ਧੀ ਦੇ ਵਿਆਹ ਲਈ ਜੋੜਿਆ ਸਾਮਾਨ ਚੋਰੀ ਕਰਕੇ ਲੈ ਗਏ ਚੋਰ
Tuesday, Oct 22, 2024 - 02:19 PM (IST)
ਫਿਰੋਜ਼ਪੁਰ (ਕੁਮਾਰ) : ਚੋਰਾਂ ਨੇ ਇੱਕ ਗਰੀਬ ਪਰਿਵਾਰ ਵੱਲੋਂ ਆਪਣੀ ਧੀ ਨੂੰ ਵਿਆਹ 'ਚ ਦੇਣ ਲਈ ਪਾਈ-ਪਾਈ ਕਰਕੇ ਜੋੜਿਆ ਦਾਜ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਅੱਡਾ ਖਾਈ ਵਾਲਾ ਫਿਰੋਜ਼ਪੁਰ ਸ਼ਹਿਰ ਵਿਖੇ ਰਹਿੰਦੇ ਰੋਂਦੇ ਕੁਰਲਾਉਂਦੇ ਹੋਏ ਸ਼ਿਵ ਕੁਮਾਰ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦੇ ਵਿਆਹ ਲਈ ਥੋੜ੍ਹਾ-ਥੋੜ੍ਹਾ ਕਰਕੇ ਦਾਜ ਦਾ ਸਾਮਾਨ ਇਕੱਠਾ ਕੀਤਾ ਸੀ ਅਤੇ ਬੀਤੀ ਰਾਤ ਚੋਰਾਂ ਨੇ ਉਨ੍ਹਾਂ ਦੇ ਘਰ ਦਾਖ਼ਲ ਹੋ ਕੇ ਦਾਜ ਦਾ ਸਾਰਾ ਕੀਮਤੀ ਸਾਮਾਨ ਚੋਰੀ ਕਰ ਲਿਆ।
ਦੂਜੇ ਪਾਸੇ ਪੈਲੇਸ ਨੇੜੇ ਰਹਿੰਦੇ ਰਮੇਸ਼ ਕੁਮਾਰ ਪੁੱਤਰ ਹਰੀਰਾਮ ਨੇ ਦੱਸਿਆ ਕਿ ਉਹ ਪੰਜਾਬੀ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਹੈ ਅਤੇ ਬੀਤੀ ਅੱਧੀ ਰਾਤ ਨੂੰ ਚੋਰ ਸੇਂਧ ਲਗਾ ਕੇ ਉਸ ਦੇ ਘਰ ਅੰਦਰ ਦਾਖ਼ਲ ਹੋ ਗਏ ਅਤੇ ਦੀਵਾਲੀ ਦੇ ਤਿਉਹਾਰ ਲਈ ਤਿਆਰ ਕੀਤੀਆਂ 40 ਪੰਜਾਬੀ ਜੁੱਤੀਆਂ ਦੇ ਜੋੜੇ, 2 ਪੱਖੇ ਅਤੇ ਹੋਰ ਘਰੇਲੂ ਸਾਮਾਨ ਚੋਰੀ ਕਰਕੇ ਲੈ ਗਏ ਹਨ। ਪੀੜਤ ਪਰਿਵਾਰਾਂ ਨੇ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਵੱਧ ਰਹੀਆਂ ਚੋਰੀਆਂ ਨੂੰ ਰੋਕਣ ਲਈ ਪ੍ਰਬੰਧ ਕੀਤੇ ਜਾਣ ਅਤੇ ਉਨ੍ਹਾਂ ਦਾ ਚੋਰੀ ਹੋਇਆ ਸਾਮਾਨ ਬਰਾਮਦ ਕਰਵਾਇਆ ਜਾਵੇ।