ਜਲੰਧਰ ਸ਼ਹਿਰ ’ਚ ਚੰਡੀਗੜ੍ਹ ਪੈਟਰਨ ਲਾਗੂ ਕਰਨ ਬਾਰੇ ਵਿਚਾਰ ਕਰ ਰਹੀ ਟਰੈਫਿਕ ਪੁਲਸ

04/23/2022 6:24:46 PM

ਜਲੰਧਰ (ਵਰੁਣ)-ਸ਼ਹਿਰ ’ਚ ਚੰਡੀਗੜ੍ਹ ਪੈਟਰਨ ’ਤੇ ਟਰੈਫਿਕ ਵਿਵਸਥਾ ਨੂੰ ਲਾਗੂ ਕਰਨ ਦੀ ਵਿਉਂਤਬੰਦੀ ਚੱਲ ਰਹੀ ਹੈ। ਹਾਲ ਹੀ ਵਿਚ ਸੀ. ਪੀ. ਨੇ ਟਰੈਫਿਕ ਪੁਲਸ ਨੂੰ ਜਾਮ ਲੱਗਣ ਦੇ ਪੁਆਇੰਟਾਂ, ਕਾਰਨਾਂ ਅਤੇ ਸੁਝਾਵਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ, ਜੋਕਿ ਟ੍ਰੈਫਿਕ ਪੁਲਸ ਨੇ ਤਿਆਰ ਕਰਕੇ ਸੀ. ਪੀ. ਨੂੰ ਸੌਂਪ ਦਿੱਤਾ ਹੈ। ਸੂਚੀ ਵਿਚ ਜਾਮ ਦਾ ਕਾਰਨ ਨਾਜਾਇਜ਼ ਕਬਜ਼ੇ, ਨਾਜਾਇਜ਼ ਪਾਰਕਿੰਗ, ਗਲਤ ਤਰੀਕੇ ਨਾਲ ਪਾਰਕ ਕੀਤੇ ਵਾਹਨ, ਟੁੱਟੀਆਂ ਸੜਕਾਂ, ਭਾਰੀ ਵਾਹਨਾਂ ਦੀ ਆਵਾਜਾਈ ਨੂੰ ਦੱਸਿਆ ਗਿਆ ਹੈ। ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਕੇ ਨਿਗਮ ਨਾਲ ਤਾਲਮੇਲ ਵਧਾ ਕੇ ਕਬਜ਼ੇ ਹਟਾਉਣ ਦੇ ਸੁਝਾਅ ਦਿੱਤੇ ਗਏ ਹਨ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ।

ਸਰਵੇ ਕਰਕੇ ਟਰੈਫਿਕ ਪੁਲਸ ਦੀ ਤਿਆਰ ਕੀਤੀ ਗਈ ਸੂਚੀ ਵਿਚ ਲਿਖਿਆ ਗਿਆ ਸੀ ਕਿ ਬੀ. ਐੱਸ. ਐੱਫ. ਚੌਕ ’ਤੇ ਬੱਸੇ ਅੱਡੇ ਤੋਂ ਪੀ. ਏ. ਪੀ. ਚੌਂਕ ਤੱਕ ਆਉਣ ਵਾਲੇ ਵਾਹਨਾਂ ਦੇ ਤੇਜ਼ ਫਲੋਅ ਕਾਰਨ ਜਾਮ ਲੱਗ ਜਾਂਦਾ ਹੈ। ਸੁਝਾਅ ਵਿਚ ਕਿਹਾ ਗਿਆ ਕਿ ਇਸ ਦੇ ਸਥਾਈ ਹੱਲ ਲਈ ਪੀ. ਏ. ਪੀ. ਚੌਕ ਤੋਂ ਬੀ. ਐੱਸ. ਐੱਫ. ਚੌਕ ਤੱਕ ਦੋਵੇਂ ਪਾਸੇ ਨਵੀਂ ਲੇਨ ਬਣਾਈ ਜਾਵੇ। ਆਰਮੀ ਕੈਂਪਸ ਦੇ ਬਾਹਰਲੇ ਪਾਸੇ ਖੜ੍ਹੀਆਂ ਬੱਸਾਂ ਵੀ ਟਰੈਫਿਕ ਜਾਮ ਦਾ ਕਾਰਨ ਬਣਦੀਆਂ ਹਨ। ਇਸ ਤੋਂ ਇਲਾਵਾ ਰਾਮਾ ਮੰਡੀ-ਹੁਸ਼ਿਆਰਪੁਰ ਰੋਡ 4 ਲੇਨ ਹੈ ਜਦਕਿ ਰਾਮਾ ਮੰਡੀ ਚੌਕ ਵਿਖੇ ਰੇਲਵੇ ਓਵਰਬ੍ਰਿਜ 2 ਲੇਨ ਹੈ। ਇਸ ਕਾਰਨ ਓਵਰਬ੍ਰਿਜ ’ਤੇ ਜਾਮ ਲੱਗਦਾ ਹੈ। ਸੁਝਾਅ ਦਿੱਤਾ ਕਿ ਏ. ਡੀ. ਜੀ. ਪੀ. ਪੀ. ਏ. ਪੀ. ਨੂੰ ਪੱਤਰ ਲਿਖ ਕੇ ਰੌਂਗ ਸਾਈਡ ’ਤੇ ਜਾਣ ਦੀ ਪਾਬੰਦੀ ਲਗਾਈ ਜਾਵੇ। ਐਲੀਮੈਂਟਰੀ ਸਕੂਲ ਦੇ ਸਾਹਮਣਿਓਂ ਕਬਜ਼ੇ ਹਟਾ ਕੇ ਸਲੀਪ ਰੋਡ ਨੂੰ ਖਾਲੀ ਕਰਵਾਇਆ ਜਾਵੇ। ਇਹ ਵੀ ਕਿਹਾ ਗਿਆ ਕਿ ਰੇਲਵੇ ਓਵਰਬ੍ਰਿਜ ਨੂੰ ਚਾਰ ਮਾਰਗੀ ਬਣਾਇਆ ਜਾਵੇ। ਚੁਗਿੱਟੀ ਚੌਂਕ ’ਤੇ ਨੈਸ਼ਨਲ ਹਾਈਵੇਅ ’ਤੇ ਵੱਡੇ ਵਾਹਨਾਂ ਦੇ ਪਲਟਣ ਜਾਂ ਖ਼ਰਾਬ ਹੋਣ ਕਾਰਨ ਜਾਮ ਲੱਗ ਜਾਂਦਾ ਹੈ। ਪ੍ਰਾਈਵੇਟ ਕਰੇਨ ਲੈਣ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ। ਅਜਿਹੇ ’ਚ ਚੌਂਕ ’ਤੇ ਹੀ 24 ਘੰਟੇ ਇਕ ਕਰੇਨ ਖੜ੍ਹੀ ਕੀਤੀ ਜਾਵੇ ਤਾਂ ਜੋ ਵਾਹਨ ਨੂੰ ਤੁਰੰਤ ਹਟਾਇਆ ਜਾ ਸਕੇ।

ਇਹ ਵੀ ਪੜ੍ਹੋ: ਕੋਰੋਨਾ ਦਾ ਖ਼ੌਫ਼, ਜਲੰਧਰ ’ਚ ਡੇਢ ਮਹੀਨੇ ਬਾਅਦ ਇਹ ਨਗਰ ਮੁੜ ਐਲਾਨਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ

ਲੰਮਾ ਪਿੰਡ ਚੌਂਕ ਲਾਈਟਾਂ ਬੰਦ ਹੋਣ ਕਾਰਨ ਜਾਮ ਲੱਗਾ ਰਹਿੰਦਾ ਹੈ, ਲਾਈਟ ਰਿਪੇਅਰ ਕੀਤੀ ਜਾ ਸਕਦੀ ਹੈ। ਪਠਾਨਕੋਟ ਚੌਂਕ ਤੋਂ ਲੰਮਾ ਪਿੰਡ ਚੌਂਕ ਨੂੰ ਆਉਣ ਵਾਲੀ ਟਰੈਫਿਕ ਦਾ ਵਹਾਅ ਜ਼ਿਆਦਾ ਰਹਿੰਦਾ ਹੈ, ਜਿਸ ਕਾਰਨ ਸ਼ਹਿਰ ਨੂੰ ਜਾਣ ਵਾਲੀ ਸੜਕ ਜਾਮ ਰਹਿੰਦੀ ਹੈ। ਇਸ ਲਈ ਤਿੰਨ ਮਾਰਗੀ ਸਰਵਿਸ ਲੇਨ ਦੀ ਲੋੜ ਹੈ। ਵਾਈ. ਪੁਆਇੰਟ ਭਗਤ ਸਿੰਘ ਕਾਲੋਨੀ ਅਤੇ ਮਕਸੂਦ ਫਲਾਈਓਵਰ ’ਤੇ ਭਾਰੀ ਆਵਾਜਾਈ ਕਾਰਨ ਵੇਰਕਾ ਮਿਲਕ ਪਲਾਂਟ ਚੌਕ ਤੋਂ ਲੋਕ ਗਲਤ ਦਿਸ਼ਾ ਵੱਲ ਗੱਡੀ ਚਲਾਉਂਦੇ ਹਨ, ਜਿਸ ਕਾਰਨ ਟਰੈਫਿਕ ਜਾਮ ਵੀ ਹੋ ਜਾਂਦਾ ਹੈ। ਇਹ ਸੁਝਾਅ ਦਿੱਤਾ ਗਿਆ ਸੀ ਕਿ ਫਲਾਈਓਵਰ ਦੇ ਸਾਹਮਣੇ ਨੈਸ਼ਨਲ ਹਾਈਵੇਅ ’ਤੇ ਵੱਡਾ ਅੰਡਰਪਾਸ ਬਣਾਇਆ ਜਾਵੇ। ਵੇਰਕਾ ਮਿਲਕ ਪਲਾਂਟ ਵਿਖੇ ਅੰਡਰਪਾਸ ਦੀ ਚੌੜਾਈ ਘੱਟ ਹੋਣ ਕਾਰਨ ਸਮੇਂ-ਸਮੇਂ ’ਤੇ ਜਾਮ ਲੱਗ ਜਾਂਦਾ ਹੈ। ਅਜਿਹੇ ਵਿਚ ਅੰਡਰਪਾਸ ਦੀ ਚੌੜਾਈ ਵਧਾਈ ਜਾਵੇ। ਰੇਲਵੇ ਸਟੇਸ਼ਨ ਦੇ ਬਾਹਰ ਦਿਨ ਵੇਲੇ ਜਾਮ ਲੱਗਾ ਰਹਿੰਦਾ ਹੈ। ਇਹ ਸੁਝਾਅ ਦਿੱਤਾ ਗਿਆ ਸੀ ਕਿ ਸਟੇਸ਼ਨ ਦੇ ਸਾਹਮਣੇ ਇਕ ਰਸਤਾ ਬਣਾਇਆ ਜਾਵੇ ਅਤੇ ਆਟੋ ਸਟੈਂਡ ਤਿਆਰ ਕੀਤਾ ਜਾਵੇ।

ਇਹ ਵੀ ਪੜ੍ਹੋ: ਕਪੂਰਥਲਾ: 7 ਸਾਲਾ ਬੱਚੇ ਦੀ ਮਾਂ ਨੂੰ 19 ਸਾਲਾ ਮੁੰਡੇ ਨਾਲ ਹੋਇਆ ਪਿਆਰ, ਦੋਹਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਇਸ ਤੋਂ ਇਲਾਵਾ ਬੱਸ ਸਟੈਂਡ ਰੋਡ, ਸਤਲੁਜ ਚੌਂਕ, ਚੁੰਨਮੁਨ ਚੌਕ, ਗੁਰੂ ਰਵਿਦਾਸ ਚੌਂਕ ’ਚ ਵੀ ਜਾਮ ਰਹਿੰਦਾ ਹੈ। ਇਹ ਸੁਝਾਅ ਦਿੱਤਾ ਗਿਆ ਕਿ ਸੜਕਾਂ ਤੋਂ ਕਬਜ਼ਿਆਂ ਨੂੰ ਹਟਾ ਕੇ ਉਥੇ ਟਰੈਫਿਕ ਕਰਮਚਾਰੀ ਤਾਇਨਾਤ ਕੀਤੇ ਜਾਣ। ਜ਼ੋਨ-3 ਵਿਚ ਵਰਕਸ਼ਾਪ ਚੌਂਕ ਵਿੱਚ ਲੱਗੇ ਜਾਮ ਦਾ ਕਾਰਨ ਪਟੇਲ ਚੌਕ ਤੋਂ ਲੈ ਕੇ ਵਰਕਸ਼ਾਪ ਚੌਕ ਤੱਕ ਦੇ ਇਲਾਕੇ ਵਿਚ ਟਰਾਂਸਪੋਰਟਰਾਂ ਦੀਆਂ ਦੁਕਾਨਾਂ ਅਤੇ ਦਫ਼ਤਰ ਹਨ। ਕਪੂਰਥਲਾ ਤੋਂ ਅੰਮ੍ਰਿਤਸਰ ਦਿੱਲੀ ਹਾਈਵੇ ਨੂੰ ਜਾਣ ਵਾਲਾ ਟਰੈਫਿਕ ਵੀ ਇਸੇ ਚੌਕ ਦੀ ਵਰਤੋਂ ਕਰਦਾ ਹੈ। ਦਾਣਾ ਮੰਡੀ ਅਤੇ ਐੱਫ਼. ਸੀ. ਆਈ. ਗੋਦਾਮਾਂ ’ਚ ਆਉਣ ਵਾਲੀ ਟਰੈਫਿਕ, ਕਪੂਰਥਲਾ ਚੌਂਕ ਤੋਂ ਵਰਕਸ਼ਾਪ ਚੌਂਕ ਨੂੰ ਗੁਲਾਬ ਦੇਵੀ ਰੋਡ ਤੋਂ ਰਾਂਗ ਸਾਈਡ ਜਾਣ ਵਾਲੀ ਟਰੈਫਿਕ ਨੂੰ ਵੀ ਜਾਮ ਦਾ ਕਾਰਨ ਦੱਸਿਆ ਗਿਆ ਹੈ। ਇਹ ਸੁਝਾਅ ਦਿੱਤਾ ਗਿਆ ਕਿ ਰਸੂਖ ਰੱਖਣ ਵਾਲੇ ਲੋਕ ਗਾਈਡ ਲਾਈਨਾਂ ਦੀ ਪਾਲਣਾ ਨਹੀਂ ਕਰਦੇ। ਭਾਰੀ ਵਾਹਨਾਂ ਨੂੰ ਸ਼ਹਿਰ ਵਿਚ ਦਾਖਲ ਹੋਣ ਸਮੇਂ ਹੀ ਸਮਾਂ ਤੈਅ ਹੋਵੇ ਅਤੇ ਇਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਗੁਲਾਬ ਦੇਵੀ ਰੋਡ ਤੋਂ ਰਾਂਗ ਸਾਈਡ ਆਉਣ ਵਾਲੀ ਟਰੈਫਿਕ ਲਈ ਸੜਕ ਦੇ ਸਾਹਮਣਿਓਂ ਹੀ ਡਿਵਾਈਡਰ ਹਟਾ ਕੇ ਚੌਂਕ ਬਣਾਇਆ ਜਾਵੇ। ਕਪੂਰਥਲਾ ਚੌਂਕ ਜਲੰਧਰ ਤੋਂ ਸਪੋਰਟਸ ਕਾਲਜ ਨੂੰ ਜਾਂਦੀ ਸੜਕ, ਲੈਦਰ ਕੰਪਲੈਕਸ ਨੂੰ ਜਾਂਦੀ ਸੜਕ ਅਤੇ ਟੈਗੋਰ ਹਸਪਤਾਲ ਨੇੜੇ ਸੜਕ ਵੀ ਟੁੱਟੀ ਹੋਈ ਹੈ। ਇਥੇ ਭਾਰੀ ਵਾਹਨ ਵੀ ਟਰੈਫਿਕ ਜਾਮ ਦਾ ਕਾਰਨ ਬਣਦੇ ਹਨ।

ਇਹ ਵੀ ਪੜ੍ਹੋ: ਸ਼ਰਮਨਾਕ: ਨੂਰਪੁਰ ਬੇਦੀ ਵਿਖੇ ਨਾਬਾਲਗ ਕੁਆਰੀ ਕੁੜੀ ਨੇ ਦਿੱਤਾ ਬੱਚੀ ਨੂੰ ਜਨਮ, ਜਾਂਚ 'ਚ ਜੁਟੀ ਪੁਲਸ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News