ਟੋਲ ਪਲਾਜ਼ਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ

Wednesday, Aug 02, 2017 - 02:25 AM (IST)

ਟੋਲ ਪਲਾਜ਼ਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, (ਘੁੰਮਣ)- ਅੱਜ ਅੱਡਾ ਲਾਚੋਵਾਲ ਵਿਖੇ ਟੋਲ ਰੋਡ 'ਤੇ ਮੁਲਾਜ਼ਮਾਂ ਵੱਲੋਂ ਟੋਲ ਪਲਾਜ਼ਾ ਦੇ ਮਾਲਕ ਪੀ. ਡੀ. ਅਗਰਵਾਲ, ਟੋਲ ਮੈਨੇਜਰ ਤੇ ਮੈਨੇਜਮੈਂਟ ਕਮੇਟੀ ਖਿਲਾਫ਼ ਸਵੇਰੇ 9 ਤੋਂ ਦੁਪਹਿਰ 12 ਵਜੇ ਤਕ ਲਗਭਗ 3 ਘੰਟੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਵਿਚ ਵੱਖ-ਵੱਖ ਟੋਲ ਕੇਂਦਰਾਂ ਦੇ ਮੁਲਾਜ਼ਮਾਂ, ਇਲਾਕੇ ਦੇ ਮੋਹਤਬਰਾਂ ਅਤੇ ਲਾਚੋਵਾਲ ਟੋਲ ਪਲਾਜ਼ਾ 'ਤੇ ਕੰਮ ਕਰਦੇ ਮੁਲਾਜ਼ਮਾਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਸੋਨੂੰ ਚੱਬੇਵਾਲ, ਜਗਤਾਰ ਸਿੰਘ, ਗੁਰਭੇਜ ਸਿੰਘ ਸੰਘਾ, ਸੁਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਸ਼ਹਾਬਦੀ ਨੇ ਕਿਹਾ ਕਿ ਲਾਚੋਵਾਲ ਟੋਲ ਰੋਡ 'ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਕਾਰਨ ਅਤੇ ਬਗੈਰ ਨੋਟਿਸ ਦਿੱਤਿਆਂ ਤਾਨਾਸ਼ਾਹੀ ਤਰੀਕੇ ਨਾਲ ਨੌਕਰੀਓਂ ਕੱਢ ਦਿੱਤਾ ਜਾਂਦਾ ਹੈ, ਜਿਸ ਨੂੰ ਉਹ ਹੁਣ ਕਿਸੇ ਵੀ ਹਾਲਤ ਵਿਚ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਇਹ ਟੋਲ ਸਥਾਪਤ ਕੀਤਾ ਗਿਆ ਹੈ, ਅਸੀਂ ਉਦੋਂ ਤੋਂ ਹੀ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਉਂਦੇ ਆ ਰਹੇ ਹਾਂ ਪਰ ਮੈਨੇਜਮੈਂਟ ਵੱਲੋਂ ਅੱਜ ਤੱਕ ਉਨ੍ਹਾਂ ਨੂੰ ਕੋਈ ਮੈਡੀਕਲ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ ਅਤੇ ਨਾ ਹੀ ਸਰਕਾਰੀ ਨਿਯਮਾਂ ਅਨੁਸਾਰ ਉਨ੍ਹਾਂ ਦਾ ਕੋਈ ਫੰਡ 
ਹੀ ਕੱਟਿਆ ਜਾਂਦਾ ਹੈ। 
ਟੋਲ ਦੀ ਬਿਹਤਰੀ ਲਈ ਹਰ ਮੰਗ ਮੰਨਣ ਲਈ ਤਿਆਰ ਹਾਂ : ਮੈਨੇਜਰ : ਜਦੋਂ ਇਸ ਸਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਐੱਸ. ਐੱਨ. ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਡਾ ਲਾਚੋਵਾਲ ਵਿਖੇ ਮਾਲਕ ਪੀ. ਡੀ. ਅਗਰਵਾਲ ਦੀ ਅਗਵਾਈ ਵਿਚ ਚਲਦੇ ਟੋਲ ਦੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਉਹ ਯੂਨੀਅਨ ਆਗੂਆਂ ਨੂੰ ਨਾਲ ਲੈ ਕੇ ਚੱਲਣਗੇ ਤਾਂ ਜੋ ਕਿਸੇ ਵੀ ਮੁਲਾਜ਼ਮ ਜਾਂ ਕਰਮਚਾਰੀ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਮੈਨੇਜਰ ਸ਼੍ਰੀ ਸ਼ਰਮਾ ਵੱਲੋਂ ਪਿਛਲੇ ਦਿਨੀਂ ਨੌਕਰੀਓਂ ਕੱਢੇ ਮੁਲਾਜ਼ਮਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ। 
ਇਸ ਮੌਕੇ ਗੁਰਮੇਲ ਸਿੰਘ ਧਾਲੀਵਾਲ, ਭੁਪਿੰਦਰ ਸਿੰਘ, ਜਗਤਾਰ ਸਿੰਘ, ਰਵਿੰਦਰ ਕੁਮਾਰ ਹੈਪੀ, ਗੁਰਪਾਲ ਸਿੰਘ ਲਾਚੋਵਾਲ, ਸੋਨੂੰ ਚੱਬੇਵਾਲ, ਗੁਰਭੇਜ ਸਿੰਘ ਸੰਘਾ, ਸੁਰਜੀਤ ਸਿੰਘ ਖਡਿਆਲਾ, ਕੁਲਵਿੰਦਰ ਸਿੰਘ ਸ਼ਹਾਬਦੀ, ਸੁਖਰਾਜ ਸਿੰਘ, ਜੈ ਸਿੰਘ, ਅੰਮ੍ਰਿਤਪਾਲ, ਹਰਦੀਪ ਸਿੰਘ, ਕੁਲਵਿੰਦਰ ਸਿੰਘ ਪੀ. ਪੀ. ਆਦਿ ਵੀ ਹਾਜ਼ਰ ਸਨ।


Related News