ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਮੰਗੀ 7 ਲੱਖ ਦੀ ਫਿਰੋਤੀ, ਗ੍ਰਿਫਤਾਰ
Monday, Mar 09, 2020 - 04:15 PM (IST)
ਜਲਾਲਾਬਾਦ (ਸੇਤੀਆ, ਟੀਨੂੰ, ਸੁਮਿਤ) : ਹਲਕੇ ਅੰਦਰ ਬਲੈਕਮੇਲਿੰਗ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਅਕਤੀ ਨੇ ਫੋਨ 'ਤੇ ਜਾਨੋ ਮਾਰਣ ਦੀ ਧਮਕੀ ਦੇ 7 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਪਰ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਫੋਨ 'ਤੇ ਧਮਕੀਆਂ ਤੇ ਪੈਸੇ ਮੰਗਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ। ਕਾਬੂ ਕੀਤਾ ਵਿਅਕਤੀ ਹਰੀਸ਼ ਕੁਮਾਰ ਪੁੱਤਰ ਗੁਰਮੁਖ ਚੰਦ ਵਾਸੀ ਮਾਹਮੂਜੋਈਆ ਥਾਣਾ ਅਮੀਰ ਖਾਸ ਦਾ ਵਾਸੀ ਹੈ ਜਿਸ ਖਿਲਾਫ ਧਾਰਾ 384,387 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਅਮਰਿੰਦਰ ਸਿੰਘ ਨੇ ਦੱਸਿਆ ਕਿ ਐੱਸ. ਆਈ. ਚੰਦਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ 'ਤੇ ਸਨ ਕਿ ਭਗਵਾਨ ਪਰਸ਼ੂਰਾਮ ਚੌਂਕ ਨਜ਼ਦੀਕ ਦੀਪਕ ਕੁਮਾਰ ਪੁੱਤਰ ਰਮੇਸ਼ ਵਾਸੀ ਰਾਮ ਲੀਲਾ ਚੌਂਕ ਨੇ ਬਿਆਨ ਦਰਜ ਕਰਵਾਇਆ ਕਿ ਉਸਦੇ ਪਿਤਾ ਰਮੇਸ਼ ਕੁਮਾਰ ਪੁੱਤਰ ਬੱਗੂ ਰਾਮ ਦੇ ਮੋਬਾਇਲ 'ਤੇ ਲਗਾਤਾਰ ਧਮਕੀ ਭਰੇ ਮੈਸੇਜ ਆ ਰਹੇ ਹਨ ਕਿ ਜੇਕਰ ਜਾਨ ਦੀ ਸਲਾਮਤੀ ਚਾਹੁੰਦੇ ਹੋ ਤਾਂ 7 ਲੱਖ ਰੁਪਏ ਦੇ ਦਿਓ।
ਇਸ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਮੈਸੇਜ ਕਰਨ ਵਾਲਾ ਹਰੀਸ਼ ਕੁਮਾਰ ਪੁੱਤਰ ਗੁਰਮੁਖ ਚੰਦ ਵਾਸੀ ਮਾਹਮੂਜੋਈਆ ਥਾਣਾ ਅਮੀਰ ਖਾਸ ਦਾ ਵਾਸੀ ਹੈ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਉਕਤ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਪੁਲਸ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।