ਟਰੈਕਟਰ ਮਾਰਚ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਉਪਰੰਤ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ
Saturday, Jan 24, 2026 - 05:34 PM (IST)
ਮਹਿਲ ਕਲਾਂ (ਹਮੀਦੀ): ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕਰਦਿਆਂ ਲਏ ਜਾ ਰਹੇ ਕਿਸਾਨ ਮਾਰੂ ਫੈਸਲਿਆਂ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 26 ਜਨਵਰੀ ਨੂੰ ਕੀਤੇ ਜਾ ਰਹੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜ ਗਿੱਲ ਗਰੁੱਪ ਦੀ ਬਲਾਕ ਮਹਿਲ ਕਲਾਂ ਇਕਾਈ ਦੀ ਅਹਿਮ ਮੀਟਿੰਗ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਜਥੇਬੰਦੀ ਦੇ ਬਲਾਕ ਪ੍ਰਧਾਨ ਮਾਸਟਰ ਅਮਰਜੀਤ ਸਿੰਘ ਮਹਿਲ ਖੁਰਦ ਨੇ ਕੀਤੀ। ਮੀਟਿੰਗ ਉਪਰੰਤ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਫੈਸਲੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਲਕੀਤ ਸਿੰਘ ਈਨਾ, ਬਲਾਕ ਪ੍ਰਧਾਨ ਮਾਸਟਰ ਅਮਰਜੀਤ ਸਿੰਘ ਮਹਿਲ ਖੁਰਦ ਅਤੇ ਖ਼ਜ਼ਾਨਚੀ ਜਸਵੰਤ ਸਿੰਘ ਸੋਹੀ ਛਾਪਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਨਾ ਦੇਣਾ, ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਟਾਲਣਾ ਅਤੇ ਖੇਤੀ ਨਾਲ ਜੁੜੀਆਂ ਨੀਤੀਆਂ ਰਾਹੀਂ ਕਿਸਾਨੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਕਿਸਾਨ ਵਰਗ ਵੱਲੋਂ ਸੜਕਾਂ ‘ਤੇ ਆ ਕੇ ਡਟ ਕੇ ਵਿਰੋਧ ਕੀਤਾ ਜਾਵੇਗਾ।
ਆਗੂਆਂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜ ਗਿੱਲ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 26 ਜਨਵਰੀ ਨੂੰ ਬਲਾਕ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਅੰਦਰ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਟਰੈਕਟਰ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰੈਕਟਰ ਮਾਰਚ ਨੂੰ ਲੈ ਕੇ ਪਿੰਡ ਪੱਧਰ ‘ਤੇ ਮੀਟਿੰਗਾਂ ਕਰਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਕਿਸਾਨ ਆਪਣੇ ਟਰੈਕਟਰਾਂ ਸਮੇਤ ਕਾਫਲਿਆਂ ਦੇ ਰੂਪ ਵਿੱਚ ਸ਼ਮੂਲੀਅਤ ਕਰਨਗੇ। ਕਿਸਾਨਾਂ ਵਿੱਚ ਟਰੈਕਟਰ ਮਾਰਚ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਦਰਸ਼ਨ ਸਿੰਘ ਮਹਿਲ ਕਲਾਂ, ਅਵਤਾਰ ਸਿੰਘ ਗਿੱਲ, ਜਗਤਾਰ ਸਿੰਘ ਕਲਾਲਮਾਜਰਾ, ਰਣਜੀਤ ਸਿੰਘ ਗੰਗੋਹਰ, ਪਰਮਜੀਤ ਸਿੰਘ ਕਿਰਪਾਲ ਸਿੰਘ ਵਾਲਾ, ਜੱਗਾ ਸਿੰਘ ਮਹਿਲ ਕਲਾਂ, ਦਰਬਾਰ ਸਿੰਘ, ਬਲਵੀਰ ਸਿੰਘ, ਬੱਗੜ ਸਿੰਘ ਸਮੇਤ ਹੋਰ ਕਈ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ।
