ਗੰਦੇ ਪਾਣੀ ਤੇ ਕੂੜੇ ਦੀ ਬਦਬੂ ਨੇ ਵਿਦਿਆਰਥੀਆਂ ਦਾ ਜਿਊਣਾ ਕੀਤਾ ਦੁੱਭਰ

Tuesday, Jul 11, 2017 - 01:21 AM (IST)

ਗੰਦੇ ਪਾਣੀ ਤੇ ਕੂੜੇ ਦੀ ਬਦਬੂ ਨੇ ਵਿਦਿਆਰਥੀਆਂ ਦਾ ਜਿਊਣਾ ਕੀਤਾ ਦੁੱਭਰ

ਸਮਾਲਸਰ,   (ਸੁਰਿੰਦਰ)-  ਪਿੰਡ 'ਚ ਬਦਬੂ ਮਾਰਦੇ ਛੱਪੜ ਦੇ ਗੰਦੇ ਪਾਣੀ ਦੀ ਸਮੱਸਿਆ ਹੁਣ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ ਕਿਉਂਕਿ ਮਸਲਾ ਵਿਦਿਆਰਥੀਆਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ ਅਤੇ ਪੰਚਾਇਤ ਵੀ ਮਾਮਲਾ ਹੱਲ ਕਰਨ ਦਾ ਭਰੋਸਾ ਹੀ ਦੇ ਰਹੀ ਹੈ, ਜਦਕਿ ਅਸਲੀਅਤ 'ਚ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਉਠਾਇਆ ਜਾ ਰਿਹਾ। ਮਾਰਕੀਟ ਦਾ ਕੂੜਾ ਜਿਸ ਜਗ੍ਹਾ ਡੰਪ ਕੀਤਾ ਜਾਂਦਾ ਹੈ, ਉਹ ਜਗ੍ਹਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਸਾਹਮਣੇ ਹੈ ਅਤੇ ਇਹ ਕੂੜਾ ਛੱਪੜ ਦੇ ਗੰਦੇ ਪਾਣੀ 'ਚ ਮਿਲ ਜਾਣ ਕਾਰਨ ਇਸ 'ਚੋਂ ਬਦਬੂ ਫੈਲ ਰਹੀ ਹੈ, ਜਿਸ ਕਾਰਨ ਸਕੂਲ ਸਟਾਫ ਅਤੇ ਵਿਦਿਆਰਥੀਆਂ ਦਾ ਕਮਰਿਆਂ ਵਿਚ ਬੈਠਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਇਹ ਬਦਬੂ ਕਈ ਖਤਰਨਾਕ ਬੀਮਾਰੀਆਂ ਦੀ ਵਜ੍ਹਾ ਬਣ ਸਕਦੀ ਹੈ, ਜਿਸ ਦਾ ਮਾੜਾ ਅਸਰ ਵਿਦਿਆਰਥੀਆਂ 'ਤੇ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਸਮੱਸਿਆ ਦਾ ਹੱਲ ਕਰਨ ਲਈ ਅੱਜ ਸਰਕਾਰੀ ਸਕੂਲ ਦੇ ਸਟਾਫ ਨੇ ਪੰਚਾਇਤ ਅਤੇ ਮਾਰਕੀਟ ਕਮੇਟੀ ਦੇ ਪ੍ਰਧਾਨ ਨਾਲ ਮੀਟਿੰਗ ਕੀਤੀ ਸੀ ਪਰ ਇਹ ਮੀਟਿੰਗ ਕਿਸੇ ਠੋਸ ਨਤੀਜੇ 'ਤੇ ਨਹੀਂ ਪਹੁੰਚ ਸਕੀ, ਜਿਸ ਕਾਰਨ ਸਕੂਲ ਦੇ ਸਟਾਫ ਨੇ ਉੱਚ ਅਧਿਕਾਰੀਆਂ ਤੱਕ ਮੰਗ ਉਠਾਉਣ ਦਾ ਫੈਸਲਾ ਕੀਤਾ ਹੈ।
ਸਟਾਫ ਨੇ ਦੱਸਿਆ ਕਿ ਜਿਸ ਕਮਰੇ 'ਚ ਵਿਦਿਆਰਥੀਆਂ ਲਈ ਮਿਡ-ਡੇ ਮੀਲ ਦਾ ਖਾਣਾ ਬਣਾਇਆ ਜਾਂਦਾ ਹੈ, ਇਹ ਬਦਬੂ ਉੱਥੇ ਵੀ ਜਾ ਰਹੀ ਹੈ। ਇਸ ਤਰ੍ਹਾਂ ਦੇ ਮਾਹੌਲ 'ਚ ਵਿਦਿਆਰਥੀਆਂ ਨੂੰ ਪੜ੍ਹਾਉਣਾ ਕਿਸੇ ਜੰਗ ਲੜਨ ਦੇ ਬਰਾਬਰ ਮੰਨਿਆ ਜਾ ਸਕਦਾ ਹੈ। ਗ੍ਰਾਮ ਪੰਚਾਇਤ ਸਮਾਲਸਰ ਨੇ ਪਾਈਪ ਲਾਈਨ ਪਾ ਕੇ ਛੱਪੜ ਦੇ ਗੰਦੇ ਪਾਣੀ ਦਾ ਨਿਕਾਸ ਰੋਡਿਆਂ ਵਾਲੀ ਡਰੇਨ 'ਚ ਕਰ ਕੇ ਛੱਪੜ ਇਕ ਵਾਰ ਖਾਲੀ ਕਰਵਾ ਦਿੱਤਾ ਸੀ ਪਰ ਸਰਕਾਰ ਬਦਲਣ ਮਗਰੋਂ ਸੱਤਾ ਧਿਰ ਨਾਲ ਜੁੜੇ ਕੁਝ ਲੋਕਾਂ ਨੇ ਛੱਪੜ ਵਾਲੀ ਜਗ੍ਹਾ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਰ ਕੇ ਮਜਬੂਰਨ ਪੰਚਾਇਤ ਨੂੰ ਛੱਪੜ 'ਚ ਦੁਬਾਰਾ ਪਾਣੀ ਛੱਡਣਾ ਪਿਆ।  ਅਜਿਹੀ ਹੀ ਸਮੱਸਿਆ ਕੂੜਾ ਡੰਪ ਕਰਨ ਵਾਲੀ ਜਗ੍ਹਾ ਦੀ ਹੈ। ਅਕਾਲੀ ਅਤੇ ਕਾਂਗਰਸੀ ਪੰਚਾਇਤਾਂ ਦੀ ਖਿੱਚੋਤਾਣ ਕਰ ਕੇ ਕੂੜੇ ਨੂੰ ਪਿੰਡ ਦੇ ਬਾਹਰ ਸੁੱਟਣ ਵਾਲੀ ਜਗ੍ਹਾ ਦੀ ਚੋਣ ਨਹੀਂ ਹੋ ਸਕੀ।


Related News