ਸਿਵਲ ਹਸਪਤਾਲ ''ਚ ਚੋਰਾਂ ਨੇ ਤੋੜੀ ਪਾਈਪ, ਆਪ੍ਰੇਸ਼ਨ ਥੀਏਟਰ ''ਚ ਭਰਿਆ ਪਾਣੀ

12/28/2019 11:50:07 PM

ਬਠਿੰਡਾ, (ਪਰਮਿੰਦਰ)- ਸ਼ੁੱਕਰਵਾਰ ਰਾਤ ਚੋਰਾਂ ਨੇ ਸਿਵਲ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਟੂਟੀਆਂ ਚੋਰੀ ਕਰਦੇ ਸਮੇਂ ਪਾਣੀ ਦੀ ਇਕ ਪਾਈਪ ਤੋੜ ਦਿੱਤੀ, ਜਿਸ ਕਾਰਣ ਪਾਣੀ ਸਵੇਰ ਤੱਕ ਪੂਰੇ ਹਸਪਤਾਲ 'ਚ ਭਰ ਗਿਆ। ਉਪਰੀ ਮੰਜ਼ਿਲ ਤੋਂ ਹੁੰਦਾ ਹੋਇਆ ਪਾਣੀ ਹੇਠਾਂ ਆਪ੍ਰੇਸ਼ਨ ਥੀਏਟਰ ਅਤੇ ਵਾਰਡਾਂ ਤੱਕ ਪਹੁੰਚ ਗਿਆ। ਬਿਜਲੀ ਦੀਆਂ ਪਾਈਪਾਂ 'ਚ ਪਾਣੀ ਚਲੇ ਜਾਣ ਕਾਰਣ ਸਵੇਰੇ ਹਸਪਤਾਲ ਦੀ ਬਿਜਲੀ ਸਪਲਾਈ ਵੀ ਬੰਦ ਕਰ ਦਿੱਤੀ ਗਈ, ਜਿਸ ਕਾਰਣ ਸ਼ਨੀਵਾਰ ਨੂੰ ਆਪ੍ਰੇਸ਼ਨ ਥੀਏਟਰ ਨੂੰ ਵੀ ਬੰਦ ਕਰਨਾ ਪਿਆ। ਜ਼ਿਕਰਯੋਗ ਹੈ ਕਿ ਸਿਵਲ ਹਪਸਤਾਲ 'ਚ ਪਾਣੀ ਦੀ ਲੀਕੇਜ ਦਾ ਇਹ ਪਹਿਲਾ ਮਾਮਲਾ ਨਹੀਂ ਹੈ, ਸਗੋਂ ਪੁਰਾਣੀਆਂ ਪਾਈਪਾਂ ਕਾਰਣ ਆਏ ਦਿਨ ਹੀ ਇਸ ਤਰ੍ਹਾਂ ਦੀ ਲੀਕੇਜ ਅਤੇ ਪਾਣੀ ਭਰਨ ਦੀ ਸਮੱਸਿਆ ਆਉਂਦੀ ਹੀ ਰਹਿੰਦੀ ਹੈ।
ਪੂਰੀ ਰਾਤ ਵਗਦਾ ਰਿਹਾ ਪਾਣੀ

ਪਤਾ ਲੱਗਾ ਹੈ ਕਿ ਚੋਰਾਂ ਨੇ ਟੂਟੀਆਂ ਚੋਰੀ ਕਰਦੇ ਸਮੇਂ ਪਾਈਪ ਨੂੰ ਹੀ ਤੋੜ ਦਿੱਤਾ, ਜਿਸ ਕਾਰਣ ਪਾਣੀ ਪੂਰੀ ਰਾਤ ਹਸਪਤਾਲ 'ਚ ਵਗਦਾ ਰਿਹਾ। ਸ਼ਨੀਵਾਰ ਤੜਕੇ ਸਟਾਫ ਮੈਂਬਰਾਂ ਨੂੰ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਅਧਿਕਾਰੀਆਂ ਨੂੰ ਦੱਸਿਆ। ਅਧਿਕਾਰੀਆਂ ਨੇ ਬਾਅਦ 'ਚ ਪਲੰਬਰ ਬੁਲਾਇਆ ਅਤੇ ਪਾਣੀ ਦੀ ਮੇਨ ਸਪਲਾਈ ਨੂੰ ਬੰਦ ਕਰਵਾਇਆ ਪਰ ਉਦੋਂ ਤੱਕ ਸਰਜੀਕਲ ਵਾਰਡ, ਆਪ੍ਰੇਸ਼ਨ ਥੀਏਟਰ ਦੇ ਅੰਦਰ ਤੇ ਬਾਹਰ ਪਾਣੀ ਭਰ ਚੁੱਕਾ ਸੀ। ਛੱਤਾਂ ਅਤੇ ਦੀਵਾਰਾਂ ਤੋਂ ਪਾਣੀ ਼ਿਡੱਗਣ ਕਾਰਣ ਕਈ ਬਿਸਤਰੇ ਅਤੇ ਹੋਰ ਔਜਾਰ ਵੀ ਪ੍ਰਭਾਵਿਤ ਹੋਏ। ਜ਼ਿਕਰਯੋਗ ਹੈ ਕਿ ਹਸਪਤਾਲ 'ਚ ਅਜੇ ਵੀ ਨਵੀਨੀਕਰਨ ਦਾ ਕੰਮ ਵੀ ਚਲ ਰਿਹਾ ਹੈ ਪਰ ਲੀਕੇਜ ਤੇ ਪਾਣੀ ਦਾ ਸਿਸਟਮ ਕਾਫੀ ਪੁਰਾਣਾ ਹੋਣ ਕਾਰਣ ਇਸ 'ਚ ਅਕਸਰ ਪ੍ਰੇਸ਼ਾਨੀ ਆਉਂਦੀ ਰਹਿੰਦੀ ਹੈ।

ਬਿਜਲੀ-ਪਾਣੀ ਬੰਦ ਹੋਣ ਕਾਰਣ ਮਰੀਜ਼ ਹੋਏ ਪ੍ਰੇਸ਼ਾਨ

ਪਾਣੀ ਦੀ ਸਪਲਾਈ ਬੰਦ ਹੋਣ ਕਾਰਣ ਪੂਰਾ ਦਿਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਾਥਰੂਮਾਂ 'ਚ ਵੀ ਪਾਣੀ ਨਹੀਂ ਮਿਲਿਆ। ਬਿਜਲੀ ਦੀਆਂ ਪਾਈਪਾਂ 'ਚ ਪਾਣੀ ਚਲੇ ਜਾਣ ਕਾਰਣ ਬਿਜਲੀ ਨੂੰ ਵੀ ਬੰਦ ਕਰ ਦਿੱਤਾ ਗਿਆ, ਜਿਸ ਕਾਰਣ ਆਪ੍ਰੇਸ਼ਨ ਥੀਏਟਰ ਤੋਂ ਇਲਾਵਾ ਹੋਰ ਕੰਮਕਾਰ ਵੀ ਪ੍ਰਭਾਵਿਤ ਹੋਏ। ਬਿਜਲੀ ਨਾ ਹੋਣ ਕਾਰਣ ਕੁਝ ਆਪ੍ਰੇਸ਼ਨਾਂ ਨੂੰ ਵੀ ਟਾਲਣਾ ਪਿਆ, ਜਿਸ ਕਾਰਣ ਵੀ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਪ੍ਰੇਸ਼ਾਨੀਆਂ 'ਚੋਂ ਲੰਘਣਾ ਪਿਆ। ਐਂਮਰਜੈਂਸੀ ਵਾਰਡ 'ਚ ਬਿਜਲੀ ਨਾ ਹੋਣ ਕਾਰਣ ਹੀਟਰ ਆਦਿ ਵੀ ਨਹੀਂ ਚਲਾਏ ਗਏ, ਜਿਸ ਕਾਰਣ ਵੀ ਮਰੀਜ਼ ਪ੍ਰੇਸ਼ਾਨ ਰਹੇ।

ਪਾਣੀ ਦੀ ਲੀਕੇਜ ਕਾਰਣ ਕੁਝ ਸਮੱਸਿਆ ਆ ਗਈ ਸੀ। ਹਸਪਤਾਲ ਦੇ ਵੱਖ-ਵੱਖ ਹਿੱਸਿਆਂ 'ਚੋਂ ਪਾਣੀ ਤੁਰੰਤ ਕੱਢ ਦਿੱਤਾ ਗਿਆ ਹੈ। ਕਿਸੇ ਤਰ੍ਹਾਂ ਦੇ ਹਾਦਸੇ ਤੋਂ ਬਚਣ ਲਈ ਕੁਝ ਸਮੇਂ ਲਈ ਬਿਜਲੀ ਸਪਲਾਈ ਬੰਦ ਕੀਤੀ ਗਈ ਸੀ। ਮੁਰੰਮਤ ਦਾ ਕੰਮ ਚਲ ਰਿਹਾ ਹੈ ਅਤੇ ਜਲਦ ਹੀ ਸਾਰੀ ਵਿਵਸਥਾ ਸੁਚਾਰੂ ਕਰ ਦਿੱਤੀ ਜਾਵੇਗੀ। ਕਿਸੇ ਵੀ ਮਰੀਜ਼ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।


Bharat Thapa

Content Editor

Related News