ਧੀ-ਜਵਾਈ ਦੀ ਦਿੱਤੀ ਸੀ ਸੁਪਾਰੀ, ਪੈ ਗਈ ਉਲਟੀ, ਸੁਪਾਰੀ ਦੇਣ ਵਾਲਿਆਂ ਦਾ ਹੀ ਹੋ ਗਿਆ ਕਤਲ

Thursday, Aug 17, 2023 - 12:27 AM (IST)

ਧੀ-ਜਵਾਈ ਦੀ ਦਿੱਤੀ ਸੀ ਸੁਪਾਰੀ, ਪੈ ਗਈ ਉਲਟੀ, ਸੁਪਾਰੀ ਦੇਣ ਵਾਲਿਆਂ ਦਾ ਹੀ ਹੋ ਗਿਆ ਕਤਲ

ਬਟਾਲਾ (ਬੇਰੀ, ਸਾਹਿਲ, ਯੋਗੀ, ਅਸ਼ਵਨੀ, ਖੋਖਰ, ਗੁਰਪ੍ਰੀਤ) : ਬਟਾਲਾ ਪੁਲਸ ਨੇ ਬੀਤੇ ਦਿਨੀਂ ਪਿੰਡ ਮੀਕੇ ਵਿਖੇ ਸਾਬਕਾ ਫ਼ੌਜੀ ਤੇ ਉਸ ਦੀ ਪਤਨੀ ਅਤੇ ਬੀਤੇ ਦਿਨ ਪਿੰਡ ਸਦਾਰੰਗ ਵਿਖੇ ਸਾਬਕਾ ਸਰਪੰਚ ਦੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਲਾਈਨ ਬਟਾਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਬਟਾਲਾ ਅਸ਼ਵਿਨੀ ਗੋਟਿਆਲ ਨੇ ਦੱਸਿਆ ਕਿ ਬੀਤੇ ਦਿਨੀਂ ਘੁਮਾਣ ਥਾਣਾ ਅਧੀਨ ਪੈਂਦੇ ਪਿੰਡ ਮੀਕੇ ਵਿਖੇ ਸਾਬਕਾ ਫ਼ੌਜੀ ਲਸ਼ਕਰ ਸਿੰਘ ਪੁੱਤਰ ਜੋਗਿੰਦਰ ਸਿੰਘ ਤੇ ਉਸ ਦੀ ਪਤਨੀ ਅਮਰੀਕ ਕੌਰ ਵਾਸੀ ਮੀਕੇ ਦਾ ਕੁਝ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਥਾਣਾ ਘੁਮਾਣ ਵਿਖੇ ਪੁਲਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਸਿਵਲ ਹਸਪਤਾਲ ਦੇ ਟਾਇਲਟ 'ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼, RMP ਡਾਕਟਰ ਸਣੇ 4 ਖ਼ਿਲਾਫ਼ ਕੇਸ ਦਰਜ

ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਡੀਐੱਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਰਾਜੇਸ਼ ਕੇ ਕੱਕੜ ਤੇ ਡੀਐੱਸਪੀ ਫਤਿਹਗੜ੍ਹ ਚੂੜੀਆਂ ਸਰਵਣਜੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਸ ਕਤਲ ’ਚ ਸ਼ਾਮਲ ਸਰਵਣ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੰਡ ਅਤੇ ਬਲਰਾਜ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਦਕੋਹਾ ਨੂੰ ਪੁਲਸ ਨੇ ਜਾਂਚ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਨ੍ਹਾਂ ਦੇ ਇਕ ਸਾਥੀ ਗੁਰਵਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੰਡਿਆਲਾ ਦੀ ਗ੍ਰਿਫ਼ਤਾਰੀ ਬਾਕੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਹਿੰਦੂ ਨਾਬਾਲਗ ਲੜਕੀ ਦਾ ਕਰਵਾਇਆ ਗਿਆ ਜ਼ਬਰਦਸਤੀ ਧਰਮ ਪਰਿਵਰਤਨ

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਲਸ਼ਕਰ ਸਿੰਘ ਦੀ ਲੜਕੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ, ਜੋ ਕਿ ਉਸ ਨੂੰ ਮਨਜ਼ੂਰ ਨਹੀਂ ਸੀ, ਜਿਸ ਕਾਰਨ ਉਸ ਨੇ ਉਕਤ ਵਿਅਕਤੀਆਂ ਨੂੰ ਲੜਕੀ ਅਤੇ ਜਵਾਈ ਦਾ ਕਤਲ ਕਰਨ ਲਈ ਸੁਪਾਰੀ ਦਿੱਤੀ ਸੀ ਪਰ ਉਕਤ ਲੋਕਾਂ ਵੱਲੋਂ ਸੁਪਾਰੀ ਲੈ ਕੇ ਘਟਨਾ ਨੂੰ ਅੰਜਾਮ ਨਾ ਦੇਣ ਅਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਲਸ਼ਕਰ ਸਿੰਘ ਨਾਲ ਤਕਰਾਰ ਹੋ ਗਈ, ਜਿਸ ਕਾਰਨ ਉਕਤ ਮੁਲਜ਼ਮਾਂ ਨੇ ਪਤੀ-ਪਤਨੀ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਕਤ ਵਿਅਕਤੀਆਂ ਕੋਲੋਂ ਲਸ਼ਕਰ ਸਿੰਘ ਦੇ 32 ਬੋਰ ਰਿਵਾਲਵਰ ਸਮੇਤ 30 ਰੌਂਦ ਜ਼ਿੰਦਾ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਗੁਰਦਾਸਪੁਰ-ਮੁਕੇਰੀਆਂ ਸੜਕ ਆਵਾਜਾਈ ਬੰਦ

ਐੱਸਐੱਸਪੀ ਬਟਾਲਾ ਨੇ ਦੱਸਿਆ ਕਿ ਬੀਤੇ ਦਿਨ ਥਾਣਾ ਰੰਗੜ ਨੰਗਲ ਅਧੀਨ ਪੈਂਦੇ ਪਿੰਡ ਸਦਰੰਗ ’ਚ ਸਾਬਕਾ ਸਰਪੰਚ ਬਲਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸਦਰੰਗ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਥਾਣਾ ਰੰਗੜ ਨੰਗਲ ਦੀ ਪੁਲਸ ਵੱਲੋਂ ਕੇਸ ਵੀ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਲਈ ਉਨ੍ਹਾਂ ਵੱਲੋਂ ਡੀਐੱਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਰਾਜੇਸ਼ ਕੱਕੜ ਅਤੇ ਡੀਐੱਸਪੀ ਫਤਿਹਗੜ੍ਹ ਚੂੜੀਆਂ ਸਰਵਣਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਦੌਰਾਨ ਪੁਲਸ ਵੱਲੋਂ ਉਕਤ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਲਖਵਿੰਦਰ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਸਦਰੰਗ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਸ ਕੋਲੋਂ ਵਾਰਦਾਤ ’ਚ ਵਰਤਿਆ ਦਾਤਰ ਵੀ ਬਰਾਮਦ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੁਖਵਿੰਦਰ ਕੁਮਾਰੀ ਨੇ ਪੁਲਸ ਨੂੰ ਦੱਸਿਆ ਕਿ ਬਲਜੀਤ ਸਿੰਘ ਨੇ ਐੱਸਸੀ ਕਾਰਪੋਰੇਸ਼ਨ ਦਫ਼ਤਰ ਗੁਰਦਾਸਪੁਰ ਤੋਂ ਲੋਨ ਲੈਣ ਲਈ ਅਪਲਾਈ ਕੀਤਾ ਸੀ ਅਤੇ ਇਸ ਲਈ ਉਸ ਨੇ ਲਖਵਿੰਦਰ ਸਿੰਘ ਦੀ ਜ਼ਮੀਨ ਦੀ ਗਾਰੰਟੀ ਵੀ ਦਿੱਤੀ ਸੀ। ਉਸ ਨੇ ਦੱਸਿਆ ਕਿ ਲਖਵਿੰਦਰ ਸਿੰਘ ਸਮਝਦਾ ਸੀ ਕਿ ਬਲਜੀਤ ਸਿੰਘ ਨੇ ਉਸ ਦੀ ਜ਼ਮੀਨ ਆਪਣੇ ਨਾਂ ਕਰਵਾ ਲਈ ਹੈ, ਜਿਸ ਕਾਰਨ ਉਸ ਨੇ ਬਲਜੀਤ ਸਿੰਘ ਦਾ ਕਤਲ ਕਰ ਦਿੱਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News