ਪੰਜਾਬੀ ਐਕਟਰ ਦੇ ਸ਼ੋਅਰੂਮ ''ਚ 2 ਕਰੋੜ ਦੀ ਚੋਰੀ
Tuesday, Nov 04, 2025 - 11:33 PM (IST)
ਮੋਹਾਲੀ- ਮੋਹਾਲੀ 'ਚ ਪੰਜਾਬੀ ਅਭਿਨੇਤਾ ਕੁਲਜਿੰਦਰ ਸਿੱਧੂ ਦੇ ਗਹਿਣਿਆਂ ਦੇ ਸ਼ੋਅਰੂਮ 'ਚ ਚੋਰੀ ਹੋ ਗਈ। ਚੋਰਾਂ ਨੇ ਉਸ ਤਿਜੋਰੀ ਨੂੰ ਨਿਸ਼ਾਨਾ ਬਣਾਇਆ, ਜਿਸਨੂੰ ਆਮ ਆਦਮੀ ਖੋਲ੍ਹ ਵੀ ਨਹੀਂ ਸਕਦਾ। ਇਸ ਸਬੰਧੀ ਅਦਾਕਾਰ ਕੁਲਜਿੰਦਰ ਸਿੱਧੂ ਦੇ ਭਰਾ ਵਿਕਰਮ ਸਿੱਧੂ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਰੋਜ਼ਾਨਾਂ ਦੀ ਤਰ੍ਹਾਂ ਸਟੋਰ ਬੰਦ ਕੀਤਾ ਗਿਆ ਸੀ। ਸੋਮਵਾਰ 3 ਨਵੰਬਰ ਨੂੰ ਸਵੇਰੇ ਜਦੋਂ ਸਟੋਰ ਖੋਲ੍ਹਣ ਆਏ ਤਾਂ ਦੇਖਿਆ ਕਿ ਮੁੱਖ ਗੇਟ ਦਾ ਤਾਲਾ ਗਾਇਬ ਸੀ। ਉਹ ਅੰਦਰ ਗਏ ਤਾਂ ਪਤਾ ਚੱਲਿਆ ਕਿ ਸਟੋਰ ਰੂਮ ਦਾ ਦਰਵਾਜ਼ਾ ਖੁੱਲ੍ਹਾ ਸੀ, ਬਕਸੇ ਖੁੱਲ੍ਹੇ ਪਏ ਸਨ ਅਤੇ ਬਕਸਿਆਂ ’ਚ ਪਏ ਡਾਇਮੰਡ ਅਤੇ ਸੋਨੇ ਦੇ ਗਹਿਣੇ ਗਾਇਬ ਸਨ। ਇਸ ਤੋਂ ਇਲਾਵਾ ਨਕਦੀ ਵੀ ਚੋਰੀ ਹੋ ਚੁੱਕੀ ਸੀ।
ਵਿਕਰਮ ਸਿੱਧੂ ਦੇ ਦੱਸਣ ਮੁਤਾਬਕ ਅਨੁਸਾਰ ਮੁੱਢਲੀ ਜਾਂਚ ਮੁਤਾਬਕ 2 ਕਰੋੜ ਰੁਪਏ ਦੇ ਕਰੀਬ ਦੇ ਗਹਿਣੇ ਕਿਸੇ ਵੱਲੋਂ ਚੋਰੀ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸਟੋਰ ਰੂਮ ਨੂੰ ਤੋੜਨ ਦੀ ਬਜਾਏ, ਅਜਿਹਾ ਜਾਪਦਾ ਹੈ ਕਿ ਇਸ ਨੂੰ ਖੋਲ੍ਹਿਆ ਗਿਆ ਹੈ, ਜੋ ਕਿਸੇ ਪ੍ਰੋਫੈਸ਼ਨਲ ਗਿਰੋਹ ਦਾ ਕੰਮ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚੋਰ ਜਾਂਦੇ ਸਮੇਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਵੀ ਆਪਣੇ ਨਾਲ ਲੈ ਗਏ। ਇਸ ਦੌਰਾਨ ਕੁਲਜਿੰਦਰ ਸਿੱਧੂ ਦੇ ਪਰਿਵਾਰ ਨੇ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਘਟਨਾ ਕਰਾਰ ਦਿੱਤਾ ਹੈ। ਪਰਿਵਾਰ ਨੇ ਕਿਹਾ ਕਿ ਕੋਈ ਵੀ ਸੁਰੱਖਿਆ ਵਿਵਸਥਾ ਚੋਰਾਂ ਨੂੰ ਰੋਕ ਨਹੀਂ ਸਕੀ। ਉਧਰ ਉਕਤ ਚੋਰੀ ਦੀ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਆਈ.ਟੀ.ਸਿਟੀ ਦੀ ਪੁਲਸ ਮੌਕੇ ’ਤੇ ਪਹੁੰਚੀ। ਇਸ ਸਬੰਧੀ ਥਾਣਾ ਮੁਖੀ ਸਤਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਚੋਰੀ ਦੇ ਸਬੰਧ ’ਚ ਅਣਪਛਾਤਿਆਂ ਖ਼ਿਲਾਫ਼ ਧਾਰਾ-305 (ਏ) ਅਤੇ 331(4) ਬੀ.ਐੱਨ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਲਈ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ।
