ਬਟਾਲਾ ''ਚ ਚੋਰੀਆਂ ਦਾ ਸਿਲਸਿਲਾ ਜਾਰੀ, ਚੋਰਾਂ ਨੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

Saturday, Oct 10, 2020 - 04:43 PM (IST)

ਬਟਾਲਾ ''ਚ ਚੋਰੀਆਂ ਦਾ ਸਿਲਸਿਲਾ ਜਾਰੀ, ਚੋਰਾਂ ਨੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

ਬਟਾਲਾ (ਬੇਰੀ) : ਬਟਾਲਾ ਸ਼ਹਿਰ 'ਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਨੂੰ ਰੋਕਣ 'ਚ ਪੁਲਸ ਪ੍ਰਸ਼ਾਸਨ ਅਸਫ਼ਲ ਨਜ਼ਰ ਆ ਰਿਹਾ ਹੈ। ਇੱਥੇ ਇਹ ਦੱਸ ਦਈਏ ਕਿ ਚੋਰਾਂ ਵਲੋਂ ਬੀਤੇ ਇਕ ਹਫ਼ਤੇ 'ਚ 6 ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ, ਕੀਮਤੀ ਸਮਾਨ ਅਤੇ ਦਵਾਈਆਂ ਚੋਰੀ ਕੀਤੀਆਂ ਗਈਆਂ ਹਨ। ਜਦਕਿ ਬੀਤੀ ਰਾਤ ਵੀ ਚੋਰ ਗਾਂਧੀ ਚੌਕ ਸਥਿਤ ਤਿੰਨ ਦੁਕਾਨਾਂ 'ਚੋਂ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਸ਼ਹਿਰ 'ਚ ਹੋ ਰਹੀਆਂ ਸਿਲਸਿਲੇ ਵਾਰ ਚੋਰੀਆਂ ਨਾਲ ਜਿਥੇ ਸ਼ਹਿਰ ਵਾਸੀਆਂ 'ਚ ਸਹਿਮ ਦਾ ਮਾਹੌਲ ਹੈ, ਉੱਥੇ ਨਾਲ ਹੀ ਲੋਕਾਂ 'ਚ ਪੁਲਸ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਨਨ ਅਬਰੋਲ ਪੁੱਤਰ ਬ੍ਰਿਜਮੋਹਨ ਅਬਰੋਲ ਵਾਸੀ ਬੇੜੀਆਂ ਮੁਹੱਲਾ ਨੇ ਦੱਸਿਆ ਕਿ ਉਨ੍ਹਾਂ ਦੀ ਗਾਂਧੀ ਚੌਕ 'ਚ ਅਬਰੋਲ ਬਰਤਨ ਸਟੋਰ ਦੀ ਦੁਕਾਨ ਹੈ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਅਤੇ ਅੱਜ ਜਦ ਸਵੇਰੇ ਉਨ੍ਹਾਂ ਦੁਕਾਨ ਖੋਲ੍ਹੀ ਤਾਂ ਦੁਕਾਨ ਵਿਚ ਪਿਆ ਸਮਾਨ ਖਿਲਰਿਆ ਹੋਇਆ ਸੀ।

ਇਹ ਵੀ ਪੜ੍ਹੋ : ਭੋਗਪੁਰ 'ਚ ਵੱਡੀ ਵਾਰਦਾਤ, ਘਰ ਦੇ ਬਾਹਰ ਖੜ੍ਹੇ ਨੌਜਵਾਨ ਨੂੰ ਮਾਰੀਆਂ ਗੋਲੀਆਂ

PunjabKesari

ਉਨ੍ਹਾਂ ਅੱਗੇ ਦੱਸਿਆ ਕਿ ਚੋਰ ਦੁਕਾਨ ਦੀ ਤੀਸਰੀ ਮੰਜ਼ਿਲ ਦਾ ਦਰਵਾਜ਼ਾ ਤੋੜ ਕੇ ਦੁਕਾਨ 'ਚ ਦਾਖ਼ਲ ਹੋਏ ਅਤੇ ਦੁਕਾਨ ਵਿਚ ਪਈ 1 ਲੱਖ ਰੁਪਏ ਦੀ ਨਕਦੀ ਅਤੇ ਕਰੀਬ 2 ਲੱਖ ਰੁਪਏ ਦਾ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਉਧਰ ਨਵਨੀਤ ਅਬਰੋਲ ਪੁੱਤਰ ਕਾਲੂ ਰਾਮ ਵਾਸੀ ਬੇੜੀਆਂ ਮੁਹੱਲਾ ਬਟਾਲਾ ਨੇ ਦੱਸਿਆ ਕਿ ਅੱਜ ਜਦ ਉਨ੍ਹਾਂ ਆਪਣੀ ਦੁਕਾਨ ਖੋਲ੍ਹੀ ਤਾਂ ਦੇਖਿਆ ਕਿ ਦੁਕਾਨ ਵਿਚ ਪਿਆ ਸਾਰਾ ਸਾਮਾਨ ਖਿਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੋਰ ਦੁਕਾਨ ਦੀ ਤੀਸਰੀ ਮੰਜ਼ਿਲ ਦਾ ਦਰਵਾਜ਼ਾ ਤੋੜ ਕੇ ਦੁਕਾਨ 'ਚ ਦਾਖ਼ਲ ਹੋਏ ਅਤੇ ਦੁਕਾਨ ਵਿਚ ਪਏ ਕਰੀਬ 20-25 ਹਜ਼ਾਰ ਰੁਪਏ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਉਧਰ ਦੂਜੇ ਪਾਸੇ ਮਲਹੋਤਰਾ ਟਰੇਡਿੰਗ ਦੇ ਮਾਲਕ ਨਾਰਾਇਣ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬੋਲੀ ਇੰਦਰਜੀਤ ਬਟਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਵੀ ਦਰਵਾਜ਼ਾ ਤੋੜ ਕੇ ਚੋਰ ਦੁਕਾਨ 'ਚ ਦਾਖ਼ਲ ਹੋਏ ਅਤੇ ਦੁਕਾਨ 'ਚ ਪਈ 80 ਹਜ਼ਾਰ ਰੁਪਏ ਨਕਦੀ, ਡੇਢ ਲੱਖ ਰੁਪਏ ਦਾ ਕੀਮਤ ਸਮਾਨ, ਸੀ. ਸੀ. ਸੀ. ਟੀ. ਕੈਮਰੇ ਅਤੇ ਡੀ. ਵੀ. ਆਰ. ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਤਿੰਨਾਂ ਦੁਕਾਨਾਂ ਦੇ ਮਾਲਕਾਂ ਨੇ ਪੁਲਸ ਚੌਕੀ ਬੱਸ ਸਟੈਂਡ ਨੂੰ ਸੂਚਿਤ ਕਰ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ. ਗੁਰਪ੍ਰੀਤ ਸਿੰਘ ਅਤੇ ਏ. ਐੱਸ. ਆਈ ਜੋਗਾ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਟਰਾਲੇ ਅਤੇ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ ► ਗੁਰਦਾਸਪੁਰ 'ਚ ਪੰਜਾਬ ਬੰਦ ਦੀ ਕਾਲ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ      


author

Anuradha

Content Editor

Related News