ਸਾਈਕਲ ''ਤੇ ਆਏ ਚੋਰਾਂ ਨੇ ਕੀਤੇ 20 ਲੱਖ ਦੇ ਗਹਿਣੇ ਚੋਰੀ, ਰੇਕੀ ਦੌਰਾਨ ਹੋਏ CCTV ''ਚ ਕੈਦ

Thursday, Mar 07, 2024 - 04:16 AM (IST)

ਸਾਈਕਲ ''ਤੇ ਆਏ ਚੋਰਾਂ ਨੇ ਕੀਤੇ 20 ਲੱਖ ਦੇ ਗਹਿਣੇ ਚੋਰੀ, ਰੇਕੀ ਦੌਰਾਨ ਹੋਏ CCTV ''ਚ ਕੈਦ

ਚੰਡੀਗੜ੍ਹ (ਪ੍ਰੀਕਸ਼ਿਤ): ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਘਰੋਂ 20 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਲਈ ਚੋਰ ਸਾਈਕਲ 'ਤੇ ਪਹੁੰਚੇ ਸਨ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਅਪਰਾਧੀ ਕਿੰਨਾ ਵੀ ਚਲਾਕ ਕਿਉਂ ਨਾ ਹੋਵੇ, ਉਹ ਹਮੇਸ਼ਾ ਕੋਈ ਨਾ ਕੋਈ ਸੁਰਾਗ ਆਪਣੇ ਪਿੱਛੇ ਛੱਡ ਜਾਂਦਾ ਹੈ। ਕੁਝ ਅਜਿਹਾ ਹੀ ਇਸ ਘਟਨਾ ਦੌਰਾਨ ਵੀ ਸਾਹਮਣੇ ਆਇਆ। 

ਦਰਅਸਲ, ਚੋਰਾਂ ਨੇ ਘਰ ਅੰਦਰ ਦਾਖਲ ਹੁੰਦੇ ਸਮੇਂ ਸੀ.ਸੀ.ਟੀ.ਵੀ. ਕੈਮਰੇ ਦੀ ਦਿਸ਼ਾ ਬਦਲ ਕੇ ਆਪਣੀ ਪਹਿਚਾਣ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਘਟਨਾ ਤੋਂ ਪਹਿਲਾਂ ਘਰ ਦੀ ਰੇਕੀ ਕਰਨ ਅਤੇ ਪ੍ਰੋਫੈਸਰ ਦੇ ਜਾਣ ਦਾ ਇੰਤਜ਼ਾਰ ਕਰਦੇ ਹੋਏ ਮੁਲਜ਼ਮ ਸਾਈਕਲ 'ਤੇ ਘਰ ਦੇ ਬਾਹਰ ਚੱਕਰ ਲਾਉਣ ਲਈ ਪਹੁੰਚ ਗਏ। ਇਸ ਦੌਰਾਨ ਇਕੋ ਸਾਈਕਲ 'ਤੇ ਸਵਾਰ ਦੋਵੇਂ ਮੁਲਜ਼ਮ ਘਰ ਦੇ ਬਾਹਰ ਚੱਕਰ ਮਾਰਦੇ ਹੋਏ ਸੀ.ਸੀ.ਟੀ.ਵੀ. ਵਿਚ ਸਾਫ਼ ਤੌਰ 'ਤੇ ਕੈਦ ਹੋ ਗਏ। 

ਸੂਤਰਾਂ ਦਾ ਕਹਿਣਾ ਹੈ ਕਿ ਵਾਰਦਾਤ ਦੌਰਾਨ ਸੀ.ਸੀ.ਟੀ.ਵੀ. ਵਿਚ ਕੈਦ ਹੋਏ ਮੁਲਜ਼ਮ ਚੋਰਾਂ ਦੀ ਪਹਿਚਾਣ ਕਰ ਲਈ ਗਈ ਹੈ। ਸ਼ਿਕਾਇਤਕਰਤਾ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਸੀ.ਸੀ.ਟੀ.ਵੀ. 'ਚ ਕੈਦ ਹੋਏ ਮੁਲਜ਼ਮ ਸਫੇਦੀ ਕਰਨ ਵਾਲੇ ਹੋ ਸਕਦੇ ਹਨ। ਜਿਨ੍ਹਾਂ ਨੂੰ ਉਸ ਨੇ ਹਾਲ ਹੀ ਵਿਚ ਆਪਣੇ ਘਰ ਬੁਲਾ ਕੇ ਉਨ੍ਹਾਂ ਤੋਂ ਸਫੇਦੀ ਕਰਵਾਈ ਸੀ। ਪੁਲਸ ਵਿਭਾਗ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਪੁਲਸ ਨੇ ਦੇਰ ਰਾਤ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਹੈ। ਅੱਜ ਪੁਲਸ ਇਸ ਸਾਰੇ ਮਾਮਲੇ ਦਾ ਖੁਲਾਸਾ ਪ੍ਰੈੱਸ ਕਾਨਫਰੰਸ ਵਿਚ ਕਰ ਸਕਦੀ ਹੈ।

ਇਹ ਵੀ ਪੜ੍ਹੋ- ''ਤੁਹਾਡੇ ਘਰ ਮਾੜਾ ਟਾਈਮ ਆਉਣ ਵਾਲਾ ਹੈ, ਟਾਲਣ ਲਈ ਕਰਨਾ ਪਵੇਗਾ ਹਵਨ'', ਕਹਿ ਕੇ ਲੁੱਟ ਲਿਆ NRI ਪਰਿਵਾਰ

ਇਹ ਸੀ ਮਾਮਲਾ
ਸੈਕਟਰ-37 ਸੀ ਦੇ ਰਹਿਣ ਵਾਲੇ ਪੀ.ਯੂ. ਦੇ ਫਾਈਨ ਆਰਟ ਵਿਭਾਗ ਦੇ ਪ੍ਰੋਫੈਸਰ ਤੀਰਥੰਕਰ ਭੱਟਾਚਾਰੀਆ ਨੇ ਦੱਸਿਆ ਕਿ ਉਹ ਇੱਥੇ ਆਪਣੀ ਮਾਂ ਨਾਲ ਰਹਿੰਦੇ ਹਨ। ਮੰਗਲਵਾਰ ਦੁਪਹਿਰ ਨੂੰ ਉਹ ਬੱਚਿਆਂ ਨੂੰ ਪੜ੍ਹਾਉਣ ਲਈ ਆਪਣੀ ਕਲਾਸ ਲੈਣ ਲਈ ਪੀ.ਯੂ. ਗਏ ਸਨ। ਜਦੋਂ ਉਹ ਪੀ.ਯੂ. ਤੋਂ ਵਾਪਿਸ ਆਏ ਤਾਂ ਦੇਖਿਆ ਕਿ ਬੈੱਡਰੂਮ ਵਿਚ ਅਲਮਾਰੀ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਜਦੋਂ ਉਨ੍ਹਾਂ ਚੋਰੀ ਹੋਏ ਸਾਮਾਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਦਾਦੀ ਅਤੇ ਮਾਤਾ-ਪਿਤਾ ਦੇ ਬਣਾਏ ਸਾਰੇ ਗਹਿਣੇ ਅਤੇ ਕਰੀਬ 70 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। 

ਸੂਚਨਾ ਮਿਲਣ 'ਤੇ ਸੈਕਟਰ-39 ਥਾਣਾ ਪੁਲਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੀ ਅਤੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਉਨ੍ਹਾਂ ਨੇ ਦੱਸਿਆ ਕਿ ਇਸ ਵਿਚ 3 ਸੋਨੇ ਦੇ ਹਾਰ ਸੈੱਟ, 3 ਸੋਨੇ ਦੀਆਂ ਮੁੰਦਰੀਆਂ, 3 ਜੋੜੇ ਵਾਲੀਆਂ, ਹੱਥ ਦੇ ਬ੍ਰੇਸਲੇਟ, 6 ਲਾਕੇਟ ਸਮੇਤ ਕਰੀਬ 25 ਤੋਲੇ ਸੋਨਾ ਅਤੇ ਕਰੀਬ 70 ਹਜ਼ਾਰ ਰੁਪਏ ਦੀ ਨਕਦੀ ਸ਼ਾਮਲ ਸੀ। ਸੈਕਟਰ-39 ਥਾਣਾ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ.ਸੀ.ਟੀ.ਵੀ. ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਚੋਰ ਦੁਪਹਿਰ 2:57 ਵਜੇ ਘਰ ਵਿਚ ਦਾਖਲ ਹੋਏ, ਚਾਰ ਮਿੰਟਾਂ ਵਿਚ ਹੀ ਚੋਰੀ ਨੂੰ ਅੰਜ਼ਾਮ ਦਿੱਤਾ ਅਤੇ ਬਾਅਦ ਦੁਪਹਿਰ 3:01 ਮਿੰਟ `ਤੇ ਫਰਾਰ ਹੋ ਗਏ।       

ਇਹ ਵੀ ਪੜ੍ਹੋ- ਪੁਲਸ ਨੇ 24 ਘੰਟਿਆਂ 'ਚ ਸੁਲਝਾਈ NRI ਦੇ ਕਤਲ ਦੀ ਗੁੱਥੀ, 'Love Triangle' ਬਣਿਆ ਨੌਜਵਾਨ ਦੀ ਮੌਤ ਦਾ ਕਾਰਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News