ਜੇਲ ''ਚ ਬੰਦ ਭਰਾਵਾਂ ਦੇ ਗੁੱਟ ''ਤੇ ਰੱਖੜੀ ਬੰਨ੍ਹ ਕੇ ਅੱਖਾਂ ਹੋਈਆਂ ਨਮ

Tuesday, Aug 08, 2017 - 07:50 AM (IST)

ਲੁਧਿਆਣਾ, (ਸਿਆਲ)- ਭਰਾ-ਭੈਣ ਪਿਆਰ ਦੇ ਪ੍ਰਤੀਕ ਤਿਓਹਾਰ ਰੱਖੜੀ ਇਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬੜ੍ਹੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ।  ਇਸੇ ਲੜੀ ਤਹਿਤ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ ਵਿਚ ਸਲਾਖਾਂ ਪਿੱਛੇ ਬੰਦ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਦੇ ਹੋਏ ਭੈਣਾਂ ਦੀਆਂ ਅੱਖਾਂ ਨਮ ਹੋ ਗਈਆਂ। ਸਵੇਰੇ 7 ਵਜੇ ਤੋਂ ਕੈਦੀ ਭਰਾਵਾਂ ਦੀਆਂ ਭੈਣਾਂ ਪਰਿਵਾਰਾਂ ਸਮੇਤ ਜੇਲ ਕੰਪਲੈਕਸ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ। ਮੁੱਖ ਗੇਟ 'ਤੇ ਮੁਲਾਕਾਤ ਦਰਜ ਕਰਵਾਉਣ ਦੀ ਜਗ੍ਹਾ ਤੱਕ ਪੁੱਜਣ ਲਈ ਉਨ੍ਹਾਂ ਨਾਲ ਲਿਆਂਦੇ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ ਤਾਂ ਕਿ ਜੇਲ ਅੰਦਰ ਮੋਬਾਇਲ, ਨਸ਼ਾ ਕਿਸੇ ਤਰ੍ਹਾਂ ਦਾ ਇਤਰਾਜ਼ਯੋਗ ਸਾਮਾਨ ਨਾ ਪੁੱਜ ਸਕੇ।  ਇਸ ਮੌਕੇ ਜੇਲ ਸਪਰਡੈਂਟ ਐੱਸ. ਪੀ. ਖੰਨਾ, ਕਮਲਪ੍ਰੀਤ ਸਿੰਘ ਚੀਮਾ, ਵੈੱਲਫੇਅਰ ਅਫਸਰ ਕੁਲਦੀਪ ਸਿੰਘ ਮੌਜੂਦ ਸਨ। ਮੁਲਾਕਾਤ ਕਰਨ ਵਾਲਿਆਂ ਦੀ ਗਿਣਤੀ ਕੇਂਦਰੀ ਜੇਲ ਵਿਚ 1 ਹਜ਼ਾਰ, ਔਰਤ ਜੇਲ ਵਿਚ 31 ਅਤੇ ਬ੍ਰੋਸਟਲ ਜੇਲ ਵਿਚ 94 ਦੇ ਲਗਭਗ ਰਹੀ।
ਜੇਲ ਮੁਲਾਕਾਤ ਦਰਜ ਕਰਵਾਉਣ ਵਾਲੀ ਖਿੜਕੀ 'ਤੇ ਆਪਸ 'ਚ ਉਲਝੀਆਂ ਔਰਤਾਂ
ਜੇਲ ਕੰਪਲੈਕਸ ਵਿਚ ਲੰਬੀਆਂ ਲਾਈਨਾਂ ਵਿਚ ਕਈ ਘੰਟੇ ਤੱਕ ਖੜ੍ਹੀਆਂ ਔਰਤਾਂ ਅਤੇ ਪਰਿਵਾਰ ਵਾਲੇ ਆਪਣੀ ਮੁਲਾਕਾਤ ਦਰਜ ਕਰਵਾਉਣ ਦੀ ਉਡੀਕ ਕਰਦੇ ਸਮੇਂ ਹੁੰਮ ਅਤੇ ਗਰਮੀ ਕਾਰਨ ਕੁਝ ਲੋਕ ਆਪਣੇ ਨਾਲ ਲਿਆਂਦੀਆਂ ਹੱਥ ਪੱਖੀਆਂ ਲੈ ਕੇ ਹਵਾ ਝੱਲ ਰਹੇ ਸਨ ਅਤੇ ਉਸ ਜਗ੍ਹਾ 'ਤੇ ਪੀਣ ਦੇ ਪਾਣੀ ਦੀ ਵਿਵਸਥਾ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੋਇਆ ਸੀ। ਲੋਕ ਜੇਲ ਕੰਟੀਨ ਦੇ ਪੈਸਿਆਂ ਤੋਂ ਖਰੀਦ ਕੇ ਪਾਣੀ ਪੀ ਰਹੇ ਸਨ। ਇੰਨੇ ਵਿਚ ਮੁਲਾਕਾਤ ਦਰਜ ਕਰਵਾਉਣ ਵਾਲੀ ਜਗ੍ਹਾ 'ਤੇ ਔਰਤਾਂ ਅੱਗੇ ਆਉਣ ਲਈ ਆਪਸ ਵਿਚ ਉਲਝ ਪਈਆਂ, ਜਿਸ ਨਾਲ ਜੇਲ ਕੰਪਲੈਕਸ ਵਿਚ ਰੌਲਾ ਪੈ ਗਿਆ।
ਰੱਖੜੀ ਲਈ ਕੈਦੀ ਹੋਇਆ ਰਿਹਾਅ
ਅੱਜ ਸਵੇਰ 12 ਵਜੇ ਦੇ ਲਗਭਗ ਖੰਨਾ ਦਾ ਰਹਿਣ ਵਾਲਾ ਕੈਦੀ ਅਮਨਦੀਪ ਨੇ ਇਕ ਸਾਲ ਦੀ ਕੈਦ ਭੁਗਤ ਕੇ ਜੇਲ ਤੋਂ ਰਿਹਾਅ ਹੋਣ 'ਤੇ ਜਗ ਬਾਣੀ ਦੇ ਪ੍ਰਤੀਨਿਧੀ ਨੂੰ ਵਿਸ਼ੇਸ਼ ਗੱਲਬਾਤ ਵਿਚ ਦੱਸਿਆ ਕਿ ਅੱਜ ਦਾ ਦਿਨ ਮੇਰੇ ਲਈ ਬਹੁਤ ਹੀ ਭਾਗਸ਼ਾਲੀ ਹੈ ਕਿ ਪਰਿਵਾਰ ਵਿਚ ਆਈ ਮੇਰੀ ਭੈਣ ਗੁੱਟ 'ਤੇ ਰੱਖੜੀ ਬੰਨ੍ਹਣ ਦਾ ਇੰਤਜ਼ਾਰ ਕਰ ਰਹੀ ਹੈ। ਆਪਣੇ ਘਰ ਤੱਕ ਪੁੱਜਣ ਲਈ ਹੋਰ ਕਿੰਨਾ ਸਮਾਂ ਲੱਗੇਗਾ, ਜਿਸ ਨਾਲ ਪਰਿਵਾਰ ਵਿਚ ਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਗਲੇ ਮਿਲ ਕੇ ਜੀਵਨ ਵਿਚ ਚੰਗੇ ਕੰਮ ਕਰਨ ਦਾ ਵਚਨ ਦੇ ਸਕਾਂ।


Related News