ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

Friday, May 13, 2022 - 09:37 PM (IST)

ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੀਤਾਂ ਰਾਹੀਂ ਪੰਜਾਬ ’ਚ ਗੰਨ ਕਲਚਰ ਤੇ ਗੈਂਗਸਟਰਵਾਦ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ’ਤੇ ਸਖ਼ਤ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਉਥੇ ਹੀ ਸਿੱਖਿਆ ਮੰਤਰੀ ਮੀਤ ਹੇਅਰ ਨੇ ਗਰਮੀਆਂ ਦੀਆਂ ਛੁੱਟੀਆਂ 1 ਤੋਂ 30 ਜੂਨ ਤੱਕ ਕਰਨ ਦਾ ਫ਼ੈਸਲਾ ਕੀਤਾ ਹੈ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ-

ਗੰਨ ਕਲਚਰ ਤੇ ਗੈਂਗਸਟਰਵਾਦ ਪ੍ਰਮੋਟ ਕਰਨ ਵਾਲੇ ਗਾਇਕਾਂ ਦੀ ਹੁਣ ਖੈਰ ਨਹੀਂ, CM ਮਾਨ ਨੇ ਦਿੱਤੀ ਚਿਤਾਵਨੀ
ਗਾਣਿਆਂ ਰਾਹੀਂ ਪੰਜਾਬ ’ਚ ਗੰਨ ਕਲਚਰ ਤੇ ਗੈਂਗਸਟਰਵਾਦ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਦੀ ਹੁਣ ਖੈਰ ਨਹੀਂ ਕਿਉਂਕਿ ਸੀ. ਐੱਮ. ਭਗਵੰਤ ਮਾਨ ਨੇ ਇਸ ’ਤੇ ਸਖ਼ਤ ਕਾਰਵਾਈ ਦਾ ਐਲਾਨ ਕਰ ਦਿੱਤਾ ਹੈ।

ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਦਿੱਤਾ ਵੱਡਾ ਬਿਆਨ
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਵੱਲੋਂ ਆਪਣੇ ਫ਼ੈਸਲੇ ਉੱਤੇ ਪੁਨਰ ਵਿਚਾਰ ਕਰਦਿਆਂ 15 ਮਈ ਤੋਂ 31 ਮਈ 2022 ਤੱਕ ਸੂਬੇ ਦੇ ਸਮੂਹ ਸਰਕਾਰੀ, ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ’ਚ ਆਫਲਾਈਨ ਮੋਡ ’ਚ ਕਲਾਸਾਂ ਲੱਗਣਗੀਆਂ, ਜਦਕਿ ਗਰਮੀਆਂ ਦੀਆਂ ਛੁੱਟੀਆਂ 1 ਤੋਂ 30 ਜੂਨ ਤੱਕ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਕੁਲਤਾਰ ਸੰਧਵਾਂ ਦਾ ਵੱਡਾ ਬਿਆਨ: ਖ਼ਾਲੀ ਖ਼ਜ਼ਾਨਾ ਭਰਨ ਮਗਰੋਂ ਹੀ ਮਿਲਣਗੇ ਔਰਤਾਂ ਨੂੰ 1-1 ਹਜ਼ਾਰ ਰੁਪਏ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਦਾ ਖ਼ਜ਼ਾਨਾ ਖ਼ਾਲੀ  ਕਰ ਦਿੱਤਾ ਗਿਆ ਹੈ ਅਤੇ ਖ਼ਾਲੀ ਖ਼ਜ਼ਾਨਾ ਭਰਨ ਮਗਰੋਂ ਔਰਤਾਂ ਨੂੰ 1-1 ਹਜ਼ਾਰ ਰੁਪਏ ਮਿਲਣਗੇ।

ਮੋਹਾਲੀ ਹਮਲੇ ’ਚ ਡੀ. ਜੀ. ਪੀ ਦਾ ਖੁਲਾਸਾ, ਬੱਬਰ ਖਾਲਸਾ ਦੇ ਇਸ਼ਾਰੇ ’ਤੇ ਕੈਨੇਡਾ ਬੈਠੇ ਗੈਂਗਸਟਰ ਨੇ ਕਰਵਾਈ ਵਾਰਦਾਤ
ਮੋਹਾਲੀ ਸਥਿਤ ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਹਮਲੇ ਦੇ ਮਾਮਲੇ ਵਿਚ ਡੀ. ਜੀ. ਪੀ. ਵੀ. ਕੇ. ਭਾਵਰਾ ਨੇ ਵੱਡਾ ਖੁਲਾਸਾ ਕੀਤਾ ਹੈ। ਡੀ. ਜੀ. ਪੀ. ਨੇ ਕਿਹਾ ਹੈ ਕਿ ਇਹ ਹਮਲਾ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਗਠਜੋੜ ਨਾਲ ਹੋਇਆ ਹੈ।

ਰਾਮ ਰਹੀਮ ਨੂੰ ਮਿਲੀ ਰਾਹਤ, ਬਰਗਾੜੀ ਬੇਅਦਬੀ ਮਾਮਲੇ ’ਚ ਜ਼ਮਾਨਤ ਪਟੀਸ਼ਨ ਹੋਈ ਮਨਜ਼ੂਰ
ਬਰਗਾੜੀ ਬੇਅਦਬੀ ਮਾਮਲੇ ’ਚ ਰਾਮ ਰਹੀਮ ਨੂੰ ਰਾਹਤ ਮਿਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 2015 ਦੇ ਬਰਗਾੜੀ ਬੇਅਦਬੀ ਮਾਮਲੇ ’ਚ ਚਾਰਜਸ਼ੀਟ ਡੇਰਾ ਸੱਚਾ ਸੌਦਾ ਰਾਮ ਰਹੀਮ ਨੇ ਵਿਵਾਦਿਤ ਪੋਸਟਰ ਲਗਾਉਣ ਅਤੇ ਪਵਿੱਤਰ ਸਰੂਪ ਦੀ ਬੇਅਦਬੀ ਦੇ ਮਾਮਲਿਆਂ ’ਚ ਅਦਾਲਤ ’ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਹੈ।

ਮੋਹਾਲੀ ਧਮਾਕਾ ਮਾਮਲੇ ’ਚ ਨਵਾਂ ਮੋੜ, ਗਾਇਕ ਕਰਨ ਔਜਲਾ ਦਾ ਨੇੜਲਾ ਸਾਥੀ ਗ੍ਰਿਫ਼ਤਾਰ
ਮੋਹਾਲੀ ਵਿਖੇ ਇੰਟੈਲੀਜੈਂਸ ਬਿਲਡਿੰਗ ਵਿਚ ਧਮਾਕਾ ਕਰਨ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਦੀ ਟੀਮ ਨੇ ਜਗਦੀਪ ਕੰਗ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਗਦੀਪ ਕੰਗ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਹੈ।

ਫਰੀਦਕੋਟ : ਨਗਰ ਨਿਗਮ ਦੀ ਦੀਵਾਰ ’ਤੇ ਲਿਖੇ ਗਏ ‘ਖ਼ਾਲਿਸਤਾਨ’ ਜ਼ਿੰਦਾਬਾਦ ਦੇ ਨਾਅਰੇ
ਪੰਜਾਬ ਅਤੇ ਇਸਦੇ ਨਾਲ ਲੱਗਦੇ ਸੂਬਿਆਂ ’ਚ ਲਗਾਤਾਰ ਵਿਰੋਧੀ ਹਰਕਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੀ ਹੀ ਇਕ ਘਟਨਾ ਫਰੀਦਕੋਟ ’ਚ ਵੀ ਦੇਖਣ ਨੂੰ ਮਿਲੀ ਹੈ ਜਿੱਥੇ ਕਿਸੇ ਅਣਪਛਾਤੇ ਵਲੋਂ ਫਰੀਦਕੋਟ ਦੀ ਬਾਜੀਗਰ ਬਸਤੀ ’ਚ ਨਗਰ ਨਿਗਮ ਦੀ ਪਾਰਕ ਦੀ ਕੰਧ ’ਤੇ ਖ਼ਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਿਖਿਆ ਗਿਆ ਹੈ। 

ਪੰਜਾਬ ਦੀ ਧੀ ਪ੍ਰਨੀਤ ਕੌਰ ਨੇ ਏਸ਼ੀਆ ਕੱਪ 'ਚ ਮਾਰੀਆਂ ਮੱਲਾਂ, ਦੋ ਸੋਨ ਤੇ ਇਕ ਚਾਂਦੀ ਦਾ ਤਮਗ਼ਾ ਜਿੱਤਿਆ
ਪਟਿਆਲਾ ਦੀ ਵਸਨੀਕ ਪ੍ਰਨੀਤ ਕੌਰ ਨੇ ਏਸ਼ੀਆ ਕੱਪ ਸਟੇਜ-2 'ਚੋਂ ਕੰਪਾਊਂਡ ਵਰਗ ਦੇ ਮੁਕਾਬਲਿਆਂ 'ਚੋਂ ਦੋ ਸੋਨ ਤੇ ਇਕ ਚਾਂਦੀ ਦਾ ਤਮਗ਼ਾ ਜਿੱਤ ਕੇ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

ਸਰਕਾਰ ਨੇ ਸੋਧੇ ਡਰਾਈਵਿੰਗ ਲਾਇਸੈਂਸ ਬਣਵਾਉਣ ਦੇ ਨਿਯਮ, 1 ਜੁਲਾਈ ਤੋਂ ਹੋਣਗੇ ਲਾਗੂ
ਕੇਂਦਰ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਇਨ੍ਹਾਂ ਨਿਯਮਾਂ ਦੇ ਲਾਗੂ ਹੋ ਜਾਣ ਤੋਂ ਬਾਅਦ ਡਰਾਈਵਿੰਗ ਲਾਇਸੈਂਸ (DL) ਲੈਣ ਲਈ ਖੇਤਰੀ ਟਰਾਂਸਪੋਰਟ ਦਫਤਰ (RTO) ਜਾਣ ਦੀ ਜ਼ਰੂਰਤ ਨਹੀਂ ਰਹਿ ਜਾਵੇਗੀ।

ਸਾਊਦੀ ਅਰਬ 'ਚ ਫਸੇ ਨੌਜਵਾਨ ਦਾ ਸਿਰ ਕਲਮ ਹੋਣ ਨੂੰ ਰਹਿ ਗਏ 72 ਘੰਟੇ, ਦੁਖ਼ੀ ਪਰਿਵਾਰ ਦੀ ਪੰਜਾਬੀਆਂ ਨੂੰ ਅਪੀਲ
ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਮੱਲਣ ਦਾ ਰਹਿਣ ਵਾਲਾ ਨੌਜਵਾਨ ਬਲਵਿੰਦਰ ਸਿੰਘ ਸਾਊਦੀ ਅਰਬ ਵਿਖੇ ਮੌਤ ਦੀ ਸਜ਼ਾ ਭੁਗਤ ਰਿਹਾ ਹੈ। ਜੇਕਰ 15 ਮਈ ਤੱਕ 2 ਕਰੋੜ ਬਲੱਡ ਮਨੀ ਨਾ ਭਰੀ ਗਈ ਤਾਂ ਸਾਊਦੀ ਅਰਬ ਦੇ ਕਾਨੂੰਨ ਮੁਤਾਬਕ ਬਲਵਿੰਦਰ ਸਿੰਘ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ।

ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰ ਵਾਪਸ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, 4 ਦੀ ਮੌਤ ਤੇ 22 ਜ਼ਖਮੀ
ਜੰਮੂ-ਕਸ਼ਮੀਰ ਦੇ ਕਟੜਾ 'ਚ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰ ਪਰਤ ਰਹੇ ਸ਼ਰਧਾਲੂਆਂ ਨਾਲ ਸ਼ੁੱਕਰਵਾਰ ਨੂੰ ਵੱਡੀ ਅਣਸੁਖਾਵੀਂ ਘਟਨਾ ਵਾਪਰ ਗਈ। ਇਥੇ ਇਕ ਯਾਤਰੀ ਬੱਸ ਨੂੰ ਭਿਆਨਕ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਦਕਿ 22 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।

PM ਮੋਦੀ ਨੇ 'ਮਨ ਕੀ ਬਾਤ' ਲਈ ਦੇਸ਼ ਵਾਸੀਆਂ ਤੋਂ ਮੰਗੇ ਸੁਝਾਅ, ਜਾਰੀ ਕੀਤਾ ਇਹ ਟੈਲੀਫ਼ੋਨ ਨੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਲਈ ਦੇਸ਼ ਵਾਸੀਆਂ ਨੂੰ ਸੁਝਾਅ ਦੇਣ ਨੂੰ ਕਿਹਾ ਹੈ। ਪੀ.ਐੱਮ. ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ 29 ਮਈ ਨੂੰ ਪ੍ਰਸਾਰਿਤ ਕੀਤਾ ਜਾਵੇਗਾ।

ਸੁਪਰੀਮ ਕੋਰਟ ਦਾ NEET-PG ਪ੍ਰੀਖਿਆ ਮੁਲਤਵੀ ਕਰਨ ਤੋਂ ਇਨਕਾਰ
ਸੁਪਰੀਮ ਕੋਰਟ ਨੇ ਡਾਕਟਰਾਂ ਦੀ ਪਟੀਸ਼ਨ 'ਤੇ ਨੀਟ-ਪੀਜੀ 2022 ਪ੍ਰੀਖਿਆ ਮੁਲਤਵੀ ਕਰਨ ਤੋਂ ਸ਼ੁੱਕਰਵਾਰ ਨੂੰ ਇਨਕਾਰ ਕਰਦੇ ਹੋਏ ਕਿਹਾ ਕਿ ਦੇਰੀ ਕਰਨ ਨਾਲ ਡਾਕਟਰਾਂ ਦੀ ਗੈਰ-ਉਪਲੱਬਧਤਾ ਹੋਵੇਗੀ ਅਤੇ ਮਰੀਜ਼ਾਂ ਦੀ ਦੇਖਭਾਲ 'ਤੇ ਗੰਭੀਰ ਅਸਰ ਪਵੇਗਾ।

ਸੋਨੀਆ ਦਾ PM ਮੋਦੀ ’ਤੇ ਹਮਲਾ, ਕਿਹਾ-‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਦਾ ਮਤਲਬ ਡਰ ਦਾ ਮਾਹੌਲ ਬਣਾਉਣਾ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕੀਤਾ ਤੇ ਦੋਸ਼ ਲਾਇਆ ਕਿ ਉਨ੍ਹਾਂ ਦੀ ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ (ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ) ਦਾ ਅਰਥ ਲਗਾਤਾਰ ਧਰੁਵੀਕਰਨ ਕਰਨਾ ਅਤੇ ਡਰ ਦਾ ਮਾਹੌਲ ਬਣਾਉਣਾ ਹੈ।

ਆਸਟ੍ਰੇਲੀਆ 'ਚ ਪੰਜਾਬਣਾਂ ਨੇ ਪਾਈ ਧੱਕ, ਮਾਂ ਤੋਂ ਬਾਅਦ ਧੀ ਵੀ ਏਅਰਫੋਰਸ 'ਚ ਹੋਈ ਭਰਤੀ
ਆਸਟ੍ਰੇਲੀਆ ਗਈ ਸ੍ਰੀ ਮੁਕਤਸਰ ਸਾਹਿਬ ਦੀ ਮਨਜੀਤ ਕੌਰ ਅਤੇ ਉਨ੍ਹਾਂ ਦੀ ਧੀ ਖ਼ੁਸ਼ਰੂਪ ਦੋਵਾਂ ਨੇ ਪੰਜਾਬ ਰਹਿੰਦੇ ਆਪਣੇ ਪਰਿਵਾਰ ਦਾ ਸਿਰ ਫਖ਼ਰ ਨਾਲ ਉੱਚਾ ਕਰ ਦਿੱਤਾ ਹੈ। ਦਰਅਸਲ ਇਹ ਦੋਵੇਂ ਮਾਂਵਾਂ-ਧੀਆਂ ਆਸਟ੍ਰੇਲੀਅਨ ਏਅਰਫੋਰਸ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੀਆਂ ਹਨ।

ਆਸਟ੍ਰੇਲੀਆ 'ਚ 17,000 ਤੋਂ ਵੱਧ ਨਵੇਂ ਕੋਵਿਡ-19 ਕੇਸ ਦਰਜ, ਹਸਪਤਾਲਾਂ ਲਈ ਪੈਦਾ ਹੋਇਆ ਡਰ
ਆਸਟ੍ਰੇਲੀਆ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ। ਪੱਛਮੀ ਆਸਟ੍ਰੇਲੀਆ ਨੇ ਕੋਵਿਡ-19 ਦੇ ਵਿਸਫੋਟ ਦਾ ਅਨੁਭਵ ਕੀਤਾ ਹੈ, ਜਿਸ ਵਿੱਚ ਰੋਜ਼ਾਨਾ 17,033 ਨਵੇਂ ਕੇਸ ਦਰਜ ਕੀਤੇ ਗਏ ਹਨ। ਚਿੰਤਾ ਦੀ ਗੱਲ ਇਹ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਇਹ ਗਿਣਤੀ ਸਭ ਤੋਂ ਵੱਧ ਹੈ।

Elon Musk ਦੀ Twitter ਡੀਲ ਫ਼ਿਲਹਾਲ ਰੁਕੀ, ਜਾਣੋ ਵਜ੍ਹਾ
ਟੇਸਲਾ ਦੇ ਮਾਲਕ ਏਲੋਨ ਮਸਕ ਹਾਲ ਹੀ ਦੇ ਦਿਨਾਂ 'ਚ ਟਵਿੱਟਰ ਡੀਲ ਨੂੰ ਲੈ ਕੇ ਕਾਫੀ ਚਰਚਾ 'ਚ ਸਨ ਪਰ ਉਨ੍ਹਾਂ ਨੇ ਫਿਲਹਾਲ ਇਸ ਡੀਲ ਨੂੰ ਟਾਲਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਇਸ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ।


author

Mukesh

Content Editor

Related News