ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

05/24/2022 9:15:18 PM

ਜਲੰਧਰ : ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫੈਸਲਾ ਲੈਂਦਿਆਂ ਆਪਣੀ ਹੀ ਸਰਕਾਰ ਦੇ ਕੈਬਨਿਟ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਹੈ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ 3 ਦਿਨਾ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ-

ਮੁੱਖ ਮੰਤਰੀ ਮਾਨ ਨੇ ਕੈਬਨਿਟ ਮੰਤਰੀ ਵਿਜੇ ਸਿੰਗਲਾ ਨੂੰ ਅਹੁਦੇ ਤੋਂ ਹਟਾਇਆ, ਪੁਲਸ ਨੂੰ ਕੇਸ ਦਰਜ ਕਰਨ ਦੇ ਦਿੱਤੇ ਹੁਕਮ
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਹੀ ਕੈਬਨਿਟ ਦੇ ਮੰਤਰੀ ਵਿਜੇ ਸਿੰਗਲਾ ਨੂੰ ਜਿਨ੍ਹਾਂ ਕੋਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸੀ ਨੂੰ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੀਡੀਓ ਜਾਰੀ ਕਰਕੇ ਦਿੱਤੀ ਹੈ।

ਸਾਬਕਾ ਸਿਹਤ ਮੰਤਰੀ ਸਿੰਗਲਾ ਮੋਹਾਲੀ ਅਦਾਲਤ ’ਚ ਪੇਸ਼, 3 ਦਿਨਾ ਰਿਮਾਂਡ ’ਤੇ ਭੇਜਿਆ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੈਬਨਿਟ ’ਚੋਂ ਬਰਖ਼ਾਸਤ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਪਿੱਛੋਂ ਸਿੰਗਲਾ ਨੂੰ ਐਂਟੀ ਕੁਰੱਪਸ਼ਨ ਵਿੰਗ ਵੱਲੋਂ ਮੋਹਾਲੀ ਅਦਾਲਤ ’ਚ ਪੇਸ਼ ਕੀਤਾ ਗਿਆ।

ਪੰਜਾਬ ਸਰਕਾਰ ਦਾ ਸਿੱਖਿਆ ਨੂੰ ਲੈ ਕੇ ਵੱਡਾ ਐਲਾਨ, ਸੂਬੇ 'ਚ ਖੋਲ੍ਹੇ ਜਾਣਗੇ 117 ਸਮਾਰਟ ਸਕੂਲ (ਵੀਡੀਓ)
ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਸਿੱਖਿਆ ਮੰਤਰੀ ਮੀਤ ਹੇਅਰ ਦੇ ਐਲਾਨ ਮੁਤਾਬਕ ਪੰਜਾਬ 'ਚ ਦਿੱਲੀ ਦੀ ਤਰਜ਼ 'ਤੇ 117 ਸਮਾਰਟ ਸਕੂਲ ਖੋਲ੍ਹੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਪੰਜਾਬ ਕੈਬਨਿਟ ਦੀ ਅਹਿਮ ਬੈਠਕ 30 ਮਈ ਨੂੰ, ਲਏ ਜਾ ਸਕਦੇ ਨੇ ਅਹਿਮ ਫ਼ੈਸਲੇ
ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੁਣ 30 ਮਈ ਨੂੰ ਹੋਣ ਜਾ ਰਹੀ ਹੈ। ਇਹ ਬੈਠਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਹੋਵੇਗੀ। ਚੰਡੀਗੜ੍ਹ ਦੇ ਨਾਗਰਿਕ ਸਕੱਤਰੇਤ ’ਚ ਹੋਣ ਵਾਲੀ ਇਸ ਬੈਠਕ ਦਾ ਹਾਲਾਂਕਿ ਏਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਬੈਠਕ ਵਿਚ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ।

ਬਰਫ਼ਬਾਰੀ ਅਤੇ ਮੀਂਹ ਕਾਰਨ ਰੁਕੀ ਚਾਰ ਧਾਮ ਯਾਤਰਾ, ਤੀਰਥ ਯਾਤਰੀਆਂ ਨੂੰ ਰਸਤੇ 'ਚ ਰੋਕਿਆ ਗਿਆ
ਬਰਫ਼ਬਾਰੀ ਅਤੇ ਮੀਂਹ ਕਾਰਨ ਮੰਗਲਵਾਰ ਨੂੰ ਚਾਰ ਧਾਮ ਯਾਤਰਾ ਰੋਕ ਦਿੱਤੀ ਗਈ ਅਤੇ ਹਜ਼ਾਰਾਂ ਤੀਰਥ ਯਾਤਰੀਆਂ ਨੂੰ ਚੌਕਸੀ ਵਜੋਂ ਕੇਦਾਰਨਾਥ ਅਤੇ ਯਮੁਨੋਤਰੀ ਦੇ ਮਾਰਗਾਂ ਦਰਮਿਆਨ ਰੋਕ ਦਿੱਤਾ ਗਿਆ।

ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ, ਕਈ ਰਾਜਮਾਰਗ ਹੋਏ ਬੰਦ
 ਹਿਮਾਚਲ ਪ੍ਰਦੇਸ਼ 'ਚ ਬੇਮੌਸਮੀ ਬਰਫ਼ਬਾਰੀ ਅਤੇ ਗੜੇਮਾਰੀ ਨੇ ਜਿੱਥੇ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ, ਉੱਥੇ ਹੀ ਭਾਰੀ ਮੀਂਹ ਕਾਰਨ ਲਾਹੌਲ-ਸਪੀਤੀ, ਕਿਨੌਰ ਅਤੇ ਚੰਬਾ 'ਚ ਕਈ ਰਾਸ਼ਟਰੀ ਰਾਜਮਾਰਗ ਬੰਦ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ।

ED ਦੀ ਪੁੱਛਗਿੱਛ ’ਚ ਭਾਣਜੇ ਨੇ ਕੀਤਾ ਖੁਲਾਸਾ, ਕਰਾਚੀ ’ਚ ਹੀ ਹੈ ਅੰਡਰਵਰਲਡ ਡੌਨ ਦਾਊਦ ਇਬਰਾਹਿਮ
ਅੰਡਰਵਰਲਡ ਡੌਨ ਦਾਊਦ ਇਬਰਾਹਿਮ ਹਾਲੇ ਵੀ ਪਾਕਿਸਤਾਨ ’ਚ ਹੀ ਹੈ। ਇਸ ਦਾ ਖੁਲਾਸਾ ਦਾਊਦ ਦੇ ਭਾਣਜੇ ਨੇ ਈ. ਡੀ. ਦੀ ਪੁੱਛਗਿੱਛ ’ਚ ਕੀਤਾ ਹੈ। ਦਾਊਦ ਦੀ ਭੈਣ ਹਸੀਨਾ ਪਾਰਕਰ ਦੇ ਬੇਟੇ ਅਲੀ ਸ਼ਾਹ ਪਾਰਕਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਦਾਊਦ ਇਬਰਾਹਿਮ ਪਾਕਿਸਤਾਨ ਛੱਡ ਕੇ ਨਹੀਂ ਗਿਆ ਹੈ। ਉਹ ਹਾਲੇ ਵੀ ਪਾਕਿਸਤਾਨ ਦੇ ਕਰਾਚੀ ’ਚ ਹੀ ਮੌਜੂਦ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਆਸਟ੍ਰੇਲੀਆਈ ਹਮਰੁਤਬਾ ਅਲਬਾਨੀਜ਼ ਨਾਲ ਕੀਤੀ ਦੁਵੱਲੀ ਗੱਲਬਾਤ
ਧਾਨ ਮੰਤਰੀ ਨਰਿੰਦਰ ਮੋਦੀ ਨੇ ਕਵਾਡ ਸਮਿਟ ਤੋਂ ਵੱਖ ਮੰਗਲਵਾਰ ਨੂੰ ਆਸਟ੍ਰੇਲੀਆ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕੀਤੀ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ। ਮੋਦੀ ਅਤੇ ਅਲਬਾਨੀਜ਼ ਕਵਾਡ ਸਮਿਟ ਵਿੱਚ ਸ਼ਾਮਲ ਹੋਣ ਲਈ ਜਾਪਾਨ ਆਏ ਹੋਏ ਹਨ।

ਈਰਾਨ 'ਚ ਇਮਾਰਤ ਡਿੱਗਣ ਕਾਰਨ 11 ਦੀ ਮੌਤ, ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ
ਦੱਖਣ-ਪੱਛਮੀ ਈਰਾਨ ਵਿੱਚ ਮੰਗਲਵਾਰ ਨੂੰ ਇੱਕ ਇਮਾਰਤ ਢਹਿ-ਢੇਰੀ ਹੋ ਗਈ, ਜਿਸ ਦੇ ਮਲਬੇ ਹੇਠ ਦੱਬਣ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਮਲਬੇ ਹੇਠ ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ, ਜਿਸ ਨੂੰ ਧਿਆਨ 'ਚ ਰੱਖਦਿਆਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।

ਆਸਟ੍ਰੇਲੀਆ ਦੇ ਇਸ ਰਾਜ ਨੇ ਸਿੰਗਲ ਯੂਜ਼ ਪਲਾਸਟਿਕ ਬੈਗ ਦੀ ਵਰਤੋਂ 'ਤੇ ਲਗਾਈ ਪਾਬੰਦੀ
ਆਸਟ੍ਰੇਲੀਆ ਦਾ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਊ.) ਰਾਜ ਸਿੰਗਲ-ਯੂਜ਼ ਪਲਾਸਟਿਕ ਬੈਗਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਿਹਾ ਹੈ ਕਿਉਂਕਿ ਇਹ ਹੌਲੀ-ਹੌਲੀ ਸਾਰੇ ਸਿੰਗਲ-ਯੂਜ਼ ਪੈਕੇਜਿੰਗ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਕੋਰੋਨਾ ਵਾਂਗ ਸਰਹੱਦਾਂ ਪਾਰ ਕਰਨ ਲੱਗਾ ਮੰਕੀਪੌਕਸ, ਇਨ੍ਹਾਂ 15 ਦੇਸ਼ਾਂ ’ਚ ਮਾਮਲੇ ਆਏ ਸਾਹਮਣੇ
ਯੂਰਪ ’ਚ ਤੇਜ਼ੀ ਨਾਲ ਫੈਲ ਰਿਹਾ ਮੰਕੀਪੌਕਸ ਹੁਣ ਕੋਵਿਡ ਵਾਂਗ ਤੇਜ਼ੀ ਨਾਲ ਸਰਹੱਦਾਂ ਪਾਰ ਕਰ ਕੇ 15 ਦੇਸ਼ਾਂ ’ਚ ਪਹੁੰਚ ਚੁੱਕਾ ਹੈ। ਆਸਟ੍ਰੇਲੀਆ, ਅਮਰੀਕਾ ਅਤੇ ਕੈਨੇਡਾ ’ਚ ਵੀ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ।


Mukesh

Content Editor

Related News