ਸੰਘਣੀ ਧੁੰਦ ਤੇ ਹੱਡ ਚੀਰਵੀਂ ਠੰਡ ਨੇ ਲੋਕਾਂ ਦਾ ਕੀਤਾ ਬੁਰਾ ਹਾਲ, ਟ੍ਰੇਨਾਂ ਦੀ ਲੇਟ-ਲਤੀਫ਼ੀ ਨੇ ਵਧਾਈਆਂ ਮੁਸ਼ਕਲਾਂ
Friday, Dec 20, 2024 - 06:15 AM (IST)
ਜਲੰਧਰ (ਪੁਨੀਤ)- ਸਰਦੀ ਦਾ ਕਹਿਰ ਦੇਸ਼ ਭਰ ਵਿਚ ਜਾਰੀ ਹੈ, ਜਿਸ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਕਈ ਪ੍ਰਮੁੱਖ ਟ੍ਰੇਨਾਂ ਘੰਟਿਆਬੱਧੀ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਢ ਦੇ ਇਸ ਦੌਰ ਵਿਚ ਟ੍ਰੇਨਾਂ ਦੀ ਲੇਟ-ਲਤੀਫੀ ਨੇ ਯਾਤਰਾ ਕਰਨ ਵਾਲਿਆਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।
ਕਈ ਟ੍ਰੇਨਾਂ ਆਪਣੇ ਤੈਅ ਸਮੇਂ ਤੋਂ 4 ਤੋਂ 6 ਘੰਟੇ ਤਕ ਦੇਰੀ ਨਾਲ ਚੱਲ ਰਹੀਆਂ ਹਨ, ਜਦਕਿ ਕੁਝ ਟ੍ਰੇਨਾਂ ਨੂੰ 8 ਘੰਟੇ ਦੀ ਦੇਰੀ ਨਾਲ ਚੱਲਦੇ ਹੋਏ ਦੇਖਿਆ ਜਾ ਰਿਹਾ ਹੈ। ਖਾਸ ਕਰ ਕੇ ਉੱਤਰ ਭਾਰਤ ਦੇ ਇਲਾਕਿਆਂ ਵਿਚ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਰ ਕੇ ਰੇਲਵੇ ਪ੍ਰਸ਼ਾਸਨ ਨੂੰ ਸੁਰੱਖਿਆ ਦੇ ਮੱਦੇਨਜ਼ਰ ਟ੍ਰੇਨਾਂ ਦੀ ਰਫਤਾਰ ਘੱਟ ਕਰਨੀ ਪਈ ਹੈ। ਇਸ ਕਾਰਨ ਯਾਤਰੀਆਂ ਨੂੰ ਠੰਢ ਅਤੇ ਪ੍ਰੇਸ਼ਾਨੀ ਦੇ ਦੋਹਰੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੇਰੀ ਦੇ ਸਿਲਸਿਲੇ ਵਿਚ ਤਿਰੂਪਤੀ ਤੋਂ ਜੰਮੂਤਵੀ ਵਿਚਕਾਰ ਚੱਲਣ ਵਾਲੀ 22705 ਹਮਸਫਰ ਐਕਸਪ੍ਰੈੱਸ ਲੱਗਭਗ 8 ਘੰਟੇ ਦੀ ਦੇਰੀ ਨਾਲ ਸਪਾਟ ਹੋਈ, ਜਿਸ ਕਾਰਨ ਹਮਸਫਰ ਦਾ ਸਫਰ ਮੁਸ਼ਕਲਾਂ ਭਰਿਆ ਰਿਹਾ। ਇਸੇ ਤਰ੍ਹਾਂ ਨਾਲ ਰਾਏਪੁਰ ਤੋਂ ਚੱਲਣ ਵਾਲੀ ਦੁਰਗ ਐਕਸਪ੍ਰੈੱਸ 20847 ਲੱਗਭਗ 8 ਘੰਟੇ ਲੇਟ ਰਹੀ ਅਤੇ ਆਪਣੇ ਤੈਅ ਸਮੇਂ 1.30 ਦੀ ਥਾਂ ’ਤੇ 9.30 ਵਜੇ ਦੇ ਲੱਗਭਗ ਕੈਂਟ ਪਹੁੰਚੀ।
ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਬੇਹੱਦ ਮੰਦਭਾਗੀ ਖ਼ਬਰ, ਦੋਸਤ ਦੀ B'Day ਪਾਰਟੀ 'ਤੇ ਜਾ ਰਹੇ 2 ਮੁੰਡਿਆਂ ਦੀ ਹੋਈ ਦਰਦਨਾਕ ਮੌ/ਤ
ਉਥੇ ਹੀ, ਰਾਤ 9.26 ’ਤੇ ਸਿਟੀ ਸਟੇਸ਼ਨ ਪਹੁੰਚਣ ਵਾਲੀ 12013 ਅੰਮ੍ਰਿਤਸਰ ਸ਼ਤਾਬਦੀ ਲੱਗਭਗ ਅੱਧੇ ਘੰਟੇ ਦੀ ਦੇਰੀ ਨਾਲ ਰਾਤ ਪੌਣੇ 10 ਵਜੇ ਤੋਂ ਬਾਅਦ ਸਿਟੀ ਸਟੇਸ਼ਨ ’ਤੇ ਪਹੁੰਚੀ। ਇਸੇ ਤਰ੍ਹਾਂ ਨਾਲ 12715 ਸੱਚਖੰਡ ਐਕਸਪ੍ਰੈੱਸ ਲੱਗਭਗ ਢਾਈ ਘੰਟੇ ਦੀ ਦੇਰੀ ਨਾਲ ਸਪਾਟ ਹੋਈ।
ਜੰਮੂਤਵੀ ਤੋਂ ਚੱਲਣ ਵਾਲੀ ਗਰੀਬ ਰੱਥ ਸਪੈਸ਼ਲ 03310 ਦੁਪਹਿਰ 3.40 ਦੇ ਆਪਣੇ ਤੈਅ ਸਮੇਂ ਤੋਂ 5 ਘੰਟੇ ਲੇਟ ਰਹਿੰਦੇ ਹੋਏ ਰਾਤ 8.52 ’ਤੇ ਕੈਂਟ ਸਟੇਸ਼ਨ ਪੁੱਜੀ। ਮਾਲਵਾ ਐਕਸਪ੍ਰੈੱਸ 12919 ਸਾਢੇ 10 ਤੋਂ ਇਕ ਘੰਟਾ ਲੇਟ ਰਹਿੰਦੇ ਹੋਏ ਸਾਢੇ 11 ਤੋਂ ਬਾਅਦ ਕੈਂਟ ਪੁੱਜੀ। ਸ਼ਹੀਦ ਐਕਸਪ੍ਰੈੱਸ 14673 ਢਾਈ ਘੰਟਾ ਲੇਟ ਰਹੀ ਅਤੇ ਆਪਣੇ ਤੈਅ ਸਮੇਂ 3.09 ਦੀ ਥਾਂ 5.44 ਵਜੇ ਪੁੱਜੀ।
ਸਰਬੱਤ ਦਾ ਭਲਾ 22479 ਲੱਗਭਗ ਸਵਾ ਘੰਟੇ ਦੀ ਦੇਰੀ ਨਾਲ ਪੁੱਜੀ। ਅਕਾਲ ਤਖਤ ਐਕਸਪ੍ਰੈੱਸ 12317 ਲੱਗਭਗ ਇਕ ਘੰਟੇ ਦੀ ਦੇਰੀ ਨਾਲ ਸਪਾਟ ਹੋਈ। ਕਰਮਭੂਮੀ ਸੁਪਰਫਾਸਟ ਸ਼ਾਮ 4 ਵਜੇ ਤੋਂ ਇਕ ਘੰਟਾ ਲੇਟ ਰਹੀ। ਫਿਰੋਜ਼ਪੁਰ ਤੋਂ ਚੱਲਣ ਵਾਲੀ ਲੋਕਲ 04634 ਲੱਗਭਗ ਪੌਣਾ ਘੰਟਾ ਲੇਟ ਰਹਿੰਦੇ ਹੋਏ ਸਿਟੀ ਸਟੇਸ਼ਨ ’ਤੇ ਪੁੱਜੀ।
ਇਹ ਵੀ ਪੜ੍ਹੋ- ''12 ਘੰਟਿਆਂ 'ਚ ਦੇ 75 ਲੱਖ, ਨਹੀਂ ਤਾਂ ਕੱਟ ਦਿਆਂਗੇ ਉੱਪਰ ਦੀ ਟਿਕਟ...''
ਰਾਤ ਸਮੇਂ ਖਾਲੀ ਨਜ਼ਰ ਆ ਰਹੇ ਹਾਈਵੇ
ਸ਼ਹਿਰ ਤੋਂ ਬਾਹਰ ਦੀਆਂ ਮੁੱਖ ਸੜਕਾਂ ’ਤੇ ਰਾਤ ਦੇ ਸਮੇਂ ਟ੍ਰੈਫਿਕ ਨਾਂਹ ਦੇ ਬਰਾਬਰ ਦੇਖਣ ਨੂੰ ਮਿਲ ਰਹੀ ਹੈ। ਦੋਪਹੀਆ ਵਾਹਨ ਚਾਲਕ ਰਾਤ ਸਮੇਂ ਸਿਰਫ ਜ਼ਰੂਰੀ ਹੋਣ ’ਤੇ ਹੀ ਬਾਹਰ ਜਾ ਰਹੇ ਹਨ, ਜਿਸ ਕਾਰਨ ਸਿਰਫ ਚੌਪਹੀਆ ਵਾਹਨ ਹੀ ਦੇਖਣ ਨੂੰ ਮਿਲ ਰਹੇ ਹਨ। ਉਥੇ ਹੀ, ਰਾਤ ਸਮੇਂ ਧੁੰਦ ਪੈਣ ਦੇ ਆਸਾਰ ਬਣੇ ਹੋਏ ਹਨ, ਜਿਸ ਕਾਰਨ ਲੋਕ ਸਫਰ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਆਉਣ ਵਾਲੇ ਕੁਝ ਦਿਨਾਂ ਵਿਚ ਸੜਕਾਂ ’ਤੇ ਰਾਤ 9 ਵਜੇ ਤੋਂ ਬਾਅਦ ਚਹਿਲ-ਪਹਿਲ ਘੱਟ ਹੁੰਦੀ ਦੇਖਣ ਨੂੰ ਮਿਲੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e