ਟਰਾਂਸਫਰ ਪਾਲਿਸੀ ਦੇ ਨਿਯਮ ਬਣ ਰਹੇ ਹਨ ਅਧਿਆਪਕਾਂ ਦੇ ਗਲੇ ਦੀ ਹੱਡੀ
Monday, May 25, 2020 - 08:32 PM (IST)
ਚੰਡੀਗੜ੍ਹ, (ਰਮਨਜੀਤ)- ਪੰਜਾਬ ਦੇ ਸਿੱਖਿਆ ਵਿਭਾਗ 'ਚ 3582 ਅਧਿਆਪਕ ਕੈਡਰ ਦੇ ਤੌਰ 'ਤੇ ਨਿਯੁਕਤ ਅਧਿਆਪਕ ਵਿਭਾਗ ਵਲੋਂ ਹਾਲ ਹੀ 'ਚ ਜਾਰੀ ਕੀਤੀ ਗਈ ਟਰਾਂਸਫਰ ਨੀਤੀ ਦੇ ਨਿਯਮਾਂ 'ਚ ਲਗਾਤਾਰ ਹੋ ਰਹੇ ਬਦਲਾਵਾਂ ਕਾਰਨ ਉਲਝਣਾਂ 'ਚ ਹਨ। ਵਿਭਾਗ ਦੀ ਟਰਾਂਸਫਰ ਪਾਲਿਸੀ ਦੇ ਨਿਯਮ ਬਾਰਡਰ ਏਰੀਆ 'ਚ ਤਾਇਨਾਤ ਇਨ੍ਹਾਂ ਅਧਿਆਪਕਾਂ ਲਈ ਗਲੇ ਦੀ ਹੱਡੀ ਬਣ ਗਏ ਹਨ ਕਿਉਂਕਿ ਪਾਲਿਸੀ ਅਨੁਸਾਰ ਇਨ੍ਹਾਂ ਅਧਿਆਪਕਾਂ ਨੂੰ ਟਰਾਂਸਫਰ ਲਈ ਅੰਕਾਂ ਦੇ ਆਧਾਰ 'ਤੇ ਮੌਕਾ ਦਿੱਤਾ ਜਾ ਰਿਹਾ ਹੈ ਪਰ ਇਹ ਅੰਕ ਜਿਸ ਆਧਾਰ 'ਤੇ ਮਿਲਣੇ ਹਨ ਕੋਰੋਨਾ ਵਾਇਰਸ ਲਾਕਡਾਊਨ ਕਾਰਨ ਉਹੀ ਉਪਲੱਭਧ ਨਹੀਂ ਹੋ ਸਕੇ ਹਨ।
ਮਿਸਾਲ ਦੇ ਤੌਰ 'ਤੇ ਇਨ੍ਹਾਂ ਅਧਿਆਪਕਾਂ ਨੂੰ ਸਾਲ 2019-20 ਦੀ ਐਨੂਅਲ ਕਾਨਫੀਡੈਂਸ਼ੀਅਲ ਰਿਪੋਰਟ (ਏ. ਸੀ. ਆਰ.) ਦਰਜ ਵੱਖ-ਵੱਖ ਕੰਮਾਂ ਲਈ ਹਾਸਲ ਅੰਕਾਂ ਦਾ ਵੇਰਵਾ ਦੇਣਾ ਹੈ। ਇਹ ਏ. ਸੀ. ਆਰ. ਅਧਿਆਪਕਾਂ ਦੇ ਮਾਮਲੇ 'ਚ ਉਨ੍ਹਾਂ ਦੇ ਪ੍ਰਿੰਸੀਪਲਾਂ ਵਲੋਂ ਤਿਆਰ ਕੀਤੀ ਜਾਂਦੀ ਹੈ ਪਰ ਇਸ ਵਾਰ ਸਕੂਲ ਬੰਦ ਹੋਣ ਕਾਰਨ ਇਹ ਕੰਮ ਨਹੀਂ ਹੋ ਸਕਿਆ ਹੈ। ਏਸ਼ੀਆ 'ਚ ਅਧਿਆਪਕਾਂ ਵਲੋਂ ਅਕਾਦਮਿਕ ਸਾਲ ਦੌਰਾਨ ਕੀਤੇ ਗਏ ਸਿੱਖਿਆ ਨਾਲ ਜੁੜੇ ਹੋਰ ਕੰਮਾਂ ਦੇ ਨਾਲ-ਨਾਲ ਬੋਰਡ ਪ੍ਰੀਖਿਆਵਾਂ 'ਚ ਉਨ੍ਹਾਂ ਵਲੋਂ ਪੜ੍ਹਾਏ ਗਏ ਵਿਦਿਆਰਥੀਆਂ ਦੇ ਨਤੀਜਿਆਂ ਦਾ ਵੀ ਮੁਲਾਂਕਣ ਕੀਤਾ ਜਾਂਦਾ ਹੈ ਪਰ ਇਸ ਵਾਰ ਲਾਕਡਾਊਨ ਕਾਰਨ ਮਾਰਚ ਦੇ ਮਹੀਨੇ ਤੋਂ ਹੀ ਸਕੂਲ ਬੰਦ ਹਨ ਅਤੇ ਸਕੂਲਾਂ 'ਚ ਏ. ਸੀ. ਆਰ. ਭਰਨ ਦਾ ਕੰਮ ਨਹੀਂ ਹੋ ਸਕਿਆ। ਏ. ਸੀ. ਆਰ. 'ਚ ਅਧਿਆਪਕਾਂ ਵਲੋਂ ਪੜ੍ਹਾਈਆਂ ਗਈਆਂ ਬੋਰਡ ਜਮਾਤਾਂ ਮਤਲਬ ਅੱਠਵੀਂ, ਦਸਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਨਤੀਜਿਆਂ ਨੂੰ ਆਧਾਰ ਬਣਾ ਕੇ ਅੰਕ ਦਿੱਤੇ ਜਾਂਦੇ ਹਨ ਪਰ ਇਸ ਵਾਰ ਲਾਕਡਾਊਨ ਕਾਰਨ ਬੋਰਡ ਵਲੋਂ ਨਾ ਤਾਂ ਪੂਰੀ ਤਰ੍ਹਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਲਈਆਂ ਜਾ ਸਕੀਆਂ ਹਨ ਅਤੇ ਨਾ ਹੀ ਵਿਸਥਾਰਿਤ ਨਤੀਜਾ ਹੀ ਐਲਾਨਿਆ ਗਿਆ ਹੈ। ਸਰਕਾਰ ਵਲੋਂ ਨੀਤੀਗਤ ਫੈਸਲਾ ਲੈਂਦੇ ਹੋਏ ਅੱਠਵੀਂ ਤੇ ਦਸਵੀਂ ਦੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪ੍ਰੀ ਬੋਰਡ ਐਗਜ਼ਾਮ ਨਤੀਜੀਆਂ ਦੇ ਆਧਾਰ 'ਤੇ ਪਾਸ ਕਰਨ ਦਾ ਫੈਸਲਾ ਲਿਆ ਗਿਆ ਸੀ।
ਇਸ ਬਾਰੇ ਗੱਲ ਕਰਦੇ ਹੋਏ 3582 ਮਾਸਟਰ ਕੈਡਰ ਯੂਨੀਅਨ ਦੇ ਸਰਪ੍ਰਸਤ ਦਲਜੀਤ ਸਿੰਘ ਸਫੀਪੁਰ ਨੇ ਕਿਹਾ ਕਿ ਅਜਿਹੇ ਲੱਗਦਾ ਹੈ ਕਿ ਆਪਣੀ ਪਾਲਿਸੀ ਨੂੰ ਲੈਕੇ ਵਿਭਾਗ ਖੁਦ ਹੀ ਉਲਝਣ 'ਚ ਹੈ ਅਤੇ ਇਸ ਕਾਰਨ ਕਾਰਨ ਅਧਿਆਪਕ ਵੀ ਦੁਚਿਤੀ 'ਚ ਹਨ। ਸਫੀਪੁਰ ਨੇ ਕਿਹਾ ਕਿ ਪਹਿਲਾਂ ਤਾਂ ਇਹ ਵਾਅਦਾ ਕੀਤਾ ਗਿਆ ਸੀ ਕਿ 3582 ਕੈਡਰ ਦੇ ਸਾਰੇ ਅਧਿਆਪਕਾਂ ਨੂੰ ਟਰਾਂਸਫਰ ਦਾ ਮੌਕਾ ਦਿੱਤਾ ਜਾਵੇਗਾ ਪਰ ਬਾਅਦ 'ਚ ਸਿਰਫ 6 ਬਾਰਡਰ ਜ਼ਿਲਿਆਂ 'ਚ ਤਾਇਨਾਤ ਅਧਿਆਪਕਾਂ ਨੂੰ ਹੀ ਇਹ ਮੌਕਾ ਦਿੱਤਾ ਜਾ ਰਿਹਾ ਹੈ। ਦੂਜੀ ਗੱਲ ਵਿਭਾਗ ਵਲੋਂ ਟਰਾਂਸਫਰ ਲਈ ਜੋ ਪੋਰਟਲ ਬਣਾਇਆ ਗਿਆ ਹੈ ਉਸ 'ਚ ਵੀ ਕਈ ਤਕਨੀਕੀ ਗੜਬੜੀਆਂ ਹਨ ਮਿਸਾਲ ਦਿੰਦੇ ਹੋਏ ਸਫੀਪੁਰ ਨੇ ਕਿਹਾ ਕਿ ਅਧਿਆਪਕਾਂ ਵਲੋਂ 2019-20 ਦੀ ਏ. ਸੀ. ਆਰ. ਦੀਆਂ ਜਾਣਕਾਰੀਆਂ ਭਰਨ ਲਈ ਕਿਹਾ ਗਿਆ ਹੈ ਜਦਕਿ ਵਿਭਾਗ ਦੇ ਅਧਿਕਾਰੀ ਇਹ ਗੱਲ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਕਿ ਲਾਕਡਾਊਨ ਅਤੇ ਕਰਫਿਊ ਕਾਰਨ ਸਾਲ 2019-20 ਦੀ ਏ. ਸੀ. ਆਰ. ਹਾਲੇ ਤਿਆਰ ਹੀ ਨਹੀਂ ਹੋਈ ਹੈ ਹਾਲਾਂਕਿ ਇਸ ਬਾਰੇ ਯੂਨੀਅਨ ਵਲੋਂ ਅਧਿਕਾਰੀਆਂ ਨੂੰ ਦੱਸ ਵੀ ਦਿੱਤਾ ਗਿਆ ਹੈ ਪਰ ਉਸਦੇ ਬਾਵਜੂਦ ਵੀ ਵਿਭਾਗ ਨੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ।
ਇਸ ਤਰ੍ਹਾਂ ਅਧਿਆਪਕਾਂ ਨੂੰ ਟਰਾਂਸਫਰ ਪਾਲਿਸੀ ਪੋਰਟਲ 'ਤੇ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਪੜੋ ਪੰਜਾਬ, ਪੜ੍ਹਾਓ ਪੰਜਾਬ ਦੇ ਨਤੀਜੇ ਸੰਬੰਧੀ ਜਾਣਕਾਰੀਆਂ ਵੀ ਦਰਜ ਕਰਨੀਆਂ ਹਨ ਜਿਨ੍ਹਾਂ ਦੇ ਆਧਾਰ 'ਤੇ ਟਰਾਂਸਫਰ ਲਈ ਉਨ੍ਹਾਂ ਦੀ ਮੈਰਿਟ ਬਣਨੀ ਹੈ ਪਰ 2019-20 ਦੇ ਅਕਾਦਮਿਕ ਸੈਸ਼ਨ ਦੇ ਨਤੀਜੇ ਸਾਰਿਆਂ ਨੂੰ ਪਾਸ ਕਰਨ ਵਾਲੇ ਰਹੇ ਹਨ ਤਾਂ ਅਜਿਹੇ 'ਚ ਅਧਿਆਪਕਾਂ ਦੀ ਪਰਫਾਰਮੈਂਸ ਦਾ ਮੁਲਾਂਕਣ ਕਿਵੇਂ ਕੀਤਾ ਜਾ ਸਕੇਗਾ।
ਇਸ ਬਾਰੇ ਗੱਲ ਕਰਨ ਉੱਤੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਵੀ ਇਹ ਮਾਮਲਾ ਆਇਆ ਹੈ ਪਰ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਛੇਤੀ ਹੀ ਦੂਰ ਕਰਵਾ ਦਿੱਤਾ ਜਾਵੇਗਾ ਅਤੇ ਕਿਸੇ ਵੀ ਅਧਿਆਪਕ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।