ਫਿਰ ਨਿਲਾਮ ਹੋਇਆ ਹੈਰੀਟੇਜ ਫਰਨੀਚਰ, ਲੰਡਨ ''ਚ 87 ਲੱਖ ਦੀਆਂ ਵਿਕੀਆਂ 10 ਕੁਰਸੀਆਂ

Saturday, Sep 23, 2017 - 10:39 AM (IST)

ਫਿਰ ਨਿਲਾਮ ਹੋਇਆ ਹੈਰੀਟੇਜ ਫਰਨੀਚਰ, ਲੰਡਨ ''ਚ 87 ਲੱਖ ਦੀਆਂ ਵਿਕੀਆਂ 10 ਕੁਰਸੀਆਂ


ਚੰਡੀਗੜ ਸਤੰਬਰ (ਵਿਜੇ) - ਜਿਹੜੇ ਫਰਨੀਚਰ ਦੀ ਚੰਡੀਗੜ੍ਹ ਪ੍ਰਸ਼ਾਸਨ ਨੇ ਕਦੇ ਕਦਰ ਨਹੀਂ ਕੀਤੀ, ਅੱਜ ਉਸ ਦੀ ਹੀ ਵਿਦੇਸ਼ਾਂ ਵਿਚ ਲੱਖਾਂ ਰੁਪਏ 'ਚ ਬੋਲੀ ਲਾਈ ਜਾ ਰਹੀ ਹੈ। ਦੋ ਦਿਨ ਪਹਿਲਾਂ ਲੰਡਨ 'ਚ ਹੋਈ ਇਕ ਆਕਸ਼ਨ ਦੌਰਾਨ ਚੰਡੀਗੜ੍ਹ ਦਾ ਇਹੋ ਹੈਰੀਟੇਜ ਫਰਨੀਚਰ ਉੱਚੇ ਮੁੱਲ 'ਤੇ ਵੇਚਿਆ ਗਿਆ। ਆਕਸ਼ਨ 'ਚ ਜੋ ਫਰਨੀਚਰ ਰੱਖਿਆ ਗਿਆ ਸੀ, ਉਹ ਪੰਜਾਬ ਯੂਨੀਵਰਸਿਟੀ, ਵਿਧਾਨ ਸਭਾ ਤੇ ਹਾਈਕੋਰਟ ਦਾ ਸੀ। ਐਡਵੋਕੇਟ ਅਜੇ ਜੱਗਾ ਨੇ ਇਸ ਦੀ ਸ਼ਿਕਾਇਤ ਯੂਨੀਅਨ ਕਲਚਰ ਮਨਿਸਟਰ ਡਾ. ਮਹੇਸ਼ ਸ਼ਰਮਾ ਨੂੰ ਕੀਤੀ ਹੈ।
ਸ਼ਿਕਾਇਤ 'ਚ ਜੱਗਾ ਨੇ ਕਿਹਾ ਕਿ ਇਸ ਆਕਸ਼ਨ ਦਾ ਭਾਰਤ ਵਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ। ਜਾਅਲੀ ਕਾਗਜ਼ਾਤਾਂ ਨਾਲ ਇਹ ਫਰਨੀਚਰ ਵਿਦੇਸ਼ਾਂ 'ਚ ਸਮੱਗਲਿੰਗ ਕੀਤੇ ਜਾ ਰਹੇ ਹਨ। ਇਸ ਲਈ ਭਾਰਤ ਸਰਕਾਰ ਨੂੰ ਭਾਰਤ ਤੋਂ ਬਾਹਰ ਜਾਣ ਵਾਲੀ ਇਸ ਤਰ੍ਹਾਂ ਦੀ ਖੇਪ ਦੀ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਤਾਂ ਜੋ ਇੰਟਰਨੈਸ਼ਨਲ ਆਕਸ਼ਨ 'ਚ ਹੈਰੀਟੇਜ ਫਰਨੀਚਰ ਦੀ ਆਕਸ਼ਨ ਬੰਦ ਕੀਤੀ ਜਾ ਸਕੇ। ਇਸ ਬਾਰੇ ਯੂ. ਕੇ. ਦੀ ਅਥਾਰਟੀ ਨੂੰ ਵੀ ਜਾਂਚ ਕਰਨ ਲਈ ਕਹਿਣਾ ਚਾਹੀਦਾ। ਲੰਡਨ 'ਚ ਹੋਈ ਇਸ ਆਕਸ਼ਨ 'ਚ 10 ਕੁਰਸੀਆਂ ਹੀ 87 ਲੱਖ ਰੁਪਏ 'ਚ ਵੇਚੀਆਂ ਗਈਆਂ, ਜਦੋਂਕਿ ਇਸ ਆਕਸ਼ਨ ਨਾਲ 1.74 ਕਰੋੜ ਰੁਪਏ ਕਮਾਏ ਗਏ।

ਕਾਰਬੂਜੀਏ ਤੇ ਜੇਨਰੇ ਨੇ ਡਿਜ਼ਾਈਨ ਕੀਤੇ ਸਨ
ਜਿਹੜੇ ਫਰਨੀਚਰ ਦੀ ਲੰਡਨ, ਫਰਾਂਸ ਤੇ ਯੂ. ਐੈੱਸ. ਏ. 'ਚ ਨਿਤ ਦਿਨ ਬੋਲੀ ਲਾਈ ਜਾਂਦੀ ਹੈ, ਉਸ ਨੂੰ ਫਰੈਂਚ ਆਰਕੀਟੈਕਟ ਲੀ ਕਾਰਬੂਜੀਏ ਤੇ ਉਨਾਂ ਦੇ ਕਜ਼ਨ ਪਿਅਰੇ ਜੇਨਰੇ ਨੇ ਚੰਡੀਗੜ੍ਹ 'ਚ ਰਹਿੰਦੇ ਹੋਏ ਡਿਜ਼ਾਈਨ ਕੀਤਾ ਸੀ। ਕਿਸੇ ਸਮੇਂ ਇਹੋ ਫਰਨੀਚਰ ਕਬਾੜ ਵਾਂਗ ਸਰਕਾਰੀ ਵਿਭਾਗ ਦੇ ਗੋਦਾਮਾਂ 'ਚ ਪਿਆ ਰਹਿੰਦਾ ਸੀ। ਇਥੋਂ ਹੀ ਇਨ੍ਹਾਂ ਦੀ ਸਮੱਗਲਿੰਗ ਕੀਤੀ ਗਈ ਤੇ ਵਿਦੇਸ਼ਾਂ ਤਕ ਪਹੁੰਚਾਇਆ ਗਿਆ। ਹੁਣ ਹਰ ਕੁਝ ਸਮੇਂ ਬਾਅਦ ਇਨ੍ਹਾਂ ਦੀ ਆਕਸ਼ਨ ਕੀਤੀ ਜਾਂਦੀ ਹੈ।


Related News