ਚਾਲਾਨ ਸਮੇਂ ਲੋਕਾਂ ਦੇ ਡਾਕੂਮੈਂਟਸ ਨੂੰ ਛੱਲੀ ਕਰ ਰਹੇ ''ਟ੍ਰੈਫਿਕ ਮੁਲਾਜ਼ਮ''
Thursday, Nov 28, 2019 - 01:17 PM (IST)

ਲੁਧਿਆਣਾ (ਸੁਰਿੰਦਰ ਸੰਨੀ) : ਸ਼ਹਿਰ ਦੇ ਲੋਕਾਂ ਵੱਲੋਂ ਆਰ. ਟੀ. ਏ. ਆਫਿਸ 'ਚ ਕਈ ਚੱਕਰ ਲਾਉਣ ਤੋਂ ਬਾਅਦ ਬਣਵਾਏ ਗਏ ਡ੍ਰਾਈਵਿੰਗ ਲਾਈਸੈਂਸ ਅਤੇ ਆਰ. ਸੀ. ਨੂੰ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਉਨ੍ਹਾਂ ਕੋਲ ਆਉਣ 'ਤੇ ਛੱਲੀ ਕਰ ਰਹੇ ਹਨ। ਗੱਲ ਕਰ ਰਹੇ ਹਾਂ ਵਾਹਨ ਚਾਲਕਾਂ ਦੇ ਚਾਲਾਨ ਸਮੇਂ ਜ਼ਬਤ ਕੀਤੇ ਗਏ ਉਨ੍ਹਾਂ ਦੇ ਆਰ. ਸੀ. ਅਤੇ ਡ੍ਰਾਈਵਿੰਗ ਲਾਈਸੈਂਸ 'ਤੇ ਸਟੈਪਲਰ ਪਿਨ ਲਾਉਣ ਦੀ। ਟ੍ਰੈਫਿਕ ਪੁਲਸ ਦੇ ਕਈ ਲਾਪ੍ਰਵਾਹ ਮੁਲਾਜ਼ਮ ਵਾਹਨ ਚਾਲਕਾਂ ਦੇ ਚਾਲਾਨ ਕਰਦੇ ਸਮੇਂ ਉਨ੍ਹਾਂ ਦੇ ਆਰ. ਸੀ. ਜਾਂ ਡੀ. ਐੱਲ. ਦੇ ਚਿਪ ਉੱਪਰ ਹੀ ਸਟੈਪਲਰ ਪਿਨ ਲਾ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਡਾਕੂਮੈਂਟਸ ਭਵਿੱਖ ਲਈ ਖਰਾਬ ਹੋ ਜਾਂਦੇ ਹਨ ਅਤੇ ਕਾਰਡ ਰੀਡਰ ਵਿਚ ਰੀਡ ਨਹੀਂ ਹੋ ਸਕਣਗੇ। ਅਜਿਹੇ ਹੀ ਦੋ ਦਸਤਾਵੇਜ਼ 'ਜਗ ਬਾਣੀ' ਕੋਲ ਵੀ ਪੁੱਜੇ ਹਨ, ਜਿਨ੍ਹਾਂ ਵਿਚ ਟ੍ਰੈਫਿਕ ਮੁਲਾਜ਼ਮਾਂ ਨੇ ਉਨ੍ਹਾਂ ਦੀ ਚਿਪ ਦੇ ਉੱਪਰ ਹੀ ਪਿਨ ਠੋਕ ਦਿੱਤੀ। ਦੋਵਾਂ ਦੇ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਵਿਚ ਓਵਰਸਪੀਡ ਕਾਰਨ ਲੁਧਿਆਣਾ ਵਿਚ ਚਾਲਾਨ ਹੋਏ ਸਨ।
ਸ਼ਹਿਰ ਵਿਚ ਰੋਜ਼ਾਨਾ ਹੋਣ ਵਾਲੇ ਚਾਲਾਨਾਂ ਦੀ ਗੱਲ ਕਰੀਏ ਤਾਂ ਟ੍ਰੈਫਿਕ ਪੁਲਸ ਵੱਲੋਂ ਹਰ ਰੋਜ਼ ਤਿੰਨ ਸੌ ਤੋਂ ਚਾਰ ਸੌ ਵਾਹਨ ਚਾਲਕਾਂ ਦੇ ਕਰਕੇ ਆਰ. ਟੀ. ਏ. ਆਫਿਸ ਜਾਂ ਅਦਾਲਤ ਵਿਚ ਭੁਗਤਾਨ ਦੇ ਲਈ ਭੇਜੇ ਜਾਂਦੇ ਹਨ। ਕਈ ਮੁਲਾਜ਼ਮਾਂ ਵੱਲੋਂ ਵਾਹਨ ਚਾਲਕ ਦੇ ਜ਼ਬਤ ਕੀਤੇ ਗਏ ਆਰ. ਸੀ. ਜਾ ਡੀ. ਐੱਲ. ਨੂੰ ਚਾਲਾਨ ਚਿਪ ਦੇ ਨਾਲ ਸਟੈਪਲ ਕਰ ਕੇ ਪਿਨ ਠੋਕ ਦਿੱਤੀ ਜਾਂਦੀ ਹੈ। ਹਾਲਾਂਕਿ ਟ੍ਰੈਫਿਕ ਪੁਲਸ ਦੇ ਕਈ ਮੁਲਾਜ਼ਮ ਜ਼ਬਤ ਆਰ.ਸੀ. ਜਾਂ ਡੀ.ਐੱਲ. ਨੂੰ ਛੋਟੇ ਪਲਾਸਟਿਕ ਦੇ ਲਿਫਾਫੇ ਵਿਚ ਜਾਂ ਸੈਲੋ ਟੇਪ ਦੇ ਨਾਲ ਚਿਪਕਾ ਕੇ ਆਪਣੇ ਦਫਤਰ ਨੂੰ ਜਮ੍ਹਾ ਕਰਵਾਉਂਦੇ ਹਲ ਪਰ ਕਈ ਮੁਲਾਜ਼ਮ ਅਜੇ ਵੀ ਲਾਪਰਵਾਹੀ ਵਾਲਾ ਰਵੱਈਆ ਛੱਡਣ ਲਈ ਤਿਆਰ ਨਹੀਂ ਹਨ। ਸਮਾਰਟ ਕਾਰਡ ਵਜੋਂ ਬਣੀ ਆਰ. ਸੀ. ਜਾਂ ਡੀ. ਐੱਲ. ਦੀ ਚਿਪ 'ਤੇ ਜੇਕਰ ਪਿਨ ਲਾ ਦਿੱਤੀ ਜਾਵੇ ਤਾਂ ਉਹ ਕਿਸੇ ਕੰਮ ਦੀ ਨਹੀਂ ਰਹਿੰਦੀ। ਚਿਪ 'ਤੇ ਪਿਨ ਲਗਾਉਣ ਤੋਂ ਬਾਅਦ ਉਸ ਨੂੰ ਕਿਸੇ ਕਾਰਡ ਰੀਡਰ ਵਿਚ ਰੀਡ ਨਹੀਂ ਕੀਤਾ ਜਾ ਸਕਦਾ ਪਰ ਇਸ ਦੇ ਉਲਟ ਟ੍ਰੈਫਿਕ ਪੁਲਸ ਦੇ ਕੁਝ ਮੁਲਾਜ਼ਮਾਂ ਵੱਲੋਂ ਇਹ ਪ੍ਰਥਾ ਲਗਾਤਾਰ ਜਾਰੀ ਹੈ।
ਹੋਰਨਾ ਸੂਬਿਆਂ ਵਿਚ ਪੇਸ਼ ਆ ਰਹੀ ਸਮੱਸਿਆ
ਟ੍ਰੈਫਿਕ ਪੁਲਸ ਵੱਲੋਂ ਜਿਨ੍ਹਾਂ ਆਰ. ਸੀ. ਅਤੇ ਡੀ. ਐੱਲ. ਦੇ ਉੱਪਰ ਸਟੈਪਲਰ ਪਿਨ ਲਾ ਦਿੱਤੀ ਜਾਂਦੀ ਹੈ, ਉਨ੍ਹਾਂ ਚਾਲਕਾਂ ਨੂੰ ਹੋਰਨਾ ਸੂਬਿਆਂ ਵਿਚ ਜਾ ਕੇ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਚਿਪ 'ਤੇ ਅਧਾਰਤ ਡੀ. ਐੱਲ. ਜਾ ਆਰ. ਸੀ. ਨੂੰ ਕਾਰਡ ਰੀਡਰ ਵਿਚ ਪਾਉਣ 'ਤੇ ਚਾਲਕ ਅਤੇ ਵਾਹਨ ਦੀ ਪੂਰੀ ਜਾਣਕਾਰੀ ਪੁਲਸ ਦੇ ਸਾਹਮਣੇ ਆਉਣ ਦੇ ਨਾਲ ਹੀ ਚਾਲਕ ਵੱਲੋਂ ਬੀਤੇ ਸਮੇਂ ਤੋੜੇ ਗਏ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਵੀ ਪਤਾ ਲਗਦੀ ਹੈ। ਪੰਜਾਬ ਵਿਚ ਟ੍ਰੈਫਿਕ ਪੁਲਸ ਜਾਂ ਟ੍ਰਾਂਸਪੋਰਟ ਵਿਭਾਗ ਦੇ ਕੋਲ ਸਮਾਰਟ ਕਾਰਡ ਰੀਡ ਕਰਨ ਵਾਲੇ ਕਾਰਡ ਰੀਡਰ ਜਾਂ ਈ-ਪਾਸ ਮਸ਼ੀਨਾਂ ਨਹੀਂ ਹਨ ਪਰ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਜਾਣ 'ਤੇ ਜੇਕਰ ਅਜਿਹੇ ਕਿਸੇ ਚਾਲਕ ਨੂੰ ਰੋਕਿਆ ਗਿਆ ਜਿਸ ਦੇ ਸਮਾਰਟ ਕਾਰਡ ਦੀ ਚਿਪ 'ਤੇ ਪਿਨ ਲੱਗੀ ਸੀ ਤਾਂ ਉਕਤ ਚਿਪ ਨੂੰ ਰੀਡ ਨਹੀਂ ਕੀਤਾ ਜਾ ਸਕੇਗਾ। ਅਜਿਹੇ ਵਿਚ ਚਾਲਕ ਦਾ ਚਾਲਾਨ ਹੋ ਸਕਦਾ ਹੈ।
ਆਰ.ਟੀ.ਏ. ਦਫਤਰ ਦੇ ਨਾਲ ਝਗੜ ਰਹੇ ਲੋਕ
ਚਾਲਾਨ ਭੁਗਤਣ ਦੇ ਲਈ ਆਰ.ਟੀ.ਏ. ਦਫਤਰ ਆਉਣ ਵਾਲੇ ਲੋਕਾਂ ਦਾ ਪੰਗਾ ਉੱਥੋਂ ਦੇ ਸਟਾਫ ਦੇ ਨਾਲ ਪੈ ਜਾਂਦਾ ਹੈ। ਚਾਲਾਨ ਭੁਗਤਣ ਤੋਂ ਬਾਅਦ ਜਦੋਂ ਲੋਕਾਂ ਨੂੰ ਉਨ੍ਹਾਂ ਦੇ ਆਰ.ਸੀ. ਜਾਂ ਡੀ.ਐੱਲ. ਮਿਲਦੇ ਹਨ ਤਾਂ ਉਸ 'ਤੇ ਇਸ ਤਰ੍ਹਾਂ ਸਟੈਪਲ ਪਿਨ ਲਗਾਏ ਹੁੰਦੇ ਹਨ ਜੋ ਅਸਾਨੀ ਨਾਲ ਉਤਰਦੇ ਨਹੀਂ ਜਾਂ ਕਈ ਵਾਰ ਸਮਾਰਟ ਕਾਰਡ ਵਾਲੀ ਆਰ.ਸੀ. ਜਾਂ ਡੀ.ਐੱਲ. ਟੁੱਟਣ ਦਾ ਡਰ ਰਹਿੰਦਾ ਹੈ। ਅਜਿਹੇ ਵਿਚ ਲੋਕ ਆਰ.ਟੀ.ਏ. ਆਫਿਸ ਦੇ ਸਟਾਫ ਨਾਲ ਝਗੜਾ ਕਰਦੇ ਹਨ।
ਬੁਲਾਵਾਂਗੇ ਸਪੈਸ਼ਲ ਮੀਟਿੰਗ : ਡੀ. ਸੀ. ਪੀ. ਟ੍ਰੈਫਿਕ
ਇਸ ਸਬੰਧੀ ਡੀ. ਸੀ. ਪੀ. ਟ੍ਰੈਫਿਕ ਸੁਖਪਾਲ ਸਿੰਘ ਬਰਾੜ ਦਾ ਕਹਿਣਾ ਹੇ ਕਿ ਪੁਲਸ ਲੋਕਾਂ ਦੀ ਸ ਹੂਲਤ ਲਈ ਹੀ ਪਿਨ ਲਗਾਉਂਦੀ ਹੋਵੇਗੀ ਕਿ ਕਿਤੇ ਡਾਕੂਮੈਂਟਸ ਗੁੰਮ ਨਾ ਹੋ ਜਾਵੇ। ਜੇਕਰ ਪਿਨ ਲਗਾਉਣ ਕਾਰਨ ਡਾਕੂਮੈਂਟਸ ਖਰਾਬ ਹੋ ਰਹੇ ਹਨ ਤਾਂ ਜਲਦ ਸਾਰੇ ਟ੍ਰੈਫਿਕ ਮੁਲਾਜ਼ਮਾਂ ਦੀ ਬੈਠਕ ਬੁਲਾ ਕੇ ਉਨ੍ਹਾਂ ਨੂੰ ਜਾਗਰੂਕ ਕਰਨਗੇ ਕਿ ਚਾਲਾਨ ਸਮੇਂ ਲੋਕਾਂ ਦੇ ਜ਼ਬਤ ਡਾਕੂਮੈਂਟਸ 'ਤੇ ਪਿੰਨ ਨਾ ਲਗਾ ਕੇ ਕੋਈ ਦੂਜਾ ਬਦਲ ਚੁਣਨ।