਰਜ ਨੇ ਦੱਸਿਆ ਕਿ ਉਸ ਨੇ ਮੋਬਾਈਲ ਤੋਂ ਨੰਬਰ ਕੱਢ ਕੇ ਸੰਪਰਕ ਕੀਤਾ ਸੀ। ਪਰਿਵਾਰ ਦੇ ਮੈਂਬਰ ਬਿਹਾਰ ਦੇ ਦੱਸੇ ਜਾਂਦੇ ਹਨ। ਪਰ ਜਦੋਂ ਤੱਕ ਕੋਈ ਆ ਕੇ ਲਾਸ਼ ਦੀ ਸ਼ਨਾਖਤ ਨਹੀਂ ਕਰ ਲੈਂਦਾ, ਉਦੋਂ ਤੱਕ ਮ੍ਰਿਤਕ ਦਾ ਨਾਂ ਤੇ ਪਤਾ ਦੱਸਣਾ ਮੁਸ਼ਕਲ ਹੈ। ਫਿਲਹਾਲ ਉਸ ਦੀ ਲਾਸ਼ ਨੂੰ 72 ਘੰਟਿਆਂ ਲਈ ਅਣਪਛਾਤੀ ਲਾਸ਼ ਵਜੋਂ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ।

ਦੂਜਾ ਹਾਦਸਾ
ਦੂਜੇ ਹਾਦਸਾ ਵੀ ਫੋਕਲ ਪੁਆਇੰਟ ਨੇੜੇ ਹੋਇਆ, ਜਿਥੇ 5 ਬੱਚਿਆਂ ਦੇ ਪਿਤਾ ਦੀ ਮੌਤ ਹੋ ਗਈ। ਇਹ ਹਾਦਸਾ ਰੇਲਵੇ ਟਰੈਕ ਪਾਰ ਕਰਦੇ ਸਮੇਂ ਵਾਪਰਿਆ। ਮ੍ਰਿਤਕ ਦੀ ਪਛਾਣ ਰਾਜ ਕੁਮਾਰ ਵਾਸੀ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਰੇਲਵੇ ਪੁਲਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 194 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। 

ਜੀ.ਆਰ.ਪੀ. ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਫੋਕਲ ਪੁਆਇੰਟ ਨੇੜੇ ਸੂਚਨਾ ਮਿਲੀ ਸੀ ਕਿ ਰੇਲ ਗੱਡੀ ਦੀ ਲਪੇਟ ਵਿੱਚ ਆ ਕੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। 24 ਘੰਟੇ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੇ ਆ ਕੇ ਉਸ ਦੀ ਪਛਾਣ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਰਾਜ ਕੁਮਾਰ ਗਾਜ਼ੀਆਬਾਦ ਦਾ ਰਹਿਣ ਵਾਲਾ ਸੀ। ਜਦੋਂ ਉਹ ਰੇਲਵੇ ਟਰੈਕ ਪਾਰ ਕਰ ਰਿਹਾ ਸੀ ਤਾਂ ਰੇਲਗੱਡੀ ਨਾਲ ਟਕਰਾ ਗਿਆ। 

ਇਹ ਹਾਦਸਾ ਡੈਡੀਕੇਟਿਡ ਫਰੇਟ ਕੋਰੀਡੋਰ ਲਾਈਨ 'ਤੇ ਵਾਪਰਿਆ। ਮੁੰਨਾ ਲਾਲ ਨੇ ਦੱਸਿਆ ਕਿ ਉਸ ਦਾ ਜੀਜਾ ਰਾਜ ਕੁਮਾਰ ਗਾਜ਼ੀਆਬਾਦ ਤੋਂ ਖੰਨਾ ਆਇਆ ਹੋਇਆ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਮਿਸਤਰੀ ਕੋਲ ਕੰਮ ਕਰਦਾ ਸੀ। ਉਸ ਦਾ ਪਰਿਵਾਰ ਗਾਜ਼ੀਆਬਾਦ ਵਿੱਚ ਹੀ ਰਹਿੰਦਾ ਹੈ। ਰਾਜ ਕੁਮਾਰ ਦੀਆਂ 4 ਧੀਆਂ ਅਤੇ 1 ਪੁੱਤਰ ਹੈ। ਘਰ ਵਿੱਚ ਪਤਨੀ ਬੱਚਿਆਂ ਦੀ ਦੇਖਭਾਲ ਕਰਦੀ ਹੈ। 


author

Inder Prajapati

Content Editor

Related News