ਟਰਾਂਸਪੋਰਟ ਰਾਹੀਂ ਪੰਜਾਬ ਆ ਰਹੀਆਂ ਨਸ਼ੇ ਵਾਲੀਆਂ ਦਵਾਈਆਂ

Monday, Jul 30, 2018 - 04:42 AM (IST)

ਟਰਾਂਸਪੋਰਟ ਰਾਹੀਂ ਪੰਜਾਬ ਆ ਰਹੀਆਂ ਨਸ਼ੇ ਵਾਲੀਆਂ ਦਵਾਈਆਂ

ਜਲੰਧਰ,  (ਖੁਰਾਣਾ)- ਇਨ੍ਹੀਂ ਦਿਨੀਂ ਨਸ਼ਿਆਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਸਖਤ ਰਵੱਈਆ ਅਪਣਾਇਆ ਹੋਇਆ ਹੈ, ਜਿਸ ਦੇ ਤਹਿਤ ਨਸ਼ਿਆਂ ਦੇ ਸੌਦਾਗਰਾਂ, ਸਮੱਗਲਰਾਂ ਤੇ ਉਨ੍ਹਾਂ ਦੇ ਸਿਆਸੀ ਆਕਾਵਾਂ ਅਤੇ ਸੁਰੱਖਿਆ ਦੇਣ ਵਾਲੇ ਪੁਲਸ ਅਧਿਕਾਰੀਆਂ ਤੱਕ 'ਤੇ ਗਾਜ ਡਿੱਗ ਰਹੀ ਹੈ। ਨਸ਼ਿਆਂ ਦੀ ਕਿਸਮ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਸਭ ਤੋਂ ਜ਼ਿਆਦਾ ਸਿੰਥੈਟਿਕ ਡਰੱਗਜ਼, ਭਾਵ ਮੈਡੀਕਲ ਨਸ਼ੇ ਵਿਕਣ ਦੇ ਮਾਮਲੇ ਸਾਹਮਣੇ ਆ ਰਹੇ ਹਨ।  ਨਸ਼ਿਆਂ ਦੇ ਰੂਪ 'ਚ ਇਸਤੇਮਾਲ ਹੋਣ ਵਾਲੀਆਂ ਪਾਬੰਦੀਸ਼ੁਦਾ  ਦਵਾਈਆਂ ਦੀ ਖੇਪ ਜਿਸ ਤਰ੍ਹਾਂ ਲਗਾਤਾਰ ਟਰਾਂਸਪੋਰਟ ਕੰਪਨੀਆਂ ਦੇ ਜ਼ਰੀਏ ਦੂਜੇ ਰਾਜਾਂ ਤੋਂ ਪੰਜਾਬ ਵਿਚ ਆ ਰਹੀ ਹੈ, ਉਸ ਨਾਲ ਨਸ਼ਿਆਂ ਦਾ ਖਾਤਮਾ ਕਰਨ ਵਿਚ ਲੱਗੇ ਵਿਭਾਗ ਤੇ ਪੁਲਸ ਅਧਿਕਾਰੀ ਬਹੁਤ ਪ੍ਰੇਸ਼ਾਨ ਹਨ। 
ਪਿਛਲੇ ਮਹੀਨੇ 18 ਜੂਨ ਨੂੰ ਲੁਧਿਆਣਾ ਵਿਖੇ ਐੱਸ. ਟੀ. ਐੱਫ. ਦੀ ਟੀਮ ਨੇ ਨਸ਼ਿਆਂ ਦੇ ਸੌਦਾਗਰਾਂ 'ਤੇ ਸ਼ਿਕੰਜਾ ਕੱਸਦਿਆਂ ਇਕ ਸਮੱਗਲਰ ਦੇ ਘਰ ਛਾਪੇਮਾਰੀ ਕਰ ਕੇ ਵੱਡੀ ਮਾਤਰਾ ਵਿਚ ਨਸ਼ੇ ਵਾਲੀਆਂ ਦਵਾਈਆਂ ਬਰਾਮਦ ਕੀਤੀਆਂ ਸਨ ਅਤੇ ਉਸ ਸਮੱਗਲਰ ਦੀ ਨਿਸ਼ਾਨਦੇਹੀ 'ਤੇ ਲੁਧਿਆਣਾ ਦੀ ਜੇ. ਐੱਸ. ਕੇ. ਟਰਾਂਸਪੋਰਟ ਕੰਪਨੀ ਦੇ ਗੋਦਾਮ 'ਤੇ ਛਾਪੇਮਾਰੀ ਕੀਤੀ ਗਈ ਸੀ, ਜਿੱਥੋਂ ਵੱਡੀ ਮਾਤਰਾ 'ਚ ਨਸ਼ੇ ਵਾਲੀਆਂ ਅਤੇ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਈਆਂ ਸਨ। 
ਉਦੋਂ ਐੱਸ. ਟੀ. ਐੱਫ. ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਸੀ ਕਿ ਉਕਤ ਟਰਾਂਸਪੋਰਟ ਕੰਪਨੀ ਦੇ ਮਾਲਕ ਨੂੰ ਕੇਸ ਵਿਚ ਨਾਮਜ਼ਦ ਕਰ ਕੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਪਾਬੰਦੀਸ਼ੁਦਾ ਦਵਾਈਆਂ ਨੂੰ ਕਿੱਥੋਂ ਤੇ ਕਿਸ ਬਿੱਲ ਦੇ ਆਧਾਰ 'ਤੇ ਲੁਧਿਆਣਾ ਲਿਆਂਦਾ ਗਿਆ। ਐੱਸ. ਟੀ. ਐੱਫ. ਲੁਧਿਆਣਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਇਸ ਮਾਮਲੇ 'ਚ ਟਰਾਂਸਪੋਰਟ ਕੰਪਨੀ ਦੇ ਮਾਲਕ ਦਾ ਅਤਾ-ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਉਸ ਤੋਂ ਪੁੱਛਗਿੱਛ ਹੋਈ ਹੈ।


Related News