CM ਮਾਨ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ, ''84 ਦੇ ਕਤਲੇਆਮ ਬਾਰੇ ਬੋਲੇ ਰਾਹੁਲ ਗਾਂਧੀ, ਪੜ੍ਹੋ TOP 10

Tuesday, Jan 17, 2023 - 09:31 PM (IST)

ਜਲੰਧਰ: ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਤਾਂ ਉੱਧਰ ਪੰਜਾਬ 'ਚ 'ਭਾਰਤ ਜੋੜੋ ਯਾਤਰਾ' ਦੌਰਾਨ ਰਾਹੁਲ ਗਾਂਧੀ ਨੇ 1984 ਸਿੱਖ ਕਤਲੇਆਮ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...

ਵੱਡੀ ਖ਼ਬਰ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ

ਪੰਜਾਬ ਸਰਕਾਰ ਨੇ ਗਲੇ ਦੀ ਹੱਡੀ ਬਣੀ ਜ਼ੀਰਾ ਦੀ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦਾ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਕੀਤਾ ਹੈ। ਮਾਨ ਨੇ ਕਿਹਾ ਹੈ ਕਿ ਪੰਜਾਬ ਦੀ ਆਬੋ-ਹਵਾ ਨੂੰ ਕਿਸੇ ਨੂੰ ਵੀ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ। ਇਸ ਕਰਕੇ ਕਾਨੂੰਨੀ ਮਾਹਿਰਾਂ ਨਾਲ ਸਲਾਹ ਕਰਨ ਤੋਂ ਬਾਅਦ ਲੋਕਹਿੱਤ ’ਚ ਇੱਕ ਵੱਡਾ ਫੈਸਲਾ ਲਿਆ ਗਿਆ ਹੈ। 

1984 ਸਿੱਖ ਕਤਲੇਆਮ ਨੂੰ ਲੈ ਕੇ ਬੋਲੇ ਰਾਹੁਲ ਗਾਂਧੀ, ਦਿੱਤਾ ਅਹਿਮ ਬਿਆਨ

ਪੰਜਾਬ 'ਚ 'ਭਾਰਤ ਜੋੜੋ ਯਾਤਰਾ' ਦੌਰਾਨ ਅੱਜ ਰਾਹੁਲ ਗਾਂਧੀ ਨੇ 1984 ਸਿੱਖ ਕਤਲੇਆਮ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਇਸ ਮੁੱਦੇ 'ਤੇ ਆਪਣਾ ਸਟੈਂਡ ਰੱਖ ਚੁੱਕੇ ਸਨ ਤੇ ਮੈਂ ਵੀ ਇਸ ਮਾਮਲੇ 'ਤੇ ਆਪਣਾ ਪੱਖ ਰੱਖ ਚੁੱਕਾ ਹਾਂ। ਰਾਹੁਲ ਨੇ ਕਿਹਾ ਕਿ ਮੈਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਜੀ ਦੇ ਸਟੈਂਡ ਨਾਲ ਸਹਿਮਤ ਹਾਂ।

ਪੰਜਾਬ ਦੀਆਂ ਔਰਤਾਂ ਲਈ ਖ਼ੁਸ਼ਖ਼ਬਰੀ, ਮਾਨ ਸਰਕਾਰ ਦੇਣ ਜਾ ਰਹੀ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ

ਸਰਕਾਰ ਬਣਨ ’ਤੇ ਔਰਤਾਂ ਨੂੰ ਪ੍ਰਤੀ ਮਹੀਨਾ 1 ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰਨ ਵਾਲੀ ‘ਆਪ’ ਸਰਕਾਰ ਜਲਦੀ ਹੀ ਆਪਣੀ ਦੂਜੀ ਗਰੰਟੀ ਪੂਰੀ ਕਰਨ ਜਾ ਰਹੀ ਹੈ। ਹਲਕਾ ਦੱਖਣੀ ਤੋਂ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਇਸ ਬਾਰੇ ਅਹਿਮ ਜਾਣਕਾਰੀ ਦਿੱਤੀ। ਛੀਨਾ ਨੇ ਕਿਹਾ ਕਿ ‘ਆਪ’ ਸਰਕਾਰ ਜਨਤਾ ਨਾਲ ਕੀਤੇ ਗਏ ਹਰੇਕ ਵਾਅਦੇ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਤੋਂ ਪਹਿਲਾਂ ਅਸੀਂ ਆਪਣੀ ਦੂਜੀ ਗਾਰੰਟੀ ਵੀ ਪੂਰੀ ਕਰ ਰਹੇ ਹਾਂ।

ਤਰਨਤਾਰਨ 'ਚ ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਕਾਰਨ 15 ਸਾਲਾ ਮੁੰਡੇ ਦੀ ਮੌਤ

ਜ਼ਿਲ੍ਹੇ ਅਧੀਨ ਆਉਂਦੇ ਪਿੰਡ ਆਲੋਵਾਲ ਵਿਖੇ ਇਕ ਨਾਬਾਲਿਗ ਮੁੰਡੇ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਮੁੰਡਾ ਦੱਸਿਆ ਜਾ ਰਿਹਾ ਹੈ, ਜੋ ਕਰੀਬ ਛੇ ਮਹੀਨੇ ਪਹਿਲਾਂ ਨਸ਼ੇ ਦੀ ਦਲ-ਦਲ ਵਿੱਚ ਧੱਸ ਗਿਆ ਸੀ। ਇਸ ਘਟਨਾ ਤੋਂ ਬਾਅਦ ਥਾਣਾ ਵੈਰੋਵਾਲ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਮੁਫ਼ਤ ਬਿਜਲੀ ਵਾਲੇ ਸਾਵਧਾਨ, ਜੇ ਕੀਤਾ ਇਹ ਕੰਮ ਤਾਂ ਬੰਦ ਹੋ ਸਕਦੀ ਹੈ ਸਹੂਲਤ!

ਪੰਜਾਬ ਸਰਕਾਰ ਵੱਲੋਂ ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲੇ ਖ਼ਪਤਕਾਰ ਸਾਵਧਾਨ ਹੋ ਜਾਣ ਕਿਉਂਕਿ ਜੇਕਰ ਉਹ ਆਪਣੀਆਂ ਯੂਨਿਟਾਂ ਬਚਾਉਣ ਦੇ ਚੱਕਰ 'ਚ ਬਿਜਲੀ ਚੋਰੀ ਕਰਦੇ ਫੜੇ ਗਏ ਤਾਂ ਉਨ੍ਹਾਂ ਨੂੰ ਜੁਰਮਾਨਾ ਤਾਂ ਪਵੇਗਾ ਹੀ ਤੇ ਨਾਲ ਹੀ ਮੁਫ਼ਤ ਮਿਲ ਰਹੀ 600 ਯੂਨਿਟਾਂ ਤੋਂ ਵੀ ਹੱਥ ਧੋਣੇ ਪੈ ਸਕਦੇ ਹਨ। ਬਿਜਲੀ ਚੋਰੀ ਰੋਕਣ ਲਈ ਫੀਲਡ ਦੇ ਅਧਿਕਾਰੀਆਂ ਵੱਲੋਂ ਇਹ ਸੁਝਾਅ ਉੱਚ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ ਤਾਂ ਜੋ ਬਿਜਲੀ ਚੋਰੀ ਹੋਣ ਦੇ ਮਾਮਲਿਆਂ ਨਾਲ ਨਜਿੱਠਿਆ ਜਾ ਸਕੇ। 

ਚੰਡੀਗੜ੍ਹ ਦੇ ਨਵੇਂ ਮੇਅਰ ਬਣੇ BJP ਦੇ ਅਨੂਪ ਗੁਪਤਾ, 'ਆਪ' ਉਮੀਦਵਾਰ ਨੂੰ ਹਰਾਇਆ

ਚੰਡੀਗੜ੍ਹ 'ਚ ਨਵੇਂ ਮੇਅਰ ਦੀ ਚੋਣ ਹੋ ਚੁੱਕੀ ਹੈ। ਇਸ ਵਾਰ ਵੀ ਮੇਅਰ ਦੀ ਸੀਟ ਭਾਜਪਾ ਦੀ ਝੋਲੀ ਪਈ ਹੈ। ਭਾਜਪਾ ਦੇ ਅਨੂਪ ਗੁਪਤਾ ਨੂੰ ਚੰਡੀਗੜ੍ਹ ਦਾ ਨਵਾਂ ਮੇਅਰ ਬਣਾ ਦਿੱਤਾ ਗਿਆ ਹੈ। ਮੇਅਰ ਚੋਣਾਂ ਦੌਰਾਨ ਕੁੱਲ 29 ਵੋਟਾਂ ਪਈਆਂ। ਇਨ੍ਹਾਂ 'ਚੋਂ ਭਾਜਪਾ ਦੇ 14 ਕੌਂਸਲਰ ਸਨ, ਜਦੋਂ ਕਿ ਆਮ ਆਦਮੀ ਪਾਰਟੀ ਦੇ ਵੀ 14 ਕੌਂਸਲਰ ਸਨ ਪਰ ਸੰਸਦ ਮੈਂਬਰ ਕਿਰਨ ਖੇਰ ਦੀ ਵੋਟ ਭਾਜਪਾ ਨੂੰ ਗਈ।

ਸਿੱਖਿਆ ਮੰਤਰੀ ਦਾ ਅਹਿਮ ਐਲਾਨ, ਸਰਕਾਰੀ ਅਧਿਆਪਕਾਂ ਦੀਆਂ ਸਾਰੀਆਂ ਅਸਾਮੀਆਂ 'ਤੇ ਹੋਵੇਗੀ ਭਰਤੀ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇਕ ਸਮਾਗਮ ਦੌਰਾਨ ਐਲਾਨ ਕੀਤਾ ਕਿ ਸੂਬੇ ਵਿਚ ਅਧਿਆਪਕਾਂ ਦੀ ਭਰਤੀ ਦਾ ਕੰਮ ਸਾਰੀਆਂ ਆਸਾਮੀਆਂ ਭਰੇ ਜਾਣ ਤਕ ਲਗਾਤਾਰ ਜਾਰੀ ਰਹੇਗਾ। ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਮੋਹਾਲੀ ਵਿਖੇ ਮੈਰੀਟੋਰੀਅਸ ਸਕੂਲਾਂ ਵਾਸਤੇ ਭਰਤੀ ਕੀਤੇ ਲੈਕਚਰਾਰਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ  ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਨਿਸ਼ਾਨਾ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਹੈ।

ਵੱਡੀ ਖ਼ਬਰ : 'ਬਾਲਗ' ਨਿਕਲਿਆ ਮੋਹਾਲੀ RPG ਹਮਲੇ ਦਾ ਨਾਬਾਲਗ ਮੁਲਜ਼ਮ, ਪੁਲਸ ਨੂੰ ਪਹਿਲੇ ਦਿਨ ਤੋਂ ਹੀ ਸੀ ਸ਼ੱਕ

ਪੰਜਾਬ ਪੁਲਸ ਦੇ ਸੈਕਟਰ-77 ਸਥਿਤ ਇੰਟੈਲੀਜੈਂਸ ਦਫ਼ਤਰ 'ਚ ਹੋਏ ਆਰ. ਪੀ. ਜੀ. ਹਮਲੇ ਦੇ ਇਕ ਨਾਬਾਲਗ ਦੋਸ਼ੀ ਨੂੰ ਹੁਣ ਬਾਲਗ ਮੰਨਿਆ ਜਾਵੇਗਾ ਅਤੇ ਉਸ 'ਤੇ ਬਾਲਗਾਂ ਦੀ ਤਰ੍ਹਾਂ ਹੀ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਜੁਵੇਨਾਈਲ ਜਸਟਿਸ ਬੋਰਡ ਨੇ ਹੁਕਮ ਜਾਰੀ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਪੁਲਸ ਨੂੰ ਪਹਿਲੇ ਦਿਨ ਤੋਂ ਹੀ ਸ਼ੱਕ ਸੀ ਕਿ ਦੋਸ਼ੀ ਬਾਲਗ ਹੈ, ਹਾਲਾਂਕਿ ਪੁਲਸ ਨੇ ਅਤਿ-ਆਧੁਨਿਕ ਤਕਨੀਕਾਂ ਦੇ ਸਹਾਰੇ ਇਸ ਨੂੰ ਸਾਬਿਤ ਕੀਤਾ ਹੈ।

ਮੁੜ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਰਾਮ ਰਹੀਮ, ਹਰਿਆਣਾ ਸਰਕਾਰ ਕੋਲ ਲਗਾਈ ਪੈਰੋਲ ਦੀ ਅਰਜ਼ੀ

ਕਤਲ ਅਤੇ ਜਬਰ ਜ਼ਿਨਾਹ ਦੇ ਦੋਸ਼ 'ਚ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਮੁੜ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਉਨ੍ਹਾਂ ਨੇ ਹਰਿਆਣਾ ਸਰਕਾਰ ਕੋਲ ਪੈਰੋਲ ਦੀ ਅਰਜ਼ੀ ਲਗਾਈ ਹੈ। ਦੱਸ ਦੇਈਏ ਕਿ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। 

ਭਾਰਤੀਆਂ ਲਈ ਅਹਿਮ ਖ਼ਬਰ, ਅਮਰੀਕਾ ਨੇ ਵੀਜ਼ਾ ਅਤੇ ਗ੍ਰੀਨ ਕਾਰਡ ਸ਼੍ਰੇਣੀਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ

ਅਮਰੀਕਾ ਵਿਚ ਸਥਾਈ ਤੌਰ 'ਤੇ ਰਹਿਣ ਦਾ ਸੁਫ਼ਨਾ ਦੇਖਣ ਵਾਲੇ ਭਾਰਤੀਆਂ ਲਈ ਚੰਗੀ ਖ਼ਬਰ ਹੈ।।ਬਾਈਡੇਨ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਬਿਨੈਕਾਰਾਂ ਦੀਆਂ ਕੁਝ ਮਹੱਤਵਪੂਰਨ ਸ਼੍ਰੇਣੀਆਂ ਅਤੇ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਤੱਕ ਪ੍ਰੀਮੀਅਮ ਪਹੁੰਚ ਵਧਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਸਿਖਲਾਈ ਨਾਲ ਸਬੰਧਤ ਵੀਜ਼ੇ ਵੀ ਸ਼ਾਮਲ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News