ਪਿੰਡ ਚੱਕ ਕਾਠਗੜ੍ਹ (ਹਿਸਾਨ ਵਾਲਾ) ਵਿਖੇ ਹੋਏ ਝਗੜੇ ''ਚ ਇਕ ਗਰਭਵਤੀ ਮਹਿਲਾ ਸਮੇਤ 3 ਜ਼ਖਮੀ
Thursday, Oct 05, 2017 - 04:53 PM (IST)
ਜਲਾਲਾਬਾਦ (ਟੀਨੂੰ, ਦੀਪਕ) - ਨਜ਼ਦੀਕੀ ਪਿੰਡ ਚੱਕ ਕਾਠਗੜ੍ਹ (ਹਿਸਾਨ ਵਾਲਾ) ਵਿਖੇ ਹੋਏ ਝਗੜੇ 'ਚ ਇਕ ਗਰਭਵਤੀ ਮਹਿਲਾ ਸਮੇਤ ਕੁੱਲ ਤਿੰਨ ਜਣਿਆਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਜ਼ਖਮੀ ਹਰਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ 'ਚ ਰਹਿੰਦੇ ਵਿਅਕਤੀਆਂ ਨੇ ਪਿੰਡ ਦੀ ਪੰਚਾਇਤ ਘਰ ਅੰਦਰ ਅਤੇ ਪਿੰਡ 'ਚ ਪੰਚਾਇਤ ਵਾਲੀ ਥਾਂ 'ਤੇ ਬਣੇ ਕਮਰਿਆਂ ਨੂੰ ਜਿਸ 'ਚ ਪਿੰਡ ਦੇ ਨੌਜਵਾਨਾਂ ਲਈ ਜਿੰਮ ਲਗਾਉਣ ਦਾ ਸਾਮਾਨ ਪਿਆ ਸੀ, ਨੂੰ ਤਾਲਾ ਲਗਾ ਦਿੱਤਾ। ਬੁੱਧਵਾਰ ਨੂੰ ਉਨ੍ਹਾਂ ਨਾਲ ਗੱਲਬਾਤ ਕਰਕੇ ਕਮਰਿਆਂ ਦਾ ਤਾਲਾ ਖੋਲ੍ਹਣ ਦੀ ਅਪੀਲ ਕੀਤੀ ਪਰ ਉਕਤ ਵਿਅਕਤੀਆਂ ਨੇ ਦੋਵਾਂ ਕਮਰਿਆਂ ਦਾ ਤਾਲਾ ਨਾ ਖੋਲ੍ਹਿਆ। ਵੀਰਵਾਰ ਦੀ ਸਵੇਰ 7 ਵਜੇ ਦੇ ਕਰੀਬ ਆਪਣੇ ਸਾਥੀਆਂ ਨਾਲ ਮਿਲ ਕੇ ਹਥਿਆਰਾਂ ਸਮੇਤ ਸਾਡੇ ਘਰ 'ਤੇ ਹਮਲਾ ਕਰਦੇ ਹੋਏ ਸਾਡੇ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਜ਼ਖਮੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਰਕੁੱਟ ਦੇ ਦੌਰਾਨ ਮੈ, ਮੇਰੀ ਭਾਬੀ ਹਰਜੀਤ ਕੌਰ ਪਤਨੀ ਬਲਵਿੰਦਰ ਸਿੰਘ ਅਤੇ ਮੇਰਾ ਭਰਾ ਲਖਵਿੰਦਰ ਸਿੰਘ ਜ਼ਖਮੀ ਹੋ ਗਏ।
