ਪੰਜਾਬ 'ਚ ਨਹੀਂ ਹੋਵੇਗਾ 'ਅਕਾਲੀ-ਭਾਜਪਾ' ਦਾ ਗਠਜੋੜ, ਵੱਖੋ-ਵੱਖ ਹੋਏ ਦੋਹਾਂ ਪਾਰਟੀਆਂ ਦੇ ਰਾਹ (ਵੀਡੀਓ)

03/26/2024 1:50:40 PM

ਜਲੰਧਰ (ਰਮਨਦੀਪ ਸੋਢੀ) : ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੇ ਗਠਜੋੜ ਦੀਆਂ ਚਰਚਾਵਾਂ 'ਤੇ ਅੱਜ ਉਸ ਵੇਲੇ ਵਿਰਾਮ ਲੱਗ ਗਿਆ, ਜਦੋਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕਰ ਦਿੱਤਾ ਕਿ ਭਾਜਪਾ ਪੰਜਾਬ 'ਚ ਇਕੱਲੀ ਹੀ ਲੋਕ ਸਭਾ ਚੋਣਾਂ ਲੜੇਗੀ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਹੋਈ ਅਕਾਲੀ ਦਲ ਦੀ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ ਸੀ ਕਿ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਪਿੱਛੇ ਨਹੀਂ ਹਟੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਆਉਂਦੀਆਂ ਤਾਰੀਖ਼ਾਂ ਨੂੰ ਖ਼ਰਾਬ ਰਹੇਗਾ ਮੌਸਮ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ

ਅਕਾਲੀ ਦਲ ਪਹਿਲਾਂ ਸ਼ਰਤਾਂ ਦੇ ਆਧਾਰ 'ਤੇ ਭਾਜਪਾ ਨਾਲ ਗਠਜੋੜ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਭਾਜਪਾ ਨੂੰ ਸ਼ਰਤਾਂ ਮਨਜ਼ੂਰ ਨਹੀਂ ਸਨ। ਇਸ ਤੋਂ ਬਾਅਦ ਦੋਹਾਂ ਪਾਰਟੀਆਂ ਵਿਚਾਲੇ ਸੀਟਾਂ ਦਾ ਰੇੜਕਾ ਵੀ ਸੀ। ਇਹ ਵੀ ਪਤਾ ਲੱਗਾ ਹੈ ਕਿ ਸ਼ਾਇਦ ਭਾਜਪਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਵੀ ਅਕਾਲੀ ਦਲ ਨਾਲ ਗੱਲਬਾਤ ਚੱਲ ਰਹੀ, ਜੋ ਸਿਰੇ ਨਹੀਂ ਚੜ੍ਹ ਸਕੀ। ਇਸ ਕਾਰਨ ਦੋਹਾਂ ਪਾਰਟੀਆਂ 'ਚ ਗਠਜੋੜ ਲਈ ਸਹਿਮਤੀ ਨਹੀਂ ਬਣੀ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਪੰਜਾਬ 'ਚ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ, 15 ਹਜ਼ਾਰ ਲੀਟਰ ਲਾਹਣ ਬਰਾਮਦ

ਇਸ ਤੋਂ ਇਲਾਵਾ ਅਕਾਲੀ ਦਲ ਦਾ ਕੈਡਰ ਵੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਇਹੀ ਰਾਏ ਦੇ ਰਿਹਾ ਸੀ ਕਿ ਸਾਨੂੰ ਇਕ ਵਾਰ ਖੇਤਰੀ ਪਾਰਟੀ ਵਜੋਂ ਚੋਣਾਂ ਲੜਨੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਭਾਜਪਾ ਕੋਲ ਵੀ ਪ੍ਰਤੀਕਿਰਿਆ ਆ ਰਹੀ ਸੀ ਕਿ ਇਕ ਵਾਰ ਆਪਣੇ ਪੱਧਰ 'ਤੇ ਵੋਟਰਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇ। ਇਸ ਲਈ ਹੁਣ ਦੋਹਾਂ ਪਾਰਟੀਆਂ ਦੇ ਰਾਹ ਵੱਖੋ-ਵੱਖ ਹਨ। ਇਸ ਤੋਂ ਬਾਅਦ ਹੁਣ ਅਕਾਲੀ ਦਲ ਵੀ ਅੰਦਰਖ਼ਾਤੇ ਤਿਆਰੀ ਕਰੀ ਬੈਠਾ ਹੈ ਕਿ ਪੰਜਾਬ ਦੀਆਂ 13 ਸੀਟਾਂ 'ਤੇ ਪਾਰਟੀ ਦੇ ਉਮੀਦਵਾਰਾਂ ਨੂੰ ਉਤਾਰਿਆ ਜਾਵੇਗਾ।

ਇਹ ਵੀ ਪੜ੍ਹੋ : PSEB ਦਾ ਵਿਦਿਆਰਥੀਆਂ ਲਈ ਅਹਿਮ ਫ਼ੈਸਲਾ, 9ਵੀਂ ਤੇ 11ਵੀਂ ਜਮਾਤ 'ਚ ਪੜ੍ਹਨ ਵਾਲੇ ਦੇਣ ਧਿਆਨ

ਦੱਸਣਯੋਗ ਹੈ ਕਿ ਬੀਤੇ ਦਿਨੀਂ ਭਾਜਪਾ ਅਤੇ ਅਕਾਲੀ ਆਗੂਆਂ ਦੇ ਜੋ ਬਿਆਨ ਸਾਹਮਣੇ ਆ ਰਹੇ ਸਨ, ਉਨ੍ਹਾਂ ਤੋਂ ਕਿਤੇ ਨਾ ਕਿਤੇ ਇਹ ਧਾਰਨਾ ਬਣ ਗਈ ਸੀ ਕਿ ਦੋਹਾਂ ਪਾਰਟੀਆਂ ਵਿਚਾਲੇ ਗਠਜੋੜ ਜਲਦੀ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਇਹ ਵੀ ਦੱਸ ਦੇਈਏ ਕਿ ਜਿੱਥੇ ਅਕਾਲੀ ਦਲ ਦੀ ਸੂਬੇ ਦੇ ਪਿੰਡਾਂ 'ਚ ਜ਼ਿਆਦਾ ਪਹੁੰਚ ਹੈ, ਉੱਥੇ ਹੀ ਭਾਜਪਾ ਦੀ ਸਥਿਤੀ ਸ਼ਹਿਰਾਂ 'ਚ ਜ਼ਿਆਦਾ ਮਜ਼ਬੂਤ ਹੈ। ਇਸ ਨੂੰ ਮੁੱਖ ਰੱਖਦਿਆਂ ਦੋਹਾਂ ਪਾਰਟੀਆਂ ਨੂੰ ਚੋਣਾਂ ਦੌਰਾਨ ਮੁਸ਼ਕਲ ਆ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਉਹ ਕਿਹੜੇ ਉਮੀਦਵਾਰ ਹਨ, ਜਿਨ੍ਹਾਂ ਨੂੰ ਅਕਾਲੀ ਦਲ ਅਤੇ ਭਾਜਪਾ ਲੋਕ ਸਭਾ ਦੇ ਚੋਣ ਮੈਦਾਨ 'ਚ ਉਤਾਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 



 


Babita

Content Editor

Related News