ਚੋਰਾਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ
Sunday, Jul 23, 2017 - 12:10 AM (IST)
ਮੰਡੀ ਘੁਬਾਇਆ(ਕੁਲਵੰਤ, ਸੰਧੂ)—ਇਸ ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਹਨ, ਜਿਸ ਵਿਚ ਪੁਲਸ ਪ੍ਰਸ਼ਾਸਨ ਦੇ ਨਾਕਾਮ ਹੋਣ ਕਰਕੇ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਇਸੇ ਤਰ੍ਹਾਂ ਪਿੰਡ ਚੱਕ ਭਾਬੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚੋਂ ਬੀਤੀ ਰਾਤ ਚੋਰਾਂ ਵੱਲੋਂ ਸੱਤ ਗੱਟੇ ਕਣਕ, ਦੋ ਗੱਟੇ ਚੌਲ, ਇਕ ਸਿਲੰਡਰ ਤੇ 50 ਮੀਟਰ ਕੇਬਲ ਤਾਰ ਚੋਰੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ, ਚੱਕ ਭਾਬੜਾ ਦੇ ਮੁੱਖ ਅਧਿਆਪਕ ਸੁਖਵਿੰਦਰ ਸਿੰਘ ਤੇ ਅਮਨਦੀਪ ਸਿੰਘ ਮਾਸਟਰ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਉਨ੍ਹਾਂ ਦੇ ਸਕੂਲ 'ਚੋਂ ਉਕਤ ਸਾਮਾਨ ਚੋਰੀ ਕੀਤਾ ਹੈ। ਇਸ ਸਬੰਧੀ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੌਕੇ 'ਤੇ ਸਰਪੰਚ ਤੇ ਪੁਲਸ ਚੌਕੀ ਮੰਡੀ ਘੁਬਾਇਆ ਨੂੰ ਸੂਚਨਾ ਦੇ ਦਿੱਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਦਰਸ਼ਨ ਸਿੰਘ, ਕੁਲਵੰਤ ਸਿੰਘ, ਸ਼ੀਲਾ ਦੇਵੀ ਆਂਗਨਵਾੜੀ ਵਰਕਰ, ਕੁਕ-ਕਮ-ਹੈਲਪਰ ਸਵਰਨ ਕੌਰ ਤੇ ਕੁਕ-ਕਮ-ਹੈਲਪਰ ਨੀਲਮ ਰਾਣੀ ਆਦਿ ਮੌਜੂਦ ਸਨ।
