ਕੀ ਬਣੂ ਪੰਜਾਬ ਦਾ? ਨਸ਼ੇ ਕਾਰਨ ਇੱਕੋ ਪਰਿਵਾਰ ਦੇ ਸੱਤ ਜੀਆਂ ਦੀ ਮੌਤ, ਸੁੰਨੀ ਹੋ ਗਈ 6 ਪੁੱਤ ਜੰਮਣ ਵਾਲੀ ਮਾਂ ਦੀ ਕੁੱਖ

Tuesday, Jan 20, 2026 - 06:35 PM (IST)

ਕੀ ਬਣੂ ਪੰਜਾਬ ਦਾ? ਨਸ਼ੇ ਕਾਰਨ ਇੱਕੋ ਪਰਿਵਾਰ ਦੇ ਸੱਤ ਜੀਆਂ ਦੀ ਮੌਤ, ਸੁੰਨੀ ਹੋ ਗਈ 6 ਪੁੱਤ ਜੰਮਣ ਵਾਲੀ ਮਾਂ ਦੀ ਕੁੱਖ

ਲੁਧਿਆਣਾ: ਲੁਧਿਆਣਾ ਦੇ ਜਗਰਾਉਂ ਨੇੜਲੇ ਪਿੰਡ ਸ਼ੇਰੋਵਾਲ ਵਿਚ ਨਸ਼ੇ ਨੇ ਅਜਿਹਾ ਕਹਿਰ ਵਰਤਾਇਆ ਹੈ ਕਿ ਇੱਕੋ ਪਰਿਵਾਰ ਦੇ ਸੱਤ ਜੀਅ ਸਦਾ ਦੀ ਨੀਂਦੇ ਸੋ ਗਏ।  ਪਿਛਲੇ 13 ਸਾਲਾਂ ਦੌਰਾਨ ਪਹਿਲਾਂ ਪਿਤਾ ਅਤੇ ਫਿਰ ਇਕ-ਇਕ ਕਰਕੇ 6 ਪੁੱਤਰਾਂ ਦੀ ਮੌਤ ਹੋਣ ਕਾਰਨ ਹੁਣ ਘਰ ਵਿਚ ਸਿਰਫ਼ ਬਜ਼ੁਰਗ ਮਾਂ, ਇਕ ਨੂੰਹ ਅਤੇ ਇਕ ਪੋਤਾ ਹੀ ਬਚੇ ਹਨ। ਪਰਿਵਾਰ ਦੀ ਬਜ਼ੁਰਗ ਮਾਂ ਛਿੰਦਰ ਕੌਰ ਉਰਫ਼ ਛਿੰਦੋ ਬਾਈ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਪਤੀ ਮੁਖਤਿਆਰ ਸਿੰਘ ਮਜ਼ਦੂਰੀ ਕਰਦਾ ਸੀ ਪਰ ਉਹ ਸ਼ਰਾਬ ਪੀਣ ਦਾ ਬਹੁਤ ਆਦੀ ਸੀ। ਸਾਲ 2012 ਵਿਚ ਸ਼ਰਾਬ ਦੇ ਨਸ਼ੇ ਵਿਚ ਹੋਏ ਇਕ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ ਸੀ, ਜੋ ਇਸ ਪਰਿਵਾਰ ਵਿਚ ਨਸ਼ੇ ਕਾਰਨ ਹੋਈ ਪਹਿਲੀ ਮੌਤ ਸੀ।

ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਸਭ ਤੋਂ ਵੱਡੇ ਪੁੱਤਰ ਰਾਜੂ ਦੇ ਮੋਢਿਆਂ 'ਤੇ ਆ ਗਈ ਸੀ। ਰਾਜੂ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਕੰਮ ਸ਼ੁਰੂ ਕੀਤਾ, ਪਰ ਉਹ ਹੌਲੀ-ਹੌਲੀ ਮਾੜੀ ਸੰਗਤ ਵਿਚ ਪੈ ਕੇ ਨਸ਼ੇ ਦਾ ਸ਼ਿਕਾਰ ਹੋ ਗਿਆ। ਰਾਜੂ ਨੂੰ ਦੇਖ ਕੇ ਉਸ ਦੇ ਬਾਕੀ ਭਰਾ ਵੀ ਨਸ਼ਾ ਤਸਕਰਾਂ ਦੇ ਚੁੰਗਲ ਵਿਚ ਫਸ ਗਏ ਅਤੇ ਨਸ਼ੇ ਦੀ ਦਲਦਲ ਵਿਚ ਇੰਨੇ ਡੂੰਘੇ ਉਤਰ ਗਏ ਕਿ ਮੁੜ ਬਾਹਰ ਨਹੀਂ ਆ ਸਕੇ। ਮਾਂ ਛਿੰਦਰ ਕੌਰ ਅਨੁਸਾਰ ਉਹ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਰੋਕਦੀ ਰਹੀ, ਪਰ ਤਸਕਰ ਉਨ੍ਹਾਂ ਨੂੰ ਘਰੋਂ ਬੁਲਾ ਕੇ ਲੈ ਜਾਂਦੇ ਸਨ।

ਮੌਤਾਂ ਦਾ ਇਹ ਦਰਦਨਾਕ ਸਿਲਸਿਲਾ ਸਾਲ 2013 ਵਿਚ ਦੂਜੇ ਨੰਬਰ ਦੇ ਪੁੱਤਰ ਕੁਲਵੰਤ ਦੀ ਮੌਤ ਨਾਲ ਅੱਗੇ ਵਧਿਆ। ਇਸ ਤੋਂ ਬਾਅਦ ਸਾਲ 2021 ਵਿਚ ਮਾਰਚ ਮਹੀਨੇ ਪੰਜਵੇਂ ਪੁੱਤਰ ਗੁਰਦੀਪ ਅਤੇ ਜੁਲਾਈ ਵਿਚ ਤੀਜੇ ਪੁੱਤਰ ਜਸਵੰਤ ਸਿੰਘ ਦੀ ਮੌਤ ਹੋ ਗਈ। ਨਵੰਬਰ 2022 ਵਿਚ ਸਭ ਤੋਂ ਵੱਡੇ ਪੁੱਤਰ ਰਾਜੂ ਨੇ ਦਮ ਤੋੜ ਦਿੱਤਾ ਅਤੇ ਮਾਰਚ 2023 ਵਿਚ ਸਭ ਤੋਂ ਛੋਟਾ ਪੁੱਤਰ ਬਲਜੀਤ ਵੀ ਨਸ਼ੇ ਦੀ ਭੇਟ ਚੜ੍ਹ ਗਿਆ। 14 ਜਨਵਰੀ 2026 ਨੂੰ ਚੌਥੇ ਨੰਬਰ ਦੇ ਪੁੱਤਰ ਜਸਬੀਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਨੇ ਪਹਿਲੀ ਵਾਰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। 


author

Anmol Tagra

Content Editor

Related News