ਗੁਰੂਹਰਸਹਾਏ ’ਚ ਟ੍ਰੈਫਿਕ ਦਾ ਬੁਰਾ ਹਾਲ, ਸਵੇਰੇ-ਸ਼ਾਮ ਭਾਰੀ ਜਾਮ ਲੱਗਣ ਕਾਰਨ ਲੋਕ ਪਰੇਸ਼ਾਨ
Friday, Dec 20, 2024 - 11:10 AM (IST)
ਗੁਰੂਹਰਸਹਾਏ (ਸੁਨੀਲ ਵਿੱਕੀ) : ਗੁਰੂਹਰਸਹਾਏ ਸ਼ਹਿਰ ’ਚ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਹੈ। ਇੱਥੇ ਸਵੇਰੇ-ਸ਼ਾਮ ਭਾਰੀ ਜਾਮ ਲੱਗਿਆ ਰਹਿੰਦਾ ਹੈ। ਸ਼ਹਿਰ ਵਾਸੀਆਂ ਅਤੇ ਵੱਖ-ਵੱਖ ਬਾਜ਼ਾਰਾਂ ਦੇ ਦੁਕਾਨਦਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਸ ਵੱਲ ਧਿਆਨ ਦੇਣ ਦੀ ਪੁਰਜ਼ੋਰ ਅਪੀਲ ਅਤੇ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਮੇਨ ਬਾਜ਼ਾਰ, ਮੁਕਤਸਰ ਰੋਡ ਦਾ ਇਹ ਟੀ-ਪੁਆਇੰਟ ਹੋਣ ਕਾਰਨ ਹਰ ਰੋਜ਼ ਇੱਥੇ ਸਵੇਰੇ-ਸ਼ਾਮ ਲੱਗ ਰਹੇ ਭਾਰੀ ਜਾਮ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਦੇ ਮੇਨ ਬਾਜ਼ਾਰ, ਮੁਕਤਸਰ ਰੋਡ ’ਚ ਟ੍ਰੈਫਿਕ ਹਰ ਸਮੇਂ ਜਾਮ ਹੀ ਰਹਿੰਦਾ ਹੈ, ਕਿਉਂਕਿ ਇਨ੍ਹਾਂ ਬਾਜ਼ਾਰਾਂ ’ਚ ਦੁਕਾਨਦਾਰਾਂ ਨੇ ਆਪਣਾ ਸਾਮਾਨ ਦੁਕਾਨਾਂ ਦੇ ਬਾਹਰ ਵੱਡੀ ਗਿਣਤੀ ’ਚ ਰੱਖਿਆ ਹੋਇਆ ਹੈ।
ਇਸ ਕਾਰਨ ਟ੍ਰੈਫਿਕ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਲੋਕਾਂ ਨੂੰ ਆਪਣੇ ਵਾਹਨਾਂ ’ਤੇ ਆਉਣ-ਜਾਣ ’ਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਹੈ ਕਿ ਬਾਜ਼ਾਰਾਂ ’ਚ ਵੱਡੇ ਵਾਹਨਾਂ ਤੇ ਆਉਣ-ਜਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਵੇ। ਸ਼ਹਿਰ ਦੇ ਮੇਨ ਬਾਜ਼ਾਰ ਅਤੇ ਮੁਕਤਸਰ ਰੋਡ ’ਚ ਸਥਿਤ ਕਈ ਦੁਕਾਨਦਾਰਾਂ ਨੇ ਟ੍ਰੈਫਿਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਹਾਂ ਬਾਜ਼ਾਰਾਂ ’ਚ ਪੱਕੇ ਤੌਰ ’ਤੇ ਟ੍ਰੈਫਿਕ ਪੁਲਸ ਦੇ ਅਧਿਕਾਰੀ ਲਾਏ ਜਾਣ, ਤਾਂ ਜੋ ਟ੍ਰੈਫਿਕ ਜਾਮ ਨਾ ਹੋ ਸਕੇ ਤੇ ਸੁਚਾਰੂ ਢੰਗ ਨਾਲ ਚੱਲ ਸਕੇ ਤੇ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।