ਚੌਂਕੀਦਾਰ ਨੇ ਚੋਰਾਂ ਦਾ ਰੱਜ ਕੇ ਚਾੜ੍ਹਿਆ ਕੁਟਾਪਾ, ਕੀਤਾ ਪੁਲਸ ਹਵਾਲੇ

Monday, Feb 03, 2025 - 12:26 PM (IST)

ਚੌਂਕੀਦਾਰ ਨੇ ਚੋਰਾਂ ਦਾ ਰੱਜ ਕੇ ਚਾੜ੍ਹਿਆ ਕੁਟਾਪਾ, ਕੀਤਾ ਪੁਲਸ ਹਵਾਲੇ

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਦੇ ਕੋਰਟ ਕੰਪਲੈਕਸ ਨੇੜੇ ਵਕੀਲਾਂ ਦੇ ਚੈਂਬਰ 'ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨ ਵੀ ਕੁੱਝ ਲੋਕ ਧੁੰਦ ਦਾ ਫ਼ਾਇਦਾ ਚੁੱਕਦੇ ਹੋਏ ਵਕੀਲਾਂ ਦੇ ਚੈਂਬਰ 'ਚੋਂ ਏ. ਸੀ. ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਚੌਂਕੀਦਾਰ ਦੀ ਬਹਾਦਰੀ ਕਾਰਨ ਇਨ੍ਹਾਂ ਚੋਰਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਚੌਂਕੀਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਵਕੀਲਾਂ ਦੇ ਚੈਂਬਰਾਂ 'ਚ ਚੌਂਕੀਦਾਰੀ ਦਾ ਕੰਮ ਕਰਦਾ ਹੈ।

ਵਕੀਲਾਂ ਦੇ ਚੈਂਬਰ ਚੋਂ 5 ਲੋਕਾਂ 'ਚੋਂ 3 ਲੋਕ ਏ. ਸੀ. ਚੋਰੀ ਕਰ ਰਹੇ ਸਨ, ਜਦੋਂ ਕਿ 2 ਲੋਕ ਪਿੱਛੇ ਖੜ੍ਹੇ ਸਨ, ਜਿਨ੍ਹਾਂ ਨੇ ਚੋਰੀ ਦਾ ਮਾਲ ਫੜ੍ਹ ਕੇ ਫ਼ਰਾਰ ਹੋ ਜਾਣਾ ਸੀ। ਇਸ ਤੋਂ ਪਹਿਲਾਂ ਕਿ ਉਹ ਵਾਰਦਾਤ ਨੂੰ ਅੰਜਾਮ ਦਿੰਦੇ, ਸੁਰੇਸ਼ ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਉਨ੍ਹਾਂ ਦਾ ਪਿੱਛਾ ਕੀਤਾ। ਸੁਰੇਸ਼ ਕੁਮਾਰ ਨੇ ਕਿਹਾ ਕਿ ਚੋਰ ਬਾਹਰ ਵੱਲ ਭੱਜੇ ਅਤੇ ਉਸ ਨੇ ਪਿੱਛਾ ਕਰਕੇ 2 ਲੋਕਾਂ ਨੂੰ ਫੜ੍ਹ ਲਿਆ। ਉਨ੍ਹਾਂ ਨੇ ਸੁਰੇਸ਼ ਨਾਲ ਕਾਫੀ ਕੁੱਟਮਾਰ ਕੀਤੀ ਪਰ ਉਸ ਨੇ ਵੀ ਚੋਰਾਂ ਨੂੰ ਰੱਜ ਕੇ ਕੁੱਟਿਆ।

ਚੌਂਕੀਦਾਰ ਦੇ ਰੌਲਾ ਪਾਉਣ 'ਤੇ ਕੋਰਟ ਕੰਪਲੈਕਸ 'ਚ ਸੁਰੱਖਿਆ ਮੁਲਾਜ਼ਮਾਂ ਨੂੰ ਬੁਲਾ ਲਿਆ ਗਿਆ ਅਤੇ 2 ਲੋਕਾਂ ਨੂੰ ਫੜ੍ਹ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ, ਜਦੋਂ ਕਿ 3 ਲੋਕ ਫ਼ਰਾਰ ਹੋ ਗਏ। ਜ਼ਿਲਾ ਬਾਰ ਐਸੋਸੀਏਸ਼ਨ ਫਾਜ਼ਿਲਕਾ ਦੇ ਸਕੱਤਰ ਚੰਦਰਦੀਪ ਮੱਗੂ ਨੇ ਕਿਹਾ ਕਿ ਲਗਾਤਾਰ ਵਕੀਲਾਂ ਦੇ ਚੈਂਬਰਾਂ 'ਚੋਂ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹੇ 'ਚ ਉਨ੍ਹਾਂ ਦੇ ਚੌਂਕੀਦਾਰ ਵਲੋਂ ਕੀਤੇ ਗਏ ਇਸ ਕੰਮ ਲਈ ਉਸ ਨੂੰ ਸਨਮਾਨਿਤ ਕੀਤਾ ਜਾਵੇਗਾ।
 


author

Babita

Content Editor

Related News