ਅਜੀਤਵਾਲ 'ਚ ਨਹੀਂ ਰੁੱਕ ਰਹੀਆਂ ਚੋਰੀ ਦੀਆਂ ਘਟਨਾਵਾਂ, ਇੱਕੋ ਰਾਤ 'ਚ ਟੁੱਟੇ 3 ਦੁਕਾਨਾਂ ਦੇ ਸ਼ਟਰ
Thursday, Jan 28, 2021 - 09:36 PM (IST)
ਅਜੀਤਵਾਲ, (ਰੱਤੀ)- ਕਸਬੇ ’ਚ ਦੁਕਾਨਾਂ ਦੇ ਸ਼ਟਰ ਤੋੜ ਕੇ ਕੀਤੀਆਂ ਜਾ ਰਹੀ ਚੋਰੀਆਂ ਦੀਆਂ ਘਟਨਾਵਾਂ ਪਿਛਲੇ 3 ਮਹੀਨਿਆਂ ਤੋਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਤੇ ਇਹ ਚੋਰ ਗਿਰੋਹ ਹਰ ਵਾਰ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਜਿੱਥੇ ਅਜੀਤਵਾਲ ਦੇ ਲੋਕਾਂ ਨੂੰ ਪ੍ਰੇਸ਼ਨੀ ਦੇ ਸਮੁੰਦਰ ’ਚ ਧਕੇਲ ਦਿੰਦੇ ਹਨ, ਉੱਥੇ ਥਾਣਾ ਅਜੀਤਵਾਲ ਦੀ ਪੁਲਸ ਨੂੰ ਵੀ ਠੇਂਗਾ ਦਿਖਾ ਜਾਂਦੇ ਹਨ। ਬੀਤੀ ਰਾਤ ਵੀ ਅਜੀਤਵਾਲ ਵਿਖੇ ਇਕ ਢਾਬੇ ਦਾ ਸ਼ਟਰ ਅਤੇ ਇਕ ਸਕੂਟਰਾਂ ਦੀ ਦੁਕਾਨ ਦਾ ਸ਼ਟਰ ਤੋੜਿਆਂ ਗਿਆ। ਇਕ ਮੈਡੀਕਲ ਸਟੋਰ ’ਤੇ ਵੀ ਉਕਤ ਗਿਰੋਹ ਨੇ ਸ਼ਟਰ ਤੋੜ ਕੇ ਨਕਦੀ ਅਤੇ ਦਵਾਈਆਂ ਚੋਰੀ ਕਰ ਲਈਆਂ। ਸਟੋਰ ਦੇ ਮਾਲਕ ਮਹੇਸ਼ ਸਿੰਗਲਾ ਨੇ ਦੱਸਿਆ ਮੇਰੇ ਗੁਆਂਢੀ ਦੁਕਾਨਦਾਰ ਜੋ ਬੁਟੀਕ ਦਾ ਕੰਮ ਕਰਦਾ ਹੈ, ਜੋ ਬੀਤੀ ਰਾਤ ਆਪਣੀ ਦੁਕਾਨ ’ਤੇ ਹੀ ਸੀ, ਨੇ ਫੋਨ ’ਤੇ ਦੱਸਿਆ ਕਿ ਤੇਰੀ ਦੁਕਾਨ ਦਾ ਕੋਈ ਸ਼ਟਰ ਤੋੜ ਰਿਹਾ ਹੈ ਤਾਂ ਮੈਂ ਤੁਰੰਤ ਆਪਣੇ ਦੁਕਾਨ ਮਾਲਕ ਨੂੰ ਇਸ ਦੀ ਸੂਚਨਾ ਫੋਨ ’ਤੇ ਦਿੱਤੀ ਤਾਂ ਦੁਕਾਨ ਮਾਲਕ ਪਰਮਿੰਦਰ ਸਿੰਘ ਗਰੇਵਾਲ ਜਿਨ੍ਹਾਂ ਦੀ ਮੇਰੀ ਦੁਕਾਨ ਦੇ ਸਾਹਮਣੇ ਦੂਸਰੀ ਬਿਲਡਿੰਗ ’ਤੇ ਰਿਹਾਇਸ਼ ਹੈ, ਨੇ ਤੁਰੰਤ ਉਪਰੋਂ ਦੇਖਿਆਂ ਤਾਂ 4 ਵਿਅਕਤੀ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਦੁਕਾਨ ਦਾ ਸ਼ਟਰ ਚੁੱਕ ਕੇ ਚੋਰੀ ਕਰ ਰਹੇ ਹਨ ਤਾਂ ਉਸ ਨੇ ਉਨ੍ਹਾਂ ਉਪਰ ਰੋੜਿਆਂ ਦੀ ਬਰਸਾਤ ਕਰ ਦਿੱਤੀ ਤਾਂ ਉਹ ਆਪਣੀ ਕਾਰ ’ਚ ਦੌੜ ਗਏ। ਇਸੇ ਦੌਰਾਨ ਉਹ ਮੇਰੇ ਗੱਲੇ ਵਿਚ ਪਿਆ 20,000 ਕੈਸ਼ ਤੇ ਦਵਾਈਆਂ ਚੋਰੀ ਕਰ ਕੇ ਲੈ ਗਏ।
ਦੱਸ ਦਈਏ ਕਿ ਕਰੀਬ 3 ਮਹੀਨੇ ਪਹਿਲਾਂ ਥਾਣਾ ਅਜੀਤਵਾਲ ਦੇ ਬਿਲਕੁੱਲ ਨਾਲ ਇਕ ਮੋਬਾਇਲਾਂ ਦੀ ਦੁਕਾਨ ਤੋਂ ਵੀ ਚੋਰਾਂ ਨੇ 2.50 ਲੱਖ ਦੇ ਮੋਬਾਇਲ ਤੇ ਇਕ ਹੋਰ ਮੋਬਾਇਲਾਂ ਦੀ ਦੁਕਾਨ ਦੇ ਮਾਲਕ ਤੋਂ ਵੀ ਸ਼ਾਮ ਨੂੰ ਘਰ ਜਾਂਦੇ ਸਮੇਂ ਲਗਭਗ ਇਕ ਲੱਖ ਦੇ ਮੋਬਾਇਲਾਂ ਦਾ ਬੈਗ ਕਿਸੇ ਹਥਿਆਰ ਦੀ ਨੋਕ ’ਤੇ ਲੁੱਟ ਲਿਆ ਸੀ, ਪਰ ਅਜੀਤਵਾਲ ਦੀ ਪੁਲਸ ਅਜੇ ਤੱਕ ਕਿਸੇ ਵੀ ਉਕਤ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਚੋਰਾਂ ਤੱਕ ਨਹੀਂ ਪੁਹੰਚ ਸਕੀ, ਜਿਸ ਕਾਰਣ ਆਮ ਲੋਕਾਂ ’ਚ ਵੀ ਪੁਲਸ ਪ੍ਰਤੀ ਨਾਰਾਜ਼ਗੀ ਹੈ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਬੀਤੀ ਰਾਤ ਕਰੀਬ 1.30 ਵਜੇ ਤੱਕ ਤਾਂ ਪੁਲਸ ਵੱਲੋਂ ਗਸ਼ਤ ਕੀਤੀ ਗਈ, ਪਰ ਉਸ ਤੋਂ ਬਾਅਦ ਪੁਲਸ ਦੀ ਕੋਈ ਮੌਜੂਦ ਨਹੀਂ ਦੇਖੀ ਗਈ। ਪੁਲਸ ਗਸ਼ਤ ਸਿਰਫ ਇਕ ਖਾਨਾਪੂਰਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਕਦ ਤੱਕ ਇਨ੍ਹਾਂ ਚੋਰਾਂ ਨੂੰ ਕਾਬੂ ਕਰਦੀ ਹੈ ਜਾਂ ਫਿਰ ਲੋਕਾਂ ਨੂੰ ਇਸੇ ਤਰ੍ਹਾਂ ਹੀ ਇਹ ਚੋਰ ਪ੍ਰੇਸ਼ਾਨ ਕਰਦੇ ਰਹਿਣਗੇ?
ਕੀ ਕਹਿਣੈ ਥਾਣਾ ਮੁਖੀ ਦਾ
ਜਦ ਇਸ ਸਬੰਧੀ ਥਾਣਾ ਮੁਖੀ ਕਰਮਜੀਤ ਸਿੰਘ ਗਰੇਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਚੋਰਾਂ ਦੀ ਭਾਲ ਬੜੀ ਸਰਗਰਮੀ ਨਾਲ ਕਰ ਰਹੀ ਹੈ ਤੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਬਹੁਤ ਜਲਦੀ ਇਸ ਚੋਰ ਗਿਰੋਹ ਨੂੰ ਕਾਬੂ ਕਰ ਕੇ ਇਲਾਕਾ ਨਿਵਾਸੀਆਂ ਨੂੰ ਨਿਜਾਤ ਦਿਵਾਈ ਜਾਵੇਗੀ।
ਕੀ ਕਹਿਣੈ ਏ. ਐੱਸ. ਆਈ. ਦਾ
ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਮੰਨਿਆ ਕਿ ਜਦ ਇਹ ਚੋਰੀ ਹੋਈ ਉਸ ਵਕਤ ਅਸੀਂ ਅਜੀਤਵਾਲ ਨਹੀਂ ਸੀ ਕਿਉਂਕਿ ਅਜੀਤਵਾਲ ਥਾਣੇ ਦਾ ਏਰੀਆ ਵੱਡਾ ਹੋਣ ਕਾਰਣ ਅਸੀਂ ਕਿਸੇ ਹੋਰ ਪਿੰਡ ਗਸ਼ਤ ਕਰ ਰਹੇ ਸੀ। ਪੁਲਸ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਨੂੰ ਆਪਣੀਆਂ ਦੁਕਾਨਾਂ ਦੀ ਰੱਖਵਾਲੀ ਲਈ ਚੌਂਕੀਦਾਰ ਜ਼ਰੂਰ ਰੱਖਣ।