ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ

03/13/2018 6:32:05 AM

ਕਪੂਰਥਲਾ, (ਮੱਲ੍ਹੀ)- ਅੱਜ ਸਵੇਰੇ ਲਗਭਗ 8.35 ਵਜੇ ਸੁਲਤਾਨਪੁਰ ਲੋਧੀ ਕਪੂਰਥਲਾ 'ਤੇ ਸਥਿਤ ਦਾਣਾ ਮੰਡੀ ਖੈੜਾ ਦੋਨਾ ਸਾਹਮਣੇ ਤੇਜ਼ ਰਫਤਾਰ ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੜਾਲ ਕਲਾਂ ਨਿਵਾਸੀ ਤਰਸੇਮ ਸਿੰਘ ਸ਼ਿੰਦਾ ਦਾ ਪੁੱਤਰ ਸ਼ੁਭਮ ਕੁਮਾਰ ਸੰਨੀ (21-22 ਸਾਲ) ਅੱਜ ਸਵੇਰੇ ਆਪਣੀ ਚਾਚੇ ਦੀ ਧੀ ਰਮਨਦੀਪ ਕੌਰ ਪੁੱਤਰੀ ਸੁੱਚਾ ਸਿੰਘ ਤੇ ਰੁਪਿੰਦਰ ਕੌਰ ਪੁੱਤਰੀ ਜਸਵੀਰ ਸਿੰਘ ਜੋ ਦਸਵੀਂ ਦੇ ਪੇਪਰ ਦੇਣ ਜਾ ਰਹੀਆਂ ਸਨ ਨੂੰ ਆਪਣੇ ਮੋਟਰਸਾਈਕਲ 'ਤੇ ਟਿੱਬਾ (ਸੁਲਤਾਨਪੁਰ ਲੋਧੀ) ਸੈਕੰਡਰੀ ਸਕੂਲ ਛੱਡਣ ਜਾ ਰਿਹਾ ਸੀ। ਮੋਟਰਸਾਈਕਲ ਸਵਾਰ ਨੌਜਵਾਨ ਜਦੋਂ ਖੈੜਾ ਦੋਨਾ ਦਾਣਾ ਮੰਡੀ ਕੋਲ ਸਥਿਤ ਮੱਟੂ ਢਾਬਾ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਤੇਜ਼ ਰਫਤਾਰ ਆ ਰਹੇ ਟਰੈਕਟਰ-ਟਰਾਲੀ ਚਾਲਕ ਜੋ ਇਕ ਹੋਰ ਟਰੈਕਟਰ ਟਰਾਲੀ ਨੂੰ ਓਵਰਟੇਕ ਕਰ ਰਿਹਾ ਸੀ, ਨਾਲ ਭਿਆਨਕ ਟੱਕਰ ਹੋਈ, ਜਿਸ 'ਚ ਮੋਟਰਸਾਈਕਲ ਪਿੱਛੇ ਬੈਠੀਆਂ ਦੋਵੇਂ ਵਿਦਿਆਰਥਣਾਂ ਜੋ ਕੱਚੀ ਥਾਂ 'ਤੇ ਡਿੱਗਣ ਕਾਰਨ ਜਿਥੇ ਮਾਮੂਲੀ ਸੱਟਾਂ ਦਾ ਸ਼ਿਕਾਰ ਹੋਈਆਂ, ਉਥੇ ਮੋਟਰਸਾਈਕਲ ਚਾਲਕ ਸ਼ੁਭਮ ਕੁਮਾਰ ਸੰਨੀ 'ਤੇ ਟਰੈਕਟਰ-ਟਰਾਲੀ ਚੜ੍ਹ ਗਈ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 
ਟਰੈਕਟਰ-ਟਰਾਲੀ ਚਾਲਕ ਪਿੰਡ ਬੀਬੜੀ ਦਾ ਕਾਸ਼ਤਕਾਰ ਲਖਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਤਤਕਾਲ ਪਹੁੰਚੇ ਸਰਬਜੀਤ ਸਿੰਘ ਐੱਸ. ਐੱਚ. ਓ. ਸੁਲਤਾਨਪੁਰ ਲੋਧੀ ਪੁਲਸ ਚੌਕੀ ਭੁਲਾਣਾ ਦੇ ਇੰਚਾਰਜ ਹਰਜੀਤ ਸਿੰਘ ਨੇ ਮੋਟਰਸਾਈਕਲ ਚਾਲਕ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤਾ ਉਥੇ ਟਰੈਕਟਰ-ਟਰਾਲੀ ਚਾਲਕ ਜੋ ਮੌਕੇ 'ਤੇ ਹੀ ਦੌੜ ਗਿਆ। ਪੁਲਸ ਅਨੁਸਾਰ ਟਰੈਕਟਰ ਚਾਲਕ ਲਖਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਪਿੰਡ ਬੀਬੜੀ ਖਿਲਾਫ ਮ੍ਰਿਤਕ ਦੇ ਪਰਿਵਾਰਕ ਮੈਂਬਰ ਅੰਗਰੇਜ਼ ਸਿੰਘ ਦੇ ਬਿਆਨਾਂ 'ਤੇ ਧਾਰਾ 279, 337, 427, 304 ਏ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਟਰੈਕਟਰ ਟਰਾਲੀ ਚਾਲਕ ਲਖਵਿੰਦਰ ਸਿੰਘ ਪੁਲਸ ਦੀ ਪਹੁੰਚ ਤੋਂ ਦੂਰ ਦੱਸਿਆ ਜਾ ਰਿਹਾ ਹੈ। 
ਮਾਪਿਆਂ ਦੇ ਬੁਢਾਪੇ ਦਾ ਅੰਤਿਮ ਸਹਾਰਾ ਸੀ ਮ੍ਰਿਤਕ ਸ਼ੁਭਮ ਕੁਮਾਰ ਸੰਨੀ 
ਕਪੂਰਥਲਾ, (ਮੱਲ੍ਹੀ)-ਅੱਜ ਸਵੇਰੇ ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਟੱਕਰ 'ਚ ਮਰਿਆ ਸ਼ੁਭਮ ਕੁਮਾਰ ਸੰਨੀ ਜੋ ਬਾਰ੍ਹਵੀਂ ਜਮਾਤ ਪਾਸ ਸੀ ਤੇ ਆਈ. ਟੀ. ਆਈ. ਕਰਦਿਆਂ ਮਕੈਨੀਕਲ ਟਰੇਡ ਦੇ ਰਿਜ਼ਲਟ ਦਾ ਇੰਤਜ਼ਾਰ ਕਰ ਰਿਹਾ ਸੀ। ਇਕ ਭੈਣ ਦਾ ਵੀਰ ਸ਼ੁਭਮ ਜੋ ਬਜ਼ੁਰਗ ਮਾਪਿਆਂ ਦਾ ਬੁਢਾਪੇ 'ਚ ਅੰਤਿਮ ਸਹਾਰਾ ਸੀ, ਨੇ ਹਫਤਾ ਪਹਿਲਾਂ ਹੀ ਆਪਣੀ ਵੱਡੀ ਭੈਣ ਦਾ ਵਿਆਹ ਕੀਤਾ ਹੈ ਤੇ ਹੁਣ ਰੋਜ਼ਗਾਰ ਦੀ ਭਾਲ 'ਚ ਸੀ। ਗਰੀਬ ਬਜ਼ੁਰਗ ਮਾਪਿਆਂ ਦੇ ਬੁਢਾਪੇ ਦੀ ਡਿੰਗੋਰੀ ਸ਼ੁਭਮ ਸੰਨੀ ਦੇ ਮਾਪਿਆਂ ਲਈ ਪੁੱਤਰ ਦਾ ਜਵਾਨੀ 'ਚ ਹੀ ਮਰ ਜਾਣਾ ਅਸਹਿ ਸਦਮਾ ਹੈ, ਜਿਸ ਨੂੰ ਲੈ ਕੇ ਉਸ ਦੇ ਬਜ਼ੁਰਗ ਮਾਪੇ ਜੋ ਅਕਸਰ ਹੀ ਬੀਮਾਰ ਰਹਿੰਦੇ, ਹੰਝੂ ਰੁਕਣ ਦਾ ਨਾ ਨਹੀਂ ਲੈ ਰਹੇ ਸਨ। ਸਾਬਕਾ ਸਰਪੰਚ ਮੁਨੀਸ਼ ਕੁਮਾਰ ਤੇ ਹੋਰ ਮੌਕੇ 'ਤੇ ਹਾਜ਼ਰ ਸੋਗ 'ਚ ਡੁੱਬੇ ਸਕੇ ਸਬੰਧੀਆਂ ਨੇ ਦੱਸਿਆ ਕਿ ਹੋਣਹਾਰ ਸ਼ੁਭਮ ਮਾਪਿਆਂ ਦਾ ਬੁਢਾਪੇ 'ਚ ਸਹਾਰਾ ਸੀ ਜਿਸ ਦੀ ਮੌਤ ਨਾਲ ਮਾਪਿਆਂ ਦਾ ਬੁਢਾਪੇ ਦਾ ਸਹਾਰਾ ਵੀ ਖੁੱਸ ਗਿਆ ਹੈ ਤੇ ਉਸ ਦੀ ਸੱਜ ਵਿਆਹੀ ਭੈਣ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ। ਪੋਸਟਮਾਰਟਮ ਉਪਰੰਤ ਅੱਜ ਸ਼ਾਮੀ ਮ੍ਰਿਤਕ ਸ਼ੁਭਮ ਸੰਨੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।


Related News