ਲੁਧਿਆਣਾ ''ਚ ''ਸਮਾਰਟ ਵਿਲੇਜ ਮੁਹਿੰਮ'' ਦੇ ਦੂਜੇ ਪੜਾਅ ਦੀ ਸ਼ੁਰੂਆਤ

10/17/2020 2:46:39 PM

ਲੁਧਿਆਣਾ (ਨਰਿੰਦਰ) : ਪੰਜਾਬ ਸਰਕਾਰ ਵੱਲੋਂ 'ਸਮਾਰਟ ਵਿਲੇਜ ਮੁਹਿੰਮ' ਦੇ ਤਹਿਤ ਦੂਜੇ ਪੜਾਅ ਦੀ ਅੱਜ ਤੋਂ ਸ਼ੁਰੂਆਤ ਕੀਤੀ ਗਈ ਹੈ, ਜਿਸ ਲਈ ਕਰੋੜਾਂ ਰੁਪਿਆਂ ਦਾ ਰਾਸ਼ੀ ਜਾਰੀ ਕੀਤੀ ਗਈ ਹੈ। ਲੁਧਿਆਣਾ ਦੇ 'ਚ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਇਸ ਦੌਰਾਨ ਵੀਡੀਓ ਕਾਨਫਰੰਸ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਰਾਹੁਲ ਗਾਂਧੀ ਤੋਂ ਇਲਾਵਾ ਬਾਕੀ ਕੈਬਨਿਟ ਮੰਤਰੀ ਵੀ ਜੁੜੇ, ਜਿਨ੍ਹਾਂ ਵੱਲੋਂ ਇਸ ਸਕੀਮ ਦਾ ਆਗਾਜ਼ ਕੀਤਾ ਗਿਆ।

ਇਸ ਦੌਰਾਨ ਰਾਹੁਲ ਗਾਂਧੀ ਨੇ ਪੰਜਾਬ ਸਰਕਾਰ ਨੂੰ ਇਸ ਸਕੀਮ ਦੀ ਸ਼ੁਰੂਆਤ ਲਈ ਵਧਾਈ ਦਿੱਤੀ। ਤ੍ਰਿਪਤ ਰਜਿੰਦਰ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਕੀਮ ਦੇ ਤਹਿਤ ਲਗਭਗ 2800 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜੋ ਪਿੰਡਾਂ ਦੇ ਵਿਕਾਸ ਲਈ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਗ੍ਰਾਂਟ ਸਾਰੇ ਸਰਪੰਚਾਂ ਨੂੰ ਮਿਲ ਰਹੀ ਹੈ, ਭਾਵੇਂ ਉਹ ਅਕਾਲੀ ਦਲ ਦੇ ਹੋਣ ਜਾਂ ਕਾਂਗਰਸ ਦੇ ਹੋਣ।

ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਜੋ ਕੇਂਦਰ ਦੀ ਸਕੀਮ ਸੀ, ਇਹ ਸਕੀਮ ਉਸ ਤੋਂ ਵੱਖਰੀ ਹੈ ਕਿਉਂਕਿ ਸਾਰੇ ਪਿੰਡਾਂ 'ਚ ਕੰਮ ਚੱਲ ਰਹੇ ਹਨ। ਪੰਜਾਬ ਭਾਜਪਾ ਪ੍ਰਧਾਨ ਦੀ ਲੁਧਿਆਣਾ ਫੇਰੀ ਦੌਰਾਨ ਉਨ੍ਹਾਂ ਦੇ ਕਿਸਾਨਾਂ ਵੱਲੋਂ ਘਿਰਾਓ ਕਰਨ ਸਬੰਧੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਕਿਸਾਨਾਂ ਨੂੰ ਹਿੰਸਾ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਮੁੜ ਤੋਂ ਅਪੀਲ ਕਰਦੇ ਹਨ ਕਿ ਜੋ ਟਰੇਨਾਂ ਪੰਜਾਬ ਤੋਂ ਹੋਰਨਾਂ ਸੂਬਿਆਂ 'ਚ ਅਤੇ ਹੋਰਨਾ ਸੂਬਿਆਂ ਤੋਂ ਪੰਜਾਬ 'ਚ ਨਹੀਂ ਆ- ਜਾ ਰਹੀਆਂ, ਉਨ੍ਹਾਂ ਨੂੰ ਆਉਣ ਦੇਣ। 


Babita

Content Editor

Related News