ਕਰਿਆਨੇ ਦੀ ਦੁਕਾਨ ਦੀ ਛੱਤ ਪਾੜ ਕੇ ਚੋਰ 35 ਹਜ਼ਾਰ ਨਕਦੀ ਚੁਰਾ ਕੇ ਫਰਾਰ

07/12/2017 7:46:29 AM

ਸੁਲਤਾਨਪੁਰ ਲੋਧੀ, (ਸੋਢੀ, ਤਿਲਕਰਾਜ)- ਵਾਰਡ ਨੰਬਰ ਇਕ ਸੁਲਤਾਨਪੁਰ ਲੋਧੀ 'ਚ ਪੈਂਦੇ ਮੁਹੱਲਾ ਗੁਰੂ ਨਾਨਕ ਨਗਰ ਦੇ ਗਾਜੀਪੁਰ ਰੋਡ 'ਤੇ ਕਰਿਆਨਾ ਵਪਾਰੀ ਦੀ ਦੁਕਾਨ ਦੀ ਛੱਤ ਪਾੜ ਕੇ ਚੋਰ 30-35 ਹਜ਼ਾਰ ਰੁਪਏ ਦੇ ਕਰੀਬ ਨਕਦੀ ਚੋਰੀ ਕਰਕੇ ਬੀਤੀ ਰਾਤ ਫਰਾਰ ਹੋ ਗਏ। ਸਿੱਖ ਮਿਸ਼ਨ ਅਕੈਡਮੀ ਸੁਲਤਾਨਪੁਰ ਲੋਧੀ ਦੇ ਸਾਹਮਣੇ ਇਸ ਕਰਿਆਨੇ ਦੀ ਦੁਕਾਨ ਦੀ ਬਾਲਿਆਂ ਵਾਲੀ ਛੱਤ ਤੋਂ ਟਾਇਲ-ਇੱਟਾਂ ਸੱਬਲ ਆਦਿ ਨਾਲ ਪੁੱਟ ਕੇ ਚੋਰ ਦੁਕਾਨ ਅੰਦਰ ਦਾਖਲ ਹੋਇਆ ਤੇ ਦੁਕਾਨ ਅੰਦਰ ਗੱਲੇ ਦੀਆਂ ਲੁਕੋ ਕੇ ਰੱਖੀਆਂ ਚਾਬੀਆਂ ਨੂੰ ਲੱਭ ਕੇ ਬੜੀ ਆਸਾਨੀ ਨਾਲ ਗੱਲਾ ਖੋਲ੍ਹ ਕੇ 'ਚ ਰੱਖੀ ਸਾਰੀ ਨਕਦੀ, ਇਕ ਮੋਬਾਇਲ ਤੇ ਸਿੱਕੇ ਆਦਿ ਇਕ ਲਿਫਾਫੇ 'ਚ ਪਾਏ ਤੇ ਮੁੜ ਛੱਤ ਰਾਹੀਂ ਬਾਹਰ ਨਿਕਲ ਕੇ ਫਰਾਰ ਹੋ ਗਿਆ। ਦੁਕਾਨ ਮਾਲਕ ਇੰਦਰਜੀਤ ਸਿੰਘ ਪੁੱਤਰ ਸੁੱਚਾ ਸਿੰਘ ਨਿਵਾਸੀ ਪਿੰਡ ਜਾਰਜਪੁਰ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਸਨੇ ਰੋਜ਼ ਵਾਂਗ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਛੱਤ 'ਚ ਲੱਗੀ ਸੰਨ੍ਹ ਦੇਖ ਕੇ ਹੋਸ਼ ਉੱਡ ਗਏ। ਉਨ੍ਹਾਂ ਤੁਰੰਤ ਸਿੱਖ ਮਿਸ਼ਨ ਅਕੈਡਮੀ ਦੇ ਐੱਮ. ਡੀ. ਸੁਖਦੇਵ ਸਿੰਘ ਖਾਲਸਾ ਨੂੰ ਬੁਲਾਇਆ ਤੇ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੂੰ ਸੁਚਿਤ ਕੀਤਾ। ਇਸ ਸਮੇਂ ਏ. ਐੱਸ. ਆਈ. ਬਲਕਾਰ ਸਿੰਘ ਨੇ ਮੌਕੇ 'ਤੇ ਪੁੱਜ ਕੇ ਚੋਰੀ ਦੀ ਵਾਰਦਾਤ ਦੀ ਜਾਂਚ ਕੀਤੀ ਤੇ ਕੁਝ ਸ਼ੱਕੀ ਲੋਕਾਂ ਬਾਰੇ ਜਾਂਚ ਆਰੰਭ ਕਰ ਦਿੱਤੀ ਹੈ।
ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਮੇਨ ਰੋਡ ਦੇ ਨੇੜੇ ਤੇ ਪਿੰਡ ਗਾਜੀਪੁਰ ਰੋਡ ਦਾ ਨਾਲ ਸ਼ਹਿਰ ਵਾਲੇ ਪਾਸੇ ਬਣੀ ਇਸ ਕਰਿਆਨੇ ਦੀ ਦੁਕਾਨ 'ਚ ਸੰਨ੍ਹ ਲਾ ਕੇ ਚੋਰੀ ਕਰਨ ਵਾਲਾ ਚੋਰ ਦੁਕਾਨ ਬਾਰੇ ਪੂਰਾ ਭੇਤੀ ਜਾਪਦਾ ਹੈ। ਜਿਸਨੇ ਬਿਨਾਂ ਕੋਈ ਤਾਲਾ ਤੋੜੇ ਚਾਬੀਆਂ ਲੱਭ ਕੇ ਗੱਲ੍ਹਾ ਖੋਲ੍ਹਿਆ ਤੇ ਨਕਦੀ ਚੁਰਾਈ ਤੇ ਫਰਾਰ ਹੋ ਗਿਆ। ਦੁਕਾਨਦਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਚੋਰ ਨੇ ਹੋਰ ਕੋਈ ਵੀ ਚੀਜ਼ ਚੋਰੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਦੁਕਾਨ ਦੀ ਕੁਝ ਦਿਨਾਂ ਦੀ ਵੱਟਤ ਦੀ ਸਾਰੀ ਰਕਮ ਉਸਨੇ ਗੱਲ੍ਹੇ 'ਚ ਹੀ ਰੱਖੀ ਸੀ, ਕਿÎਉਂਕਿ ਰਾਤ ਨੂੰ ਰਸਤਿਆਂ 'ਚ ਵੀ ਲੁੱਟ-ਖੋਹ ਹੋਣ ਦਾ ਖਤਰਾ ਰਹਿੰਦਾ ਸੀ। ਪੁਲਸ ਚੋਰਾਂ ਦੀ ਭਾਲ ਕਰ ਰਹੀ ਹੈ।


Related News