ਜਲੰਧਰ: ਸ਼ਾਲ ਨਾਲ ਗਲਾ ਘੁੱਟ ਕੇ ਨਾਨੀ ਨੂੰ ਦੋਹਤੇ ਨੇ ਦਿੱਤੀ ਸੀ ਬੇਰਹਿਮ ਮੌਤ, ਗ੍ਰਿਫ਼ਤਾਰ ਮੁਲਜ਼ਮਾਂ ਨੇ ਖੋਲ੍ਹੇ ਰਾਜ਼
Saturday, Dec 24, 2022 - 05:06 PM (IST)
ਜਲੰਧਰ (ਮਹੇਸ਼)–ਸੋਚ ਕੇ ਗਏ ਸੀ ਕਿ ਨਾਨੀ ਦਾ ਜਨਮ ਦਿਨ ਹੈ, ਪੈਸੇ ਅਤੇ ਸੋਨਾ ਲੈ ਕੇ ਆਵਾਂਗੇ ਪਰ ਜਦੋਂ ਨਾਨੀ ਨੇ ਇਹ ਸਭ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਲੜਾਈ-ਝਗੜਾ ਕਰਨ ਲੱਗ ਪਈ ਤਾਂ ਗੁੱਸੇ ਵਿਚ ਆ ਕੇ ਘਰ ਵਿਚ ਹੀ ਪਏ ਸ਼ਾਲ ਨਾਲ ਗਲਾ ਘੁੱਟ ਕੇ ਨਾਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਗੱਲ ਕਮਿਸ਼ਨਰੇਟ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਅਤੇ ਥਾਣਾ ਸਦਰ ਦੀ ਪੁਲਸ ਵੱਲੋਂ ਸਾਂਝੇ ਰੂਪ ਵਿਚ ਆਪਣੇ 2 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਰਕਸ਼ੈ ਪੁੱਤਰ ਸਚਿਦਾਨੰਦ ਝਾਅ ਨਿਵਾਸੀ 140, ਛੋਟੀ ਬਾਰਾਦਰੀ, ਫੇਸ-2 ਜਲੰਧਰ ਨੇ ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਵਿਚ ਕਹੀ।
ਮ੍ਰਿਤਕਾ ਵਿਜੇ ਛਾਬੜਾ ਪਿੰਡ ਉਸਮਾਨਪੁਰ ਵਿਚ ਇਕੱਲੀ ਹੀ ਘਰ ਵਿਚ ਰਹਿੰਦੀ ਸੀ। ਮਹਿਲਾ ਰੇਲਵੇ ਅਧਿਕਾਰੀ ਪ੍ਰਤਿਮਾ ਦੇ 20 ਸਾਲਾ ਬੇਟੇ ਰਕਸ਼ੈ ਨੇ ਕਿਹਾ ਕਿ ਉਸ ਨੇ ਆਪਣੇ ਸਾਥੀਆਂ ਜਾਇਲ ਮਸੀਹ ਉਰਫ਼ ਯੁੱਧਵੀਰ ਪੁੱਤਰ ਵਿਕਟਰ ਨਿਵਾਸੀ ਜਸਵੰਤ ਨਗਰ ਥਾਣਾ ਨੰਬਰ 7 ਜਲੰਧਰ ਅਤੇ ਵਿਕਾਸ ਉਰਫ਼ ਨੰਨੂ ਪੁੱਤਰ ਜਗਤਾਰ ਸਿੰਘ ਨਿਵਾਸੀ ਈਦਗਾਹ ਮੁਹੱਲਾ ਗੜ੍ਹਾ ਜਲੰਧਰ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਘਰ ਵਿਚ ਪਏ ਪੈਸੇ ਚੁੱਕ ਕੇ ਉਹ ਤਿੰਨੋਂ ਆਪਣੇ ਮੋਟਰਸਾਈਕ ਹਾਂਡਾ ਸਿਟੀ ਡੀਲਕਸ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਦੀਆਂ ਗਾਈਡਲਾਈਨਜ਼ ’ਤੇ ਕੰਮ ਕਰਦੇ ਹੋਏ ਏ. ਸੀ. ਪੀ. ਡੀ. ਪਰਮਜੀਤ ਸਿੰਘ ਅਤੇ ਏ. ਸੀ. ਪੀ. ਜਲੰਧਰ ਕੈਂਟ ਬਬਨਦੀਪ ਸਿੰਘ ਦੀ ਅਗਵਾਈ ਵਿਚ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਇੰਸ. ਇੰਦਰਜੀਤ ਸਿੰਘ ਸੈਣੀ ਅਤੇ ਥਾਣਾ ਸਦਰ ਦੇ ਮੁਖੀ ਇੰਸ. ਸੁਖਬੀਰ ਸਿੰਘ ਵੱਲੋਂ ਉਕਤ ਤਿੰਨਾਂ ਮੁਲਜ਼ਮਾਂ ਨੂੰ ਡਿਫੈਂਸ ਕਾਲੋਨੀ ਟੀ-ਪੁਆਇੰਟ ਤੋਂ ਗ੍ਰਿਫ਼ਤਾਰ ਕਰਦੇ ਹੋਏ ਉਨ੍ਹਾਂ ਦੇ ਕਬਜ਼ੇ ਵਿਚੋਂ 3 ਮੋਬਾਇਲ ਫੋਨ, 21900 ਰੁਪਏ ਦੀ ਨਕਦੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪਤੰਗ ਉਡਾਉਂਦਿਆਂ ਵਾਪਰੇ ਹਾਦਸੇ ਨੇ ਘਰ 'ਚ ਵਿਛਾ ਦਿੱਤੇ ਸੱਥਰ, ਦੋ ਭੈਣਾਂ ਦੇ 14 ਸਾਲਾ ਇਕਲੌਤੇ ਭਰਾ ਦੀ ਮੌਤ
ਡੀ. ਸੀ. ਪੀ. ਤੇਜਾ ਨੇ ਦੱਸਿਆ ਕਿ ਦੋਹਤੇ ਵੱਲੋਂ 73 ਸਾਲਾ ਕਤਲ ਕੀਤੀ ਗਈ ਨਾਨੀ ਵਿਜੇ ਛਾਬੜਾ ਪਤਨੀ ਸਵ. ਹਰਮਹਿੰਦਰਪਾਲ ਛਾਬੜਾ ਨਿਵਾਸੀ ਪਿੰਡ ਉਸਮਾਨਪੁਰ ਥਾਣਾ ਸਦਰ ਜ਼ਿਲ੍ਹਾ ਜਲੰਧਰ ਦੀ 46 ਸਾਲਾ ਧੀ ਪ੍ਰਤਿਮਾ ਨਿਵਾਸੀ 140, ਛੋਟੀ ਬਾਰਾਦਰੀ ਫੇਸ-2 ਜਲੰਧਰ ਦੇ ਬਿਆਨਾਂ ’ਤੇ ਥਾਣਾ ਸਦਰ ਵਿਚ ਰਕਸ਼ੈ ਅਤੇ ਉਸ ਦੇ ਸਾਥੀਆਂ ਜਾਇਲ ਮਸੀਹ ਅਤੇ ਵਿਕਾਸ ਖ਼ਿਲਾਫ਼ ਧਾਰਾ 302, 388 ਅਤੇ 34 ਆਈ. ਪੀ. ਸੀ. ਤਹਿਤ 215 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਪ੍ਰਤਿਮਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਇਹ ਵੀ ਕਿਹਾ ਸੀ ਕਿ ਬੇਟੇ ਰਕਸ਼ੈ ਨੂੰ ਬੁਰੀ ਸੰਗਤ ਵਿਚ ਪੈ ਜਾਣ ਕਾਰਨ ਉਨ੍ਹਾਂ ਬੇਦਖਲ ਕਰ ਦਿੱਤਾ ਸੀ। ਉਹ ਘਰੋਂ ਬਾਹਰ ਹੀ ਰਹਿੰਦਾ ਸੀ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਥਾਣਾ ਸਦਰ ਦੀ ਪੁਲਸ ਵੱਲੋਂ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਫੜੇ ਗਏ ਦੋਸ਼ੀਆਂ ਨੂੰ ਲੈ ਕੇ ਪੰਜਾਬ DGP ਗੌਰਵ ਯਾਦਵ ਦਾ ਹੁਣ ਤੱਕ ਦਾ ਵੱਡਾ ਖ਼ੁਲਾਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ