ਚਾਲੂ ਹੋਣ ਦੇ 24 ਘੰਟਿਆਂ ''ਚ ਹੀ ਬੰਦ ਹੋਏ ''ਥਰਮਲ ਪਲਾਂਟ'', ਕਿਸਾਨਾਂ ਨੇ ਧਰਨਾ ਦੇ ਕੇ ਬੰਦ ਕੀਤੀ ਸਪਲਾਈ
Sunday, Oct 25, 2020 - 09:15 AM (IST)
ਪਟਿਆਲਾ (ਪਰਮੀਤ) : ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਕੋਲੇ ਦੀ ਸਪਲਾਈ ਬੰਦ ਕਰਨ ਦੇ ਐਲਾਨ ਤੋਂ ਬਾਅਦ ਯੂਨੀਅਨ ਮੈਂਬਰਾਂ ਨੇ ਰਾਜਪੁਰਾ ਥਰਮਲ ਪਲਾਂਟ ਲਈ ਕੋਲੇ ਦੀ ਸਪਲਾਈ ਵਾਲੀ ਰੇਲ ਲਾਈਨ ’ਤੇ ਧਰਨਾ ਦੇ ਕੇ ਸਪਲਾਈ ਬੰਦ ਕਰ ਦਿੱਤੀ। ਯੂਨੀਅਨ ਮੈਂਬਰਾਂ ਵਲੋਂ ਬੀਤੇ ਦਿਨ ਤਲਵੰਡੀ ਸਾਬੋ ਪਲਾਂਟ ਲਈ ਕੋਲੇ ਦੀ ਸਪਲਾਈ ਬੰਦ ਕੀਤੀ ਗਈ ਸੀ। ਇਸ ਨਵੀਂ ਕਾਰਵਾਈ ਮਗਰੋਂ ਤਲਵੰਡੀ ਸਾਬੋ ਅਤੇ ਗੋਇੰਦਵਾਲ ਸਾਹਿਬ ਪਲਾਂਟ ਚਾਲੂ ਹੋਣ ਦੇ 24 ਘੰਟੇ ਦੇ ਅੰਦਰ-ਅੰਦਰ ਮੁੜ ਬੰਦ ਹੋ ਗਿਆ, ਜਦਕਿ ਰਾਜਪੁਰਾ ਥਰਮਲ ਪਲਾਂਟ ਦਾ ਸ਼ੁਰੂ ਕੀਤਾ ਗਿਆ ਯੂਨਿਟ ਨੰਬਰ-2 ਫਿਰ ਬੰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : 'ਦੁਸਹਿਰੇ' 'ਤੇ ਵੀ ਚੜ੍ਹੇਗਾ ਕਿਸਾਨੀ ਰੰਗ, ਸ਼ਹਿਰਾਂ ਤੇ ਪਿੰਡਾਂ 'ਚ ਬਣਾਈ ਗਈ ਯੋਜਨਾ
ਭਾਵੇਂ ਕਿ ਸਰਕਾਰੀ ਰਿਕਾਰਡ ’ਚ ਪਲਾਂਟਾਂ ਤੇ ਯੂਨਿਟ ਨੂੰ ਬੰਦ ਕਰਨ ਦੇ ਮੁੱਖ ਕਾਰਣ ਘੱਟ ਮੰਗ ਦਰਸਾਇਆ ਗਿਆ ਹੈ ਪਰ ਅਸਲੀਅਤ ਇਹ ਹੈ ਕਿ ਪ੍ਰਾਈਵੇਟ ਪਲਾਂਟਾਂ ਲਈ ਕੋਲੇ ਦੀ ਸਪਲਾਈ ਸਹੀ ਤਰੀਕੇ ਬਹਾਲ ਨਹੀਂ ਹੋ ਸਕੀ। ਸਰਕਾਰੀ ਅੰਕੜਿਆਂ ਅਨੁਸਾਰ ਇਸ ਵੇਲੇ ਤਲਵੰਡੀ ਸਾਬੋ ’ਚ 0.75, ਰਾਜਪੁਰਾ 1.58 ਅਤੇ ਗੋਇੰਦਵਾਲ ਸਾਹਿਬ ਪਲਾਂਟ ’ਚ 1.51 ਦਿਨ ਦਾ ਕੋਲਾ ਪਿਆ ਹੈ। ਸਰਕਾਰੀ ਖੇਤਰ ਦੇ ਰੋਪੜ ਪਲਾਂਟ ’ਚ 6.12 ਅਤੇ ਲਹਿਰਾ ਮੁਹੱਬਤ ਪਲਾਂਟ ’ਚ 3.92 ਦਿਨ ਦਾ ਕੋਲਾ ਪਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵਿਗੜ ਰਹੇ ਹਾਲਾਤ, ਹੁਣ ਗੰਨ ਪੁਆਇੰਟ 'ਤੇ ਲੁੱਟੀ 4 ਦਿਨ ਪਹਿਲਾਂ ਖਰੀਦੀ ਕਾਰ
ਭਾਵੇਂ ਕਿ ਤਲਵੰਡੀ ਸਾਬੋ ਤੇ ਗੋਇੰਦਵਾਲ ਸਾਹਿਬ ਪਲਾਂਟ ਬੰਦ ਹੋਣ ਤੋਂ ਬਾਅਦ ਅਜੇ ਤੱਕ ਸਰਕਾਰੀ ਪਲਾਂਟ ਮੁੜ ਚਾਲੂ ਨਹੀਂ ਕੀਤੇ ਗਏ ਪਰ ਸੰਭਾਵਨਾ ਮੰਨੀ ਜਾ ਰਹੀ ਹੈ ਕਿ ਇਹ ਪਲਾਂਟ ਕਿਸੇ ਵੀ ਸਮੇਂ ਮੁੜ ਚਾਲੂ ਕੀਤੇ ਜਾ ਸਕਦੇ ਹਨ। ਯਾਦ ਰਹੇ ਕਿ 2 ਦਿਨ ਪਹਿਲਾਂ ਹੀ ਕਿਸਾਨ ਯੂਨੀਅਨ ਵਲੋਂ ਮਾਲ ਗੱਡੀਆਂ ਨੂੰ ਜਾਣ ਦੀ ਆਗਿਆ ਦੇਣ ਦੇ ਐਲਾਨ ਤੋਂ ਬਾਅਦ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਬਹਾਲ ਹੋਈ ਸੀ। ਬੰਦ ਪਏ ਤਲਵੰਡੀ ਸਾਬੋ ਤੇ ਗੋਇੰਦਵਾਲ ਸਾਹਿਬ ਪਲਾਂਟ ਬੰਦ ਕੀਤੇ ਗਏ ਸਨ, ਜਦਕਿ ਅੱਧ ਸਮਰੱਥਾ ’ਤੇ ਚੱਲ ਰਿਹਾ ਰਾਜਪੁਰਾ ਦਾ ਇਕਲੌਤਾ ਯੂਨਿਟ ਪੂਰੀ ਸਮਰੱਥਾ ’ਤੇ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸੁਖਬੀਰ ਦੇ ਧਰਨੇ 'ਤੇ ਧਰਮਸੋਤ ਦੀ ਚੁਟਕੀ, 'ਮੇਰੇ ਘਰ ਆ ਜਾਣ, ਚਾਹ ਦਾ ਕੱਪ ਪਿਲਾ ਦਿਆਂਗਾ'
ਇਸ ਦੇ ਨਾਲ ਹੀ ਚੰਦ ਘੰਟਿਆਂ ’ਚ ਹੀ ਅਗਲਾ ਯੂਨਿਟ ਵੀ ਚਾਲੂ ਕਰ ਦਿੱਤਾ ਗਿਆ ਸੀ ਪਰ ਕਿਸਾਨਾਂ ਦੇ ਨਵੇਂ ਸੰਘਰਸ਼ ਦੇ ਮੱਦੇਨਜ਼ਰ ਇਹ ਗਤੀਵਿਧੀਆਂ ਫਿਰ ਤੋਂ ਠੱਪ ਹੋਣ ਵੱਲ ਵੱਧ ਰਹੀਆਂ ਹਨ। ਭਾਵੇਂ ਕਿ ਪਾਵਰਕਾਮ ਵਲੋਂ ਕੱਲ 23 ਅਕਤੂਬਰ ਨੂੰ ਬਿਜਲੀ ਦੀ ਖਰੀਦ ਅੰਸ਼ਕ ਮਾਤਰਾ ਵਧਾਈ ਗਈ ਅਤੇ 1107 ਲੱਖ ਯੂਨਿਟ ਖਰੀਦੇ ਗਏ, ਜੋ ਕਿ 22 ਅਕਤੂਬਰ ਨੂੰ ਕੀਤੀ ਗਈ 1013 ਲੱਖ ਯੂਨਿਟ ਨਾਲੋਂ 90 ਲੱਖ ਯੂਨਿਟ ਜ਼ਿਆਦਾ ਹਨ ਪਰ ਆਸਾਰ ਇਹ ਬਣਦੇ ਜਾ ਰਹੇ ਹਨ ਕਿ ਪਾਵਰਕਾਮ ਨੂੰ ਆਪਣੇ ਸਰਕਾਰੀ ਥਰਮਲ ਚਲਾਉਣੇ ਪੈਣਗੇ ਤੇ ਬਾਹਰੋਂ ਖਰੀਦ ਵਧਾਉਣੀ ਪਵੇਗੀ।