ਟ੍ਰੈਫਿਕ ''ਚ ਵਿਘਨ ਪਾਉਣ ਵਾਲਿਆਂ ਦੇ ਕੱਟੇ ਚਲਾਨ
Sunday, Jan 07, 2018 - 02:55 AM (IST)

ਬੱਧਨੀ ਕਲਾਂ (ਬੱਬੀ)- ਥਾਣਾ ਬੱਧਨੀ ਕਲਾਂ ਦੀ ਪੁਲਸ ਵੱਲੋਂ ਸ਼ਹਿਰ ਦੇ ਮੇਨ ਬਾਜ਼ਾਰ 'ਚ ਵਾਹਨ ਖੜ੍ਹੇ ਕਰ ਕੇ ਟ੍ਰੈਫਿਕ 'ਚ ਵਿਘਨ ਪਾਉਣ ਵਾਲਿਆਂ ਖਿਲਾਫ ਅੱਜ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਅਧੀਨ ਸਥਾਨਕ ਥਾਣੇ ਦੀ ਪੁਲਸ ਪਾਰਟੀ ਜਿਸ ਦੀ ਅਗਵਾਈ ਇਕ ਸਹਾਇਕ ਥਾਣੇਦਾਰ ਕਰ ਰਹੇ ਸਨ, ਵੱਲੋਂ ਮੇਨ ਬਾਜ਼ਾਰ 'ਚ ਸੜਕ ਉੱਪਰ ਗੱਡੀਆਂ ਖੜ੍ਹੀਆਂ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਇਸ ਕਾਰਵਾਈ ਸਬੰਧੀ ਬੱਧਨੀ ਕਲਾਂ ਥਾਣੇ ਦੀ ਐੱਸ. ਐੱਚ. ਓ. ਇੰਸਪੈਕਟਰ ਭੁਪਿੰਦਰ ਕੌਰ ਨੇ ਕਿਹਾ ਕਿ ਮੇਨ ਬਾਜ਼ਾਰ 'ਚ ਵਾਹਨ ਖੜ੍ਹੇ ਕਰ ਕੇ ਆਵਾਜਾਈ 'ਚ ਵਿਘਨ ਪਾਉਣ ਵਾਲਿਆਂ ਖਿਲਾਫ ਪੁਲਸ ਵੱਲੋਂ ਜੋ ਕਾਰਵਾਈ ਸ਼ੁਰੂ ਕੀਤੀ ਗਈ ਹੈ, ਉਹ ਲਗਾਤਾਰ ਜਾਰੀ ਰਹੇਗੀ। ਇਸ ਤੋਂ ਇਲਾਵਾ ਉਨ੍ਹਾਂ ਮੋਟਰਸਾਈਕਲਾਂ 'ਤੇ ਪਟਾਕੇ ਪਾਉਣ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਵੀ ਸੁਧਰ ਜਾਣ ਨਹੀਂ ਤਾਂ ਪੁਲਸ ਕਾਰਵਾਈ ਕੀਤੀ ਜਾਵੇਗੀ।