ਟਮਾਟਰ ਤੇ ਪਿਆਜ਼ ਦੇ ਵਧੇ ਭਾਅ ਨਾਲ ਆਮ ਵਰਗ ''ਚ ਹਾਹਾਕਾਰ

11/06/2017 6:27:50 AM

ਸੁਲਤਾਨਪੁਰ ਲੋਧੀ, (ਧੀਰ)- ਪਿਆਜ਼ ਤੋਂ ਬਾਅਦ ਹੁਣ ਮਹਿੰਗੇ ਹੋਏ ਟਮਾਟਰਾਂ ਨੇ ਆਮ ਆਦਮੀ ਦੀ ਦਾਲ ਸਬਜ਼ੀ ਨੂੰ ਫਿੱਕਾ ਕਰ ਦਿੱਤਾ ਹੈ, ਹਾਲਾਂਕਿ ਲੋਕਾਂ ਨੂੰ ਆਸ ਸੀ ਕਿ ਮਹਿੰਗਾਈ ਤੋਂ ਥੋੜ੍ਹੀ ਬਹੁਤ ਰਾਹਤ ਮਿਲੇਗੀ ਪਰ ਆਸਮਾਨ ਜਾ ਚੜ੍ਹੇ ਭਾਅ ਕਾਰਨ ਸਬਜ਼ੀਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ ਲੱਗੀਆਂ ਹਨ। ਬੀਤੇ ਕੁਝ ਦਿਨਾਂ ਦੌਰਾਨ ਪਿਆਜ਼ ਤੋਂ ਬਾਅਦ ਸਭ ਤੋਂ ਵੱਧ ਅੱਗ ਟਮਾਟਰਾਂ ਨੂੰ ਲੱਗੀ ਹੈ।
ਟਮਾਟਰ ਤੇ ਪਿਆਜ਼ ਦੇ ਵਧੇ ਭਾਅ ਨੇ ਰਿਕਾਰਡ ਅੰਕੜੇ ਨੂੰ ਛੂਹਿਆ 
ਟਮਾਟਰ 80 ਰੁਪਏ ਕਿਲੋ, ਜਦੋਂ ਕਿ ਪਿਆਜ਼ ਦਾ ਭਾਅ 50 ਤੋਂ 60 ਰੁਪਏ ਪ੍ਰਤੀ ਕਿੱਲੋ ਹੈ, ਉਂਝ ਹਾਈ ਕੁਆਲਿਟੀ ਪਿਆਜ਼ ਤੇ ਟਮਾਟਰ ਦੀ ਕੀਮਤ ਕ੍ਰਮਵਾਰ 70 ਤੋਂ 100 ਰੁਪਏ ਦੇ ਰਿਕਾਰਡ ਅੰਕੜੇ 'ਤੇ ਚਲੀਆਂ ਗਈਆਂ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਹੁਣ ਤਾਂ ਕੋਈ ਚਮਤਕਾਰ ਹੀ ਭਾਅ ਘਟਾ ਸਕਦਾ ਹੈ। ਸਬਜ਼ੀ ਦੀ ਦੁਕਾਨ ਕਰਨ ਵਾਲੇ ਪ੍ਰਮੁੱਖ ਡੀ. ਕੇ. ਅਰੋੜਾ, ਬਾਊ ਅਰੋੜਾ ਤੇ ਐੱਮ. ਕੇ. ਅਰੋੜਾ ਨੇ ਦੱਸਿਆ ਕਿ ਪਿਆਜ਼ ਦਾ ਉਤਪਾਦਨ ਕਰਨ ਵਾਲੇ ਇਲਾਕਿਆਂ 'ਚ ਫਸਲ  ਚੰਗੀ ਨਹੀਂ ਹੋਈ, ਜਿਸ ਕਾਰਨ ਪਿਆਜ਼ ਤੇ ਟਮਾਟਰ ਦੇ ਭਾਅ ਵਧੇ ਹਨ।
ਟਮੈਟੋ ਪਿਊਰੀ ਵੀ ਗਾਇਬ 
ਵੇਰਵਿਆਂ ਅਨੁਸਾਰ ਆਮ ਲੋਕਾਂ ਨੇ ਟਮਾਟਰ ਦੀ ਥਾਂ ਟਮੈਟੋ ਪਿਊਰੀ ਦਾ ਬਦਲ ਲਿਆ ਹੈ ਪਰ ਦੁਕਾਨਾਂ ਤੋਂ ਇਹ ਵੀ ਗਾਇਬ ਹੋਣ ਲੱਗ ਪਈ ਹੈ। ਗ੍ਰਹਿਣੀ ਮੀਨੂੰ, ਸਾਕਸ਼ੀ ਦਾ ਕਹਿਣਾ ਹੈ ਕਿ ਟਮਾਟਰਾਂ ਦੇ ਮਹਿੰਗੇ ਹੋ ਜਾਣ ਤੋਂ ਬਾਅਦ ਉਸ ਦਾ ਦਾਲਾਂ ਨੂੰ ਤੜਕਾ ਲਾਉਣਾ ਹੀ ਛੱਡ ਦਿੱਤਾ ਹੈ ਤੇ ਦੂਜੀਆਂ ਸਬਜ਼ੀਆਂ 'ਚ ਟਮਾਟਰਾਂ ਦੀ ਮਾਤਰਾ ਪਹਿਲਾਂ ਨਾਲੋਂ ਘਟਾ ਦਿੱਤੀ ਹੈ। ਗ੍ਰਹਿਣੀਆਂ ਨੇ ਕਿਹਾ ਕਿ ਪਹਿਲਾਂ ਹੀ ਦਾਲਾਂ, ਸਬਜ਼ੀਆਂ ਦੇ ਮਹਿੰਗੇ ਭਾਅ ਨੇ ਸਾਡੇ ਰਸੋਈ ਦੇ ਬਜਟ ਨੂੰ ਹਿਲਾਇਆ ਹੋਇਆ ਸੀ ਪਰ ਹੁਣ ਤਾਂ ਰਹੀ ਸਹੀ ਕਸਰ ਟਮਾਟਰ ਤੇ ਪਿਆਜ਼ ਦੇ ਵਧੇ ਭਾਅ ਨੇ ਪੂਰੀ ਕਰ ਦਿੱਤੀ ਹੈ। 
ਜਮ੍ਹਾ ਖੋਰੀ ਤੇ ਕਾਲਾਬਾਜ਼ਾਰੀ ਦਾ ਨਤੀਜਾ 
ਸਮਾਜ ਸੇਵਕ ਐਡ. ਗੁਰਮੀਤ ਸਿੰਘ ਵਿਰਦੀ, ਐਡ. ਸਤਨਾਮ ਸਿੰਘ ਮੋਮੀ ਆਦਿ ਦਾ ਕਹਿਣਾ ਸੀ ਕਿ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ 'ਚ ਤੇਜ਼ੀ ਘਾਟ ਕਾਰਨ ਨਹੀਂ ਹੁੰਦੀ, ਬਲਕਿ ਇਹ ਜਮ੍ਹਾਖੋਰੀ ਤੇ ਕਾਲਾਬਾਜ਼ਾਰੀ ਦਾ ਨਤੀਜਾ ਹੈ। ਉਨ੍ਹਾਂ ਆਖਿਆ ਕਿ ਆਮ ਬੰਦੇ ਨੂੰ ਦੋਵੇਂ ਹੱਥਾਂ ਨਾਲ ਲੁੱਟਿਆ ਜਾ ਰਿਹਾ ਹੈ।
ਗਰੀਬ ਆਦਮੀ ਲਈ ਸਬਜ਼ੀ ਬਣਾਉਣਾ ਬਣਿਆ ਸੁਪਨਾ 
ਪਹਿਲਾਂ ਹੀ ਸਬਜ਼ੀਆਂ ਦੇ ਵਧੇ ਭਾਅ ਨੇ ਗਰੀਬ ਆਦਮੀ ਲਈ ਖਰੀਦ ਕਰਨਾ ਮੁਸ਼ਕਿਲ ਕਰ ਰੱਖਿਆ ਸੀ ਪਰ ਹੁਣ ਤਾਂ ਪਿਆਜ਼ ਤੇ ਵਧੇ ਟਾਮਟਰ ਦੇ ਭਾਅ ਨੇ ਇਸ ਨੂੰ ਬਣਾਉਣਾ ਸੁਪਨਾ ਬਣਾ ਦਿੱਤਾ ਹੈ। ਸ਼ਾਮ ਲਾਲ ਛੋਟੂ, ਪੱਪੂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਡੰਗ ਨੇ ਤਾਂ ਹੁਣ ਦਰਮਿਆਨੇ ਵਰਗ ਨੂੰ ਵੀ ਪ੍ਰਭਾਵਿਤ ਕਰ ਦਿੱਤਾ ਹੈ। ਚੋਣਾਂ ਮੌਕੇ ਕੇਂਦਰ 'ਚ ਸੱਤਾ 'ਚ ਆਈ ਭਾਜਪਾ ਸਰਕਾਰ ਦੇ ਪ੍ਰਧਾਨ ਮੰਤਰੀ ਮੋਦੀ ਵਲੋਂ ਦੇਸ਼ ਵਾਸੀਆਂ ਨੂੰ ਅੱਛੇ ਦਿਨ ਆਉਣਗੇ ਹੁਣ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਲੱਗ ਰਹੇ ਹਨ।


Related News