ਚੰਡੀਗੜ੍ਹ : ਸ਼ਾਕੰਭਰੀ ਦੇਵੀ ਮੰਦਰ ''ਚੋਂ ਲੱਖਾਂ ਦੇ ਗਹਿਣੇ ਚੋਰੀ, ਵਾਰਦਾਤ ਕੈਮਰੇ ''ਚ ਕੈਦ

03/13/2020 4:28:21 PM

ਚੰਡੀਗੜ੍ਹ (ਸੁਸ਼ੀਲ) : ਨਕਾਬਪੋਸ਼ ਦੋ ਚੋਰਾਂ ਨੇ ਸੈਕਟਰ-43 ਸਥਿਤ ਸ਼ਾਕੰਭਰੀ ਦੇਵੀ ਮੰਦਰ ਦੀ ਖਿੜਕੀ ਦੀ ਲੋਹੇ ਦੀ ਗਰਿੱਲ ਕੱਟ ਕੇ ਭਗਵਾਨ ਦੀਆਂ ਮੂਰਤੀਆਂ 'ਤੇ ਚੜ੍ਹੇ ਲੱਖਾਂ ਰੁਪਏ  ਦੇ ਚਾਂਦੀ ਦੇ ਤਾਜ ਅਤੇ ਛਤਰ ਚੋਰੀ ਕਰਕੇ ਫਰਾਰ ਹੋ ਗਏ। ਮੰਦਰ 'ਚ ਚੋਰੀ ਕਰਦੇ ਹੋਏ ਦੋਵੇਂ ਸਖਸ਼ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ। ਦੋਵੇਂ ਚੋਰਾਂ ਨੇ ਬੁੱਧਵਾਰ ਰਾਤ 1:35 ਮਿੰਟ 'ਤੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਵੀਰਵਾਰ ਸਵੇਰੇ ਪੁਜਾਰੀ ਨੇ ਮੰਦਰ 'ਚ ਚੋਰੀ ਦੀ ਸੂਚਨਾ ਪੁਲਸ ਨੂੰ ਦਿੱਤੀ।  ਸੈਕਟਰ-36 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਤੋਂ ਬਾਅਦ ਪੁਜਾਰੀ ਪੰਡਿਤ ਰਾਜੇਸ਼ ਸ਼ੁਕਲਾ ਦੀ ਸ਼ਿਕਾਇਤ 'ਤੇ ਚੋਰਾਂ 'ਤੇ ਮਾਮਲਾ ਦਰਜ ਕੀਤਾ ਹੈ। ਜਾਂਚ 'ਚ ਸਾਹਮਣੇ ਆਇਆ ਕਿ ਚੋਰਾਂ ਨੇ ਮੰਦਰ 'ਚ ਆਉਂਦੇ ਹੀ ਕੈਮਰਿਆਂ ਦੀ ਦਿਸ਼ਾ ਬਦਲ ਦਿੱਤੀ। ਚੋਰੀ ਦਾ ਸਮਾਨ ਲੈ ਕੇ ਜਾਣ ਲਈ ਇੱਕ ਚੋਰ ਪਿੱਠੂ ਬੈਗ ਲੈ ਕੇ ਆਇਆ ਹੋਇਆ ਸੀ।

PunjabKesari
ਸ਼ਿਕਾਇਤ ਕਰਤਾ ਪੰਡਿਤ ਰਾਜੇਸ਼ ਸ਼ੁਕਲਾ ਨੇ ਪੁਲਸ ਨੂੰ ਦੱਸਿਆ ਕਿ ਉਹ ਸੈਕਟਰ-43 ਸਥਿਤ ਸ਼ਾਕੰਭਰੀ ਦੇਵੀ ਮੰਦਰ 'ਚ ਪੁਜਾਰੀ ਹੈ। ਬੁੱਧਵਾਰ ਰਾਤ ਨੂੰ ਉਹ ਮੰਦਰ ਬੰਦ ਕਰਕੇ ਸੌਂ ਗਿਆ ਸੀ।  ਵੀਰਵਾਰ ਸਵੇਰੇ ਮੰਦਰ 'ਚ ਆਰਤੀ ਕਰਨ ਗਿਆ ਤਾਂ ਹੈਰਾਨ ਰਹਿ ਗਿਆ। ਮੰਦਰ 'ਚ ਮਾਤਾ ਦਾ ਤਾਜ ਅਤੇ ਤ੍ਰਿਸ਼ੂਲ ਗਾਇਬ ਸੀ। ਇਸ ਦੌਰਾਨ ਉਸ ਨੇ ਵੇਖਿਆ ਤਾਂ ਮੰਦਰ 'ਚ ਸਾਰੀਆਂ ਭਗਵਾਨ ਦੀਆਂ ਮੂਰਤੀਆਂ ਤੋਂ ਚਾਂਦੀ ਦੇ ਗਹਿਣੇ ਗਾਇਬ ਸਨ।

PunjabKesari

ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰੇ ਵੇਖੇ ਤਾਂ ਉਨ੍ਹਾਂ ਦੀ ਡਾਇਰੈਕਸ਼ਨ ਵੀ ਵੱਖ ਕੀਤੀ ਹੋਈ ਸੀ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।  ਸੂਚਨਾ ਮਿਲਦੇ ਹੀ ਸੈਕਟਰ-36 ਥਾਣਾ ਇੰਚਾਰਜ ਰਣਜੋਤ ਸਿੰਘ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚੇ। ਜਾਂਚ 'ਚ ਸਾਹਮਣੇ ਆਇਆ ਕਿ ਚੋਰ ਦੇਰ ਰਾਤ ਕਰੀਬ 1:35 ਵਜੇ ਅੰਦਰ ਮੰਦਰ ਦੀ ਉਪਰਲੀ ਮੰਜ਼ਿਲ ਤੋਂ ਗਰਿੱਲ ਤੋੜ ਕੇ ਅੰਦਰ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਕੈਮਰਿਆਂ ਦੀ ਦਿਸ਼ਾ ਬਦਲ ਦਿੱਤੀ ਤਾਂ ਕਿ ਉਹ ਕੈਮਰੇ 'ਚ ਕੈਦ ਨਾ ਹੋ ਸਕਣ।

PunjabKesari

ਇਸ ਤੋਂ ਬਾਅਦ ਚੋਰ ਗਰਾਊਂਡ ਫਲੋਰ 'ਤੇ ਹੇਠਾਂ ਆਏ ਅਤੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਏ। ਪੁਜਾਰੀ ਰਜੇਸ਼ ਸ਼ੁਕਲਾ ਨੇ ਦੱਸਿਆ ਕਿ ਚੋਰ ਮੰਦਰ 'ਚੋਂ ਇਕ ਚਾਂਦੀ ਦਾ ਤਾਜ, ਚਾਂਦੀ ਦਾ ਤ੍ਰਿਸ਼ੂਲ, ਕੁੰਡਲ ਕੰਨਾਂ ਦੇ, ਇਕ ਚਾਂਦੀ ਦਾ ਗਣੇਸ਼, ਚਾਂਦੀ ਦੇ ਚਰਨ ਪਾਦੁਕਾ 1 ਜੋੜੀ,  ਰਾਮ ਪਰਿਵਾਰ ਦਾ ਤਾਜ ਅਤੇ ਛਤਰ ਰਾਧਾ ਕ੍ਰਿਸ਼ਣ ਦੇ ਦੋ ਤਾਜ, ਲਕਸ਼ਮੀ ਨਰਾਇਣ ਦੇ ਦੋ ਤਾਜ, ਇਕ ਛਤਰ ਬਾਲ ਗੋਪਾਲ ਦਾ ਇਕ ਤਾਜ ਅਤੇ ਦੋ  ਬੰਸਰੀਆਂ ਤੋਂ ਇਲਾਵਾ ਹੋਰ ਸਮਾਨ ਚੋਰੀ ਕਰਕੇ ਲੈ ਗਏ।  
15 ਮਿੰਟ 'ਚ ਵਾਰਦਾਤ ਨੂੰ ਦਿੱਤਾ ਅੰਜ਼ਾਮ
ਮੰਦਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਅਨੁਸਾਰ ਚੋਰ ਰਾਤ 1:35 ਮਿੰਟ 'ਤੇ ਮੰਦਰ 'ਚ ਆਏ।  ਉਨ੍ਹਾਂ ਨੇ ਪਹਿਲੀ ਮੰਜ਼ਿਲ 'ਤੇ ਖਿੜਕੀ ਦੀ ਲੋਹੇ ਦੀ ਗਰਿਲ ਕੱਟਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਚੋਰ ਕਰੀਬ 1:50 ਮਿੰਟ 'ਤੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਏ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਰੈਕੀ ਕੀਤੀ ਸੀ।  
 


Babita

Content Editor

Related News