ਟ੍ਰੈਵਲ ਸਰਵੇ: 20 ਮਿੰਟ ''ਚ ਦਫ਼ਤਰ ਪਹੁੰਚਦੇ ਨੇ ਪੰਜਾਬੀ, ਗੁਆਂਢੀ ਸੂਬਿਆਂ ਦੇ ਨਾਲੋਂ ਘੱਟ ਸਮਾਂ ਤੇ ਖਰਚਾ

Tuesday, Oct 06, 2026 - 01:52 PM (IST)

ਟ੍ਰੈਵਲ ਸਰਵੇ: 20 ਮਿੰਟ ''ਚ ਦਫ਼ਤਰ ਪਹੁੰਚਦੇ ਨੇ ਪੰਜਾਬੀ, ਗੁਆਂਢੀ ਸੂਬਿਆਂ ਦੇ ਨਾਲੋਂ ਘੱਟ ਸਮਾਂ ਤੇ ਖਰਚਾ

ਚੰਡੀਗੜ੍ਹ: ਕੇਂਦਰੀ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ 'ਹਾਊਸਹੋਲਡ ਟ੍ਰੈਵਲ ਸਰਵੇ' ਵਿਚ ਇਹ ਤੱਥ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਸ਼ਹਿਰਾਂ ਵਿਚ ਲੋਕਾਂ ਨੂੰ ਆਪਣੇ ਕੰਮ ਵਾਲੀ ਥਾਂ 'ਤੇ ਪਹੁੰਚਣ ਲਈ ਔਸਤਨ 20 ਮਿੰਟ ਦਾ ਸਮਾਂ ਲੱਗਦਾ ਹੈ। ਇਹ ਸਮਾਂ 27 ਮਿੰਟ ਦੀ ਰਾਸ਼ਟਰੀ ਔਸਤ ਅਤੇ ਗੁਆਂਢੀ ਰਾਜਾਂ ਦੇ ਮੁਕਾਬਲੇ ਕਾਫ਼ੀ ਬਿਹਤਰ ਹੈ।

ਗੁਆਂਢੀ ਸੂਬਿਆਂ ਨਾਲੋਂ ਘੱਟ ਸਮਾਂ ਅਤੇ ਖ਼ਰਚਾ

ਸਰਵੇ ਅਨੁਸਾਰ ਪੇਂਡੂ ਪੰਜਾਬ ਵਿਚ ਕੰਮ 'ਤੇ ਪਹੁੰਚਣ ਦਾ ਔਸਤ ਸਮਾਂ 22 ਮਿੰਟ ਹੈ, ਜਦਕਿ ਰਾਸ਼ਟਰੀ ਔਸਤ 23 ਮਿੰਟ ਹੈ। ਇਸ ਦੇ ਮੁਕਾਬਲੇ ਹਰਿਆਣਾ ਦੇ ਪੇਂਡੂ ਖੇਤਰਾਂ ਵਿਚ 28 ਮਿੰਟ, ਹਿਮਾਚਲ ਪ੍ਰਦੇਸ਼ ਵਿਚ 31 ਮਿੰਟ ਅਤੇ ਉੱਤਰਾਖੰਡ ਵਿਚ 27 ਮਿੰਟ ਲੱਗਦੇ ਹਨ। ਹਰਿਆਣਾ ਦੇ ਸ਼ਹਿਰਾਂ ਵਿਚ ਦਫ਼ਤਰ ਪਹੁੰਚਣ ਲਈ ਔਸਤਨ 27 ਮਿੰਟ, ਜਦੋਂ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿਚ 25-25 ਮਿੰਟ ਲੱਗਦੇ ਹਨ।

ਦਫ਼ਤਰ ਆਉਣ-ਜਾਣ ਦੇ ਮਹੀਨਾਵਾਰ ਖ਼ਰਚੇ ਦੇ ਮਾਮਲੇ ਵਿਚ ਪੰਜਾਬ ਵਿਚ ਮਰਦ ਔਸਤਨ 975 ਰੁਪਏ ਅਤੇ ਔਰਤਾਂ 809 ਰੁਪਏ ਮਹੀਨਾਵਾਰ ਖ਼ਰਚ ਕਰਦੀਆਂ ਹਨ। ਹਰਿਆਣਾ ਵਿਚ ਇਹ ਖ਼ਰਚਾ ਮਰਦਾਂ ਲਈ 1221 ਰੁਪਏ ਅਤੇ ਔਰਤਾਂ ਲਈ 1129 ਰੁਪਏ ਹੈ, ਜਦਕਿ ਜੰਮੂ-ਕਸ਼ਮੀਰ ਵਿਚ ਮਰਦਾਂ ਦਾ ਖ਼ਰਚਾ 1216 ਰੁਪਏ ਅਤੇ ਔਰਤਾਂ ਦਾ 855 ਰੁਪਏ ਹੈ।

ਦੋਪਹੀਆ ਵਾਹਨ ਸਭ ਤੋਂ ਪ੍ਰਮੁੱਖ ਸਾਧਨ

ਰਿਪੋਰਟ ਮੁਤਾਬਕ 42.6 ਪ੍ਰਤੀਸ਼ਤ ਕਰਮਚਾਰੀ ਦਫ਼ਤਰ ਆਉਣ-ਜਾਣ ਲਈ ਦੋਪਹੀਆ ਵਾਹਨਾਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਵਿਚ ਪੇਂਡੂ ਖੇਤਰਾਂ ਦੇ 37.1 ਪ੍ਰਤੀਸ਼ਤ ਅਤੇ ਸ਼ਹਿਰੀ ਖੇਤਰਾਂ ਦੇ 52.3 ਪ੍ਰਤੀਸ਼ਤ ਕਰਮਚਾਰੀ ਸ਼ਾਮਲ ਹਨ।

23 ਮਿੰਟ 'ਚ ਸਕੂਲ ਪਹੁੰਚਦੇ ਵਿਦਿਆਰਥੀ

6 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀ ਪੰਜਾਬ ਵਿਚ ਔਸਤਨ 23 ਮਿੰਟਾਂ ਵਿਚ ਸਕੂਲ ਜਾਂ ਹੋਰ ਵਿੱਦਿਅਕ ਅਦਾਰਿਆਂ ਵਿਚ ਪਹੁੰਚ ਜਾਂਦੇ ਹਨ (ਰਾਸ਼ਟਰੀ ਔਸਤ 22 ਮਿੰਟ)। ਹਰਿਆਣਾ ਵਿਚ ਇਹ ਸਮਾਂ 24 ਮਿੰਟ, ਉੱਤਰਾਖੰਡ ਵਿਚ 23 ਮਿੰਟ ਅਤੇ ਹਿਮਾਚਲ ਪ੍ਰਦੇਸ਼ ਵਿਚ 31 ਮਿੰਟ ਦਰਜ ਕੀਤਾ ਗਿਆ ਹੈ। ਮਾਹਿਰਾਂ ਅਨੁਸਾਰ ਪੰਜਾਬ ਦੇ ਸ਼ਹਿਰਾਂ ਵਿਚ ਆਵਾਜਾਈ ਦੇ ਬਿਹਤਰ ਬਦਲ ਉਪਲਬਧ ਹਨ ਅਤੇ ਟ੍ਰੈਫਿਕ ਦਾ ਦਬਾਅ ਵੀ ਘੱਟ ਹੈ। ਹਾਲਾਂਕਿ ਲੁਧਿਆਣਾ, ਜਲੰਧਰ ਅਤੇ ਮੋਹਾਲੀ ਵਿਚ ਟ੍ਰੈਫਿਕ ਦਾ ਦਬਾਅ ਵਧਿਆ ਹੈ, ਫਿਰ ਵੀ ਸਥਿਤੀ ਹੋਰਨਾਂ ਰਾਜਾਂ ਨਾਲੋਂ ਬਿਹਤਰ ਬਣੀ ਹੋਈ ਹੈ।


author

Anmol Tagra

Content Editor

Related News