ਨੂਰਪੁਰਬੇਦੀ: ਖੇਤਾਂ 'ਚ ਫਸੀ ਕੰਬਾਇਨ ਕੱਢ ਰਹੇ ਨੌਜਵਾਨ ਨੂੰ ਮੌਤ ਨੇ ਪਾਇਆ ਘੇਰਾ, ਘਰ 'ਚ ਵਿਛ ਗਏ ਸੱਥਰ

Friday, Oct 28, 2022 - 04:08 PM (IST)

ਨੂਰਪੁਰਬੇਦੀ (ਭੰਡਾਰੀ)- ਖੇਤਰ ਦੇ ਪਿੰਡ ਟੱਪਰੀਆਂ ਵਿਖੇ ਖੇਤਾਂ ’ਚ ਫਸੀ ਝੋਨੇ ਦੀ ਕਟਾਈ ਲਈ ਲੱਗੀ ਕੰਬਾਇਨ ਮਸ਼ੀਨ ਨੂੰ ਕੱਢਦੇ ਸਮੇਂ ਟੋਚਨ ਟੁੱਟਣ ਕਾਰਨ 2 ਟ੍ਰੈਕਟਰ ਪਲਟ ਗਏ। ਇਕ ਟ੍ਰੈਕਟਰ ਦੇ ਪਲਟਣ ’ਤੇ ਉਸ ਹੇਠਾਂ ਆ ਕੇ ਇਕ ਨੌਜਵਾਨ ਟ੍ਰੈਕਟਰ ਚਾਲਕ ਦੀ ਮੌਤ ਹੋ ਗਈ ਜਦਕਿ ਦੂਜੇ ਟ੍ਰੈਕਟਰ ਦਾ ਚਾਲਕ ਵਾਲ-ਵਾਲ ਬਚ ਗਿਆ। ਚੌਂਕੀ ਹਰੀਪੁਰ ਦੀ ਪੁਲਸ ਨੇ ਇਸ ਮਾਮਲੇ ’ਚ ਕੰਬਾਇਨ ਮਸ਼ੀਨ ਅਤੇ 3 ਟ੍ਰੈਕਟਰ ਚਾਲਕਾਂ ਸਹਿਤ 4 ਵਿਰੁੱਧ ਲਾਪਰਵਾਹੀ ਕਾਰਨ ਉਕਤ ਹਾਦਸਾ ਵਾਪਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ।

ਨੌਜਵਾਨ ਹਰਜਿੰਦਰ ਸਿੰਘ (34) ਪੁੱਤਰ ਬਾਵਾ ਸਿੰਘ ਨਿਵਾਸੀ ਪਿੰਡ ਬਟਾਰਲਾ ਦੇ ਵੱਡੇ ਭਰਾ ਜਸਵੰਤ ਸਿੰਘ ਪੁੱਤਰ ਬਾਵਾ ਸਿੰਘ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਸਾਡੇ ਗੁਆਂਢੀ ਕਰਮ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਕੰਬਾਇਨ ਮਸ਼ੀਨ ਨੂੰ ਉਸ ਦੇ ਲੜਕੇ ਮਨਜਿੰਦਰ ਸਿੰਘ ਨੇ ਨਜ਼ਦੀਕੀ ਪਿੰਡ ਟੱਪਰੀਆਂ ਦੇ ਪਰਮਜੀਤ ਸਿੰਘ ਪੁੱਤਰ ਸ਼ੰਕਰ ਦਾਸ ਦੀ ਜ਼ਮੀਨ ’ਚ ਝੋਨੇ ਦੀ ਕਟਾਈ ਲਈ ਲਗਾਇਆ ਹੋਇਆ ਸੀ। ਇਸ ਦੌਰਾਨ ਮਸ਼ੀਨ ਮਾਲਕ ਕਰਮ ਸਿੰਘ ਦੇ ਦੂਜੇ ਲੜਕੇ ਅੰਮ੍ਰਿਤਪਾਲ ਸਿੰਘ ਨੇ ਉਸ ਦੇ ਭਰਾ ਹਰਜਿੰਦਰ ਸਿੰਘ ਨੂੰ ਕੰਬਾਇਨ ਮਸ਼ੀਨ ਦੇ ਫਸੇ ਹੋਣ ਕਰਕੇ ਟ੍ਰੈਕਟਰ ਲੈ ਕੇ ਆਉਣ ਲਈ ਕਿਹਾ ਜਿਸ ’ਤੇ ਉਹ ਟ੍ਰੈਕਟਰ ਲੈ ਕੇ ਚਲਾ ਗਿਆ।

ਇਹ ਵੀ ਪੜ੍ਹੋ: ਗੋਰਾਇਆ 'ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰਾਬ ਠੇਕੇ ਦੇ ਕਰਿੰਦਿਆਂ ਨੇ ਪੁਲਸ ਮੁਲਾਜ਼ਮਾਂ ਦਾ ਚਾੜ੍ਹਿਆ ਕੁਟਾਪਾ

PunjabKesari

ਇਸ ਤੋਂ ਬਾਅਦ ਦੋਬਾਰਾ ਅੰਮ੍ਰਿਤਪਾਲ ਸਿੰਘ ਦਾ ਉਸ ਨੂੰ ਫੋਨ ਆਇਆ ਕਿ ਮਸ਼ੀਨ ਕਾਫ਼ੀ ਧੱਸ ਚੁੱਕੀ ਹੈ ਤੂੰ ਵੀ ਆਪਣਾ ਟ੍ਰੈਕਟਰ ਲੈ ਕੇ ਆ ਜਾ। ਖੇਤ ਗਿੱਲੇ ਹੋਣ ਕਾਰਨ ਉਸ ਨੇ ਮਨ੍ਹਾਂ ਕਰ ਦਿੱਤਾ ਪਰ ਉਸ ਦੇ ਜ਼ੋਰ ਪਾਉਣ ’ਤੇ ਉਹ ਵੀ ਟ੍ਰੈਕਟਰ ਲੈ ਕੇ ਚਲਾ ਗਿਆ। ਉਸ ਨੇ ਵੇਖਿਆ ਕਿ ਕਰਮ ਸਿੰਘ ਤੇ ਉਸ ਦੇ ਦੋਨੋਂ ਲੜਕਿਆਂ ਅੰਮ੍ਰਿਤਪਾਲ ਸਿੰਘ ਅਤੇ ਮਨਜਿੰਦਰ ਸਿੰਘ ਨੇ ਆਪਣੇ ਟ੍ਰੈਕਟਰਾਂ ਨੂੰ ਮਸ਼ੀਨ ਨਾਲ ਜੋੜਿਆ ਹੋਇਆ ਸੀ। ਉਸ ਤੋਂ ਬਾਅਦ ਉਸ ਦੇ ਭਰਾ ਹਰਜਿੰਦਰ ਸਿੰਘ ਅਤੇ ਉਸ ਦਾ ਟ੍ਰੈਕਟਰ ਵੀ ਜੋੜ ਦਿੱਤਾ ਗਿਆ ਜਦਕਿ ਉਸ ਦੇ ਟ੍ਰੈਕਟਰ ਤੋਂ ਅੱਗੇ ਦਿਲਰਾਜ ਸਿੰਘ ਪੁੱਤਰ ਬਲਵੰਤ ਸਿੰਘ ਨਿਵਾਸੀ ਬਟਾਰਲਾ ਦਾ ਟ੍ਰੈਕਟਰ ਵੀ ਟੋਚਨ ਕਰ ਲਿਆ ਗਿਆ।

ਉਸ ਨੇ ਦੱਸਿਆ ਕਿ ਅਸੀਂ ਅਜੇ ਟ੍ਰੈਕਟਰਾਂ ’ਤੇ ਬੈਠ ਕੇ ਮਸ਼ੀਨ ਕੱਢਣ ਦੀ ਤਿਆਰ ਕਰ ਹੀ ਰਹੇ ਸਨ ਕਿ ਦਿਲਰਾਜ ਸਿੰਘ ਨੇ ਆਪਣਾ ਟ੍ਰੈਕਟਰ ਸਟਾਰਟ ਕਰਕੇ ਇਕਦਮ ਬਿਨਾਂ ਸਲਾਹ ਤੋਂ ਜ਼ੋਰਦਾਰ ਝਟਕਾ ਮਾਰ ਦਿੱਤਾ। ਜਿਸ ਕਾਰਨ ਮੇਰਾ ਅਤੇ ਮੇਰੇ ਭਰਾ ਦਾ ਸ਼ਲਿੰਗ (ਟੋਚਨ) ਟੁੱਟਣ ਕਾਰਨ ਸਾਡੇ ਦੋਵਾਂ ਦੇ ਟ੍ਰੈਕਟਰ ਪਲਟ ਗਏ। ਉਹ ਆਪਣੇ ਟ੍ਰੈਕਟਰ ਤੋਂ ਸਾਈਡ ਨੂੰ ਡਿੱਗ ਪਿਆ ਜਦਕਿ ਉਸ ਦਾ ਭਰਾ ਆਪਣੇ ਟ੍ਰੈਕਟਰ ਦੇ ਹੇਠਾਂ ਆ ਗਿਆ। ਮੌਕੇ ’ਤੇ ਹਾਜ਼ਰ ਲੋਕਾਂ ਨੇ ਟ੍ਰੈਕਟਰ ਨੂੰ ਚੁੱਕੇ ਉਸ ਦੇ ਭਰਾ ਨੂੰ ਹੇਠਾਂ ਤੋਂ ਕੱਢਿਆ ਜਿਸ ਦੇ ਸਿਰ, ਗਰਦਨ ਅਤੇ ਮੋਢਿਆਂ ’ਤੇ ਗੰਭੀਰ ਸੱਟਾਂ ਲੱਗੇ ਹੋਣ ਕਾਰਨ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਪਹੁੰਚਾਇਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸ ਦੇ ਭਰਾ ਹਰਜਿੰਦਰ ਸਿੰਘ ਦੀ ਮੌਤ ਹੋ ਗਈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਉਕਤ ਸ਼ਿਕਾਇਤ ’ਤੇ ਕਥਿਤ ਦੋਸ਼ੀਆਂ ’ਚ ਸ਼ਾਮਲ ਮਸ਼ੀਨ ਮਾਲਕ ਕਰਮ ਸਿੰਘ ਪੁੱਤਰ ਜੋਗਿੰਦਰ ਸਿੰਘ, ਟ੍ਰੈਕਟਰ ਚਾਲਕ ਉਸ ਦੇ ਲੜਕਿਆਂ ਮਨਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਉਰਫ਼ ਵਿੱਕੀ ਪੁੱਤਰਾਨ ਕਰਮ ਸਿਘ ਅਤੇ ਇਕ ਹੋਰ ਟ੍ਰੈਕਟਰ ਚਾਲਕ ਦਿਲਰਾਜ ਸਿੰਘ ਪੁੱਤਰ ਬਲਵੰਤ ਸਿੰਘ ਨਿਵਾਸੀ ਪਿੰਡ ਬਟਾਰਲਾ ਖ਼ਿਲਾਫ਼ ਧਾਰਾ 304-ਏ ਅਤੇ 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਹੁਣ ਸਮਾਂ ਬਦਲ ਚੁੱਕਾ ਹੈ! ਆਪਣੇ ਪਿਆਰੇ ਡੌਗ ਨਾਲ PM ਨਿਵਾਸ ’ਚ ਰਹਿਣਗੇ ਰਿਸ਼ੀ ਸੁਨਕ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News