ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
Thursday, Dec 07, 2023 - 08:15 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਜਲਦੀ ਹੀ 100 ਹੋਰ ਆਮ ਆਦਮੀ ਕਲੀਨਿਕ ਸਮਰਪਿਤ ਕਰੇਗੀ। ਅੱਜ ਇੱਥੇ ਸਿਹਤ ਅਤੇ ਪਰਿਵਾਰ ਭਲਾਈ ਦੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ ’ਚ ਮੁੱਢਲੀ ਸਿਹਤ ਸੰਭਾਲ ਦੀ ਕਾਇਆਕਲਪ ਕਰਨ ਲਈ ਵਚਨਬੱਧ ਹੈ।
ਸਿਹਤ ਖੇਤਰ 'ਚ ਇੱਕ ਹੋਰ ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਪੰਜਾਬ ਸਰਕਾਰ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ 664 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਹਨ, ਜਿੱਥੇ 84 ਜ਼ਰੂਰੀ ਦਵਾਈਆਂ ਅਤੇ 40 ਤੋਂ ਵੱਧ ਟੈਸਟਾਂ ਦੀ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਂਦੇ ਦਿਨਾਂ ’ਚ 100 ਹੋਰ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਨਾਲ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾ ਸਕਣਗੀਆਂ।
ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ ਨੂੰ ਵੱਡੀ ਰਾਹਤ, ਇਹ FIR ਹੋਈ ਰੱਦ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਕੋਵਿਡ ਦੌਰਾਨ ਜਾਰੀ ਨਿਯਮਾਂ ਦੀ ਉਲੰਘਣਾ ਕਰਨ ’ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਸਿਆਸਤਦਾਨਾਂ ’ਤੇ ਡੀ. ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਧਾਰਾ 188 ਤਹਿਤ ਦਰਜ ਐੱਫ਼. ਆਈ. ਆਰ. ਨੂੰ ਰੱਦ ਕਰ ਦਿੱਤਾ ਹੈ।
ਤੇਲੰਗਾਨਾ ਦੇ ਨਵੇਂ CM ਬਣੇ ਰੇਵੰਤ ਰੈੱਡੀ, ਭੱਟੀ ਵਿਕਰਮਾਰਕ ਨੇ ਸੰਭਾਲੀ ਡਿਪਟੀ CM ਦੀ ਕੁਰਸੀ
ਕਾਂਗਰਸ ਨੇਤਾ ਰੇਵੰਤ ਰੈੱਡੀ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਹੈਦਰਾਬਾਦ ਦੇ ਐੱਲ.ਬੀ. ਸਟੇਡੀਅਮ 'ਚ ਆਯੋਜਿਤ ਪ੍ਰੋਗਰਾਮ 'ਚ ਤੇਲੰਗਾਨਾ ਦੀ ਰਾਜਪਾਲ ਟੀ ਸੌਂਦਰਰਾਜਨ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਚੁਕਾਈ। ਇਸ ਪ੍ਰੋਗਰਾਮ 'ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ, ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਡਿਪਟੀ ਸੀ.ਐੱਮ. ਡੀ. ਸ਼ਿਵਕੁਮਾਰ ਸਮੇਤ ਤਮਾਮ ਨੇਤਾ ਮੌਜੂਦ ਰਹੇ।
ਸੰਦੀਪ ਪਾਠਕ ਨੇ ਸੰਸਦ 'ਚ ਚੁੱਕਿਆ ਪਰਾਲੀ ਦਾ ਮੁੱਦਾ, ਸਰਕਾਰ ਨੂੰ ਪੁੱਛੇ ਤਿੱਖੇ ਸਵਾਲ
ਆਮ ਆਦਮੀ ਪਾਰਟੀ (ਆਪ) ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ ਨੇ ਵੀਰਵਾਰ ਨੂੰ ਸੰਸਦ ਵਿੱਚ ਪਰਾਲੀ ਦਾ ਮੁੱਦਾ ਉਠਾਇਆ ਅਤੇ ਕੇਂਦਰ ਸਰਕਾਰ ਨੂੰ ਇਸ ਦੇ ਹੱਲ ਲਈ ਪੰਜਾਬ ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਰਾਜ ਸਭਾ ਨੂੰ ਸੰਬੋਧਨ ਕਰਦਿਆਂ ਡਾ: ਪਾਠਕ ਨੇ ਕਿਹਾ ਕਿ ਅਸੀਂ ਅਕਸਰ ਪਰਾਲੀ ਸਾੜਨ ਲਈ ਕਿਸਾਨਾਂ 'ਤੇ ਦੋਸ਼ ਮੜ੍ਹਦੇ ਹਾਂ, ਜਦਕਿ ਕੁਝ ਕਿਸਾਨ ਪਰਾਲੀ ਨੂੰ ਸ਼ੌਂਕ ਨਾਲ ਨਹੀਂ ਸਗੋਂ ਮਜ਼ਬੂਰੀ ਨਾਲ ਸਾੜਦੇ ਹਨ। ਇਸ ਲਈ ਸਰਕਾਰਾਂ ਸਪੱਸ਼ਟ ਤੌਰ 'ਤੇ ਜ਼ਿੰਮੇਵਾਰ ਹਨ।
ਭਾਰਤੀ ਮੂਲ ਦੀ ਕ੍ਰਿਸਟਲ ਕੌਲ ਲੜੇਗੀ ਅਮਰੀਕੀ ਸੰਸਦ ਮੈਂਬਰ ਦੀ ਚੋਣ, ਕਸ਼ਮੀਰ ਨਾਲ ਹੈ ਖ਼ਾਸ ਨਾਤਾ
ਅਮਰੀਕਾ ਵਿੱਚ ਭਾਰਤੀ ਮੂਲ ਦੀ ਔਰਤ ਕ੍ਰਿਸਟਲ ਕੌਲ ਨੇ ਅਮਰੀਕੀ ਸੰਸਦ ਮੈਂਬਰ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹ ਅਮਰੀਕਾ ਦੇ ਸੂਬੇ ਵਰਜੀਨੀਆ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੋਣ ਲੜਨਗੇ। ਕ੍ਰਿਸਟਲ ਕੌਲ ਮੂਲ ਰੂਪ ਤੋਂ ਭਾਰਤ ਦੇ ਕਸ਼ਮੀਰ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਕਸ਼ਮੀਰੀ ਹਨ। ਕ੍ਰਿਸਟਲ ਅਗਲੇ ਸਾਲ 2024 ਵਿੱਚ ਅਮਰੀਕਾ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਰਾਸ਼ਟਰਪਤੀ ਬਾਈਡੇਨ ਦੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਚੋਣ ਲੜਨਗੇ।
ਵੱਡੀ ਖ਼ਬਰ: ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਲੱਗਾ ਜੁਰਮਾਨਾ, ਜਾਣੋ ਕਿਉਂ
ਪੰਜਾਬ ਰਾਜ ਚੋਣ ਕਮਿਸ਼ਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਗਰ ਨਿਗਮ ਚੋਣਾਂ ਲਈ ਦਿੱਤੇ ਗਏ ਸ਼ੈਡਿਊਲ ਨੂੰ ਜਾਰੀ ਨਾ ਕਰਨ ਨੂੰ ਲੈ ਕੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਹਾਈਕੋਰਟ ਵੱਲੋਂ ਜੁਰਮਾਨਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਇਕ ਹਫ਼ਤੇ ਦੇ ਅੰਦਰ-ਅੰਦਰ ਸ਼ੈਡਿਊਲ ਨੂੰ ਜਾਰੀ ਕਰਨ ਦਾ ਸਮਾਂ ਦਿੱਤਾ ਗਿਆ ਹੈ।
CM ਮਾਨ ਨੇ ਦੱਸਿਆ ਅਰਬੀ ਘੋੜਿਆਂ ਦਾ ਪਤਾ, ਮਜੀਠੀਆ ਨੂੰ ਦਿੱਤਾ ਸੀ ਅਲਟੀਮੇਟਮ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਰ ਤੋਂ ਅਰਬੀ ਘੋੜਿਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਘੇਰਿਆ ਹੈ। ਮੁੱਖ ਮੰਤਰੀ ਮਾਨ ਨੇ ਮਜੀਠੀਆ ਦੇ ਪੁਰਖਿਆਂ ਨਾਲ ਜੋੜੀ ਗਈ ਅਰਬੀ ਘੋੜਿਆਂ ਦੀ ਕਹਾਣੀ ਬਾਰੇ ਅੱਜ ਦਾਅਵਾ ਕਰਦੇ ਹੋਏ ਇਨ੍ਹਾਂ ਦੇ ਟਿਕਾਣੇ ਬਾਰੇ ਵੀ ਦੱਸਿਆ। ਮੁੱਖ ਮੰਤਰੀ ਨੇ ਦੱਸਿਆ ਹੈ ਕਿ ਕਾਫ਼ੀ ਗੱਲਾਂ ਤਾਂ ਮਜੀਠੀਆ ਮੰਨ ਹੀ ਗਏ।
ਰੈਸਟੋਰੈਂਟ, ਕਲੱਬ ਅਤੇ ਖਾਣ-ਪੀਣ ਵਾਲੀਆਂ ਥਾਵਾਂ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਹੁਕਮ ਜਾਰੀ
ਪੁਲਸ ਕਮਿਸ਼ਨਰੇਟ ਜਲੰਧਰ ਦੇ ਅਧਿਕਾਰ ਖੇਤਰ ’ਚ ਅਮਨ-ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਆਫ ਪੁਲਸ ਅੰਕੁਰ ਗੁਪਤਾ ਨੇ ਸਮੁੱਚੇ ਰੈਸਟੋਰੈਂਟ, ਕਲੱਬ ਅਤੇ ਹੋਰ ਲਾਇਸੰਸਸ਼ੁਦਾ ਖਾਣ-ਪੀਣ ਵਾਲੀਆਂ ਥਾਵਾਂ ਅੱਧੀ ਰਾਤ 12 ਵਜੇ ਤੱਕ ਮੁਕੰਮਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਨਵਜੋਤ ਸਿੱਧੂ ਦੇ ਪੁੱਤ ਕਰਨ ਸਿੱਧੂ ਦਾ ਹੋਇਆ ਵਿਆਹ, ਸਿੱਧੂ ਨੇ ਪਾਇਆ ਭੰਗੜਾ, ਵੇਖੋ ਤਸਵੀਰਾਂ
ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਦੇ ਘਰ ਖੁਸ਼ੀਆਂ ਨਾਲ ਭਰ ਗਿਆ ਹੈ। ਦੱਸ ਦੇਈਏ ਨਵਜੋਤ ਸਿੰਘ ਸਿੱਧੂ ਦੇ ਮੁੰਡੇ ਕਰਨ ਸਿੱਧੂ ਤੇ ਇਨਾਇਤ ਕੌਰ ਰੰਧਾਵਾ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਵਿਆਹ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖ ਸਕਦੇ ਹੋ ਸਾਰੇ ਬਹੁਤ ਖੁਸ਼ ਹਨ ਅਤੇ ਨਵਜੋਤ ਸਿੱਧੂ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ।
ਪੰਜਾਬ ਦੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਨੂੰ ਹਾਈਕੋਰਟ ਵਲੋਂ ਰਾਹਤ ਜਾਰੀ, ਜਾਣੋ ਪੂਰਾ ਮਾਮਲਾ
ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਰਾਹਤ ਜਾਰੀ ਰੱਖੀ ਗਈ ਹੈ। ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ 15 ਫਰਵਰੀ ਤੱਕ ਜਾਰੀ ਰਹੇਗੀ। ਅਦਾਲਤ 'ਚ ਸੁਣਵਾਈ ਦੌਰਾਨ ਮਨਪ੍ਰੀਤ ਬਾਦਲ 'ਤੇ ਲੱਗੇ ਦੋਸ਼ਾਂ ਨੂੰ ਲੈ ਕੇ ਸਰਕਾਰ ਨੇ ਜਵਾਬ ਦਾਖ਼ਲ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ ਬਰਕਰਾਰ ਰੱਖਦੇ ਹੋਏ ਮਾਮਲੇ ਦੀ ਸੁਣਵਾਈ 15 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ।
ਰਿਕਾਰਡ ਪੱਧਰ ਤੋਂ 1800 ਰੁਪਏ ਡਿੱਗਾ ਸੋਨਾ, ਚਾਂਦੀ 'ਚ ਵੀ ਆਈ ਗਿਰਾਵਟ, ਜਾਣੋ ਅੱਜ ਦੇ ਭਾਅ
ਅੱਜ ਸੋਨੇ-ਚਾਂਦੀ ਦੀਆਂ ਵਾਇਦਾ ਕੀਮਤਾਂ 'ਚ ਨਰਮੀ ਦੇਖਣ ਨੂੰ ਮਿਲ ਰਹੀ ਹੈ। ਦੋਵਾਂ ਦੀਆਂ ਫਿਊਚਰਜ਼ ਕੀਮਤਾਂ ਅੱਜ ਗਿਰਾਵਟ ਨਾਲ ਖੁੱਲ੍ਹੀਆਂ। ਸੋਨੇ ਦੇ ਫਿਊਚਰਜ਼ ਦੀ ਕੀਮਤ ਹੁਣ 62,300 ਰੁਪਏ ਤੱਕ ਡਿੱਗ ਗਈ ਹੈ ਅਤੇ ਚਾਂਦੀ ਵਾਇਦਾ 74,500 ਰੁਪਏ ਦੇ ਆਸਪਾਸ ਕਾਰੋਬਾਰ ਕਰ ਰਿਹਾ ਹੈ। ਸੋਨਾ ਰਿਕਾਰਡ ਪੱਧਰ ਤੋਂ ਕਰੀਬ 1,800 ਰੁਪਏ ਫਿਸਲ ਗਿਆ ਹੈ।
ਦੱਖਣੀ ਅਫਰੀਕਾ 'ਚ ਮੀਂਹ ਨੇ ਕੀਤਾ ਟੀਮ ਇੰਡੀਆ ਦਾ ਸਵਾਗਤ, ਛੱਤਰੀ ਦੀ ਥਾਂ ਟਰਾਲੀ ਬੈਗ ਦਾ ਲਿਆ ਸਹਾਰਾ
ਦੱਖਣੀ ਅਫਰੀਕਾ ਖ਼ਿਲਾਫ਼ ਐਤਵਾਰ ਨੂੰ ਪਹਿਲੇ ਟੀ-20 ਨਾਲ ਸ਼ੁਰੂ ਹੋਣ ਵਾਲੀ ਆਗਾਮੀ ਮਲਟੀ-ਫਾਰਮੈਟ ਸੀਰੀਜ਼ ਲਈ ਡਰਬਨ ਪਹੁੰਚਣ 'ਤੇ ਟੀਮ ਇੰਡੀਆ ਦਾ ਮੀਂਹ ਨਾਲ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਹੋਟਲ 'ਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਜਿਵੇਂ ਹੀ ਮੇਨ ਇਨ ਬਲੂ ਦੱਖਣੀ ਅਫ਼ਰੀਕਾ ਵਿੱਚ ਉਤਰੇ, ਉਨ੍ਹਾਂ ਦਾ ਮੀਂਹ ਨੇ ਸਵਾਗਤ ਕੀਤਾ ਅਤੇ ਕੁਝ ਖਿਡਾਰੀ ਬੱਸ ਵੱਲ ਦੌੜਦੇ ਸਮੇਂ ਆਪਣੇ ਟਰਾਲੀ ਬੈਗਾਂ ਨੂੰ ਕਵਰ ਵਜੋਂ ਵਰਤਦੇ ਹੋਏ ਦੇਖੇ ਗਏ। ਜਿਵੇਂ ਹੀ ਉਹ ਆਪਣੇ ਹੋਟਲ ਪਹੁੰਚੇ, ਮੂਡ ਤੇਜ਼ੀ ਨਾਲ ਬਦਲ ਗਿਆ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।