ਖੁੱਡਾ ਅਲੀਸ਼ੇਰ ਨੇੜੇ ਆਟੋ ਖੋਹਣ ਵਾਲੇ ਦੋ ਨੌਜਵਾਨ ਦਬੋਚੇ
Tuesday, Jan 02, 2018 - 04:43 AM (IST)

ਚੰਡੀਗੜ੍ਹ, (ਸੁਸ਼ੀਲ)- ਆਟੋ ਹਾਇਰ ਕਰਕੇ ਖੁੱਡਾ ਅਲੀਸ਼ੇਰ ਤੋਂ ਆਟੋ ਖੋਹਣ ਵਾਲੇ ਦੋ ਨੌਜਵਾਨਾਂ ਨੂੰ ਸੈਕਟਰ-11 ਥਾਣਾ ਪੁਲਸ ਨੇ ਵੱਖੋ-ਵੱਖ ਥਾਵਾਂ ਤੋਂ ਦਬੋਚ ਲਿਆ। ਫੜੇ ਨੌਜਵਾਨਾਂ ਦੀ ਪਛਾਣ ਮੋਹਾਲੀ ਸਥਿਤ ਪਰਚ ਪਿੰਡ ਵਾਸੀ ਆਯੂਸ਼ ਸ਼ਰਮਾ ਅਤੇ ਨਵਾਂਗ੍ਰਾਓਂ ਵਾਸੀ ਜਤਿੰਦਰ ਕੁਮਾਰ ਦੇ ਰੂਪ 'ਚ ਹੋਈ। ਪੁਲਸ ਨੇ ਦੋਵੇਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਲੁੱਟਿਆ ਹੋਇਆ ਆਟੋ ਬਰਾਮਦ ਕਰਕੇ ਉਨ੍ਹਾਂ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ ਇਕ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
ਪੁਲਸ ਨੇ ਦੱਸਿਆ ਕਿ ਆਯੂਸ਼ ਸ਼ਰਮਾ 'ਤੇ ਪਹਿਲਾਂ ਵੀ ਪੰਚਕੂਲਾ ਸਥਿਤ ਮਨਸਾ ਦੇਵੀ ਪੁਲਸ ਚੌਕੀ 'ਚ ਵਾਹਨ ਚੋਰੀ ਕਰਨ ਦਾ ਮਾਮਲਾ ਦਰਜ ਹੈ। ਡੀ. ਐੱਸ. ਪੀ. ਸੈਂਟਰਲ ਰਾਮਗੋਪਾਲ ਨੇ ਦੱਸਿਆ ਕਿ 26 ਦਸੰਬਰ ਨੂੰ ਖੁੱਡਾ ਅਲੀਸ਼ੇਰ ਤੋਂ ਜਲਟੂ ਸ਼ਾਹ ਤੋਂ ਆਟੋ ਲੁੱਟਣ ਵਾਲੇ ਦੋਵੇਂ ਨੌਜਵਾਨਾਂ ਨੂੰ ਫੜਨ ਲਈ ਇੰਸਪੈਕਟਰ ਲਖਬੀਰ ਸਿੰਘ ਸੈਕਟਰ-24 ਇੰਚਾਰਜ ਰੋਹਤਾਸ਼ ਅਤੇ ਸਬ-ਇੰਸਪੈਕਟਰ ਰਮੇਸ਼ ਕੁਮਾਰ ਦੀ ਟੀਮ ਬਣਾਈ ਸੀ। ਪੁਲਸ ਟੀਮ ਨੇ ਸ਼ੁੱਕਰਵਾਰ ਨੂੰ ਮੋਹਾਲੀ ਸਥਿਤ ਪਰਚ ਪਿੰਡ ਵਾਸੀ ਆਯੂਸ਼ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਉਸਦਾ ਚਾਰ ਦਿਨਾ ਪੁਲਸ ਰਿਮਾਂਡ ਹਾਸਲ ਕਰਕੇ ਉਸਦੇ ਸਾਥੀ ਬਾਰੇ ਪੁੱਛਿਆ।
ਪੁੱਛਗਿੱਛ ਦੌਰਾਨ ਆਯੂਸ਼ ਸ਼ਰਮਾ ਨੇ ਦੱਸਿਆ ਕਿ ਉਸਨੇ ਆਪਣੇ ਸਾਥੀ ਨਵਾਂਗ੍ਰਾਓਂ ਵਾਸੀ ਜਤਿੰਦਰ ਕੁਮਾਰ ਦੇ ਨਾਲ ਮਿਲ ਕੇ ਖੁੱਡਾ ਅਲੀ ਸ਼ੇਰ ਤੋਂ ਆਟੋ ਵੀ ਲੁੱਟਿਆ ਸੀ। ਪੁਲਸ ਟੀਮ ਨੇ ਆਯੂਸ਼ ਸ਼ਰਮਾ ਦੀ ਨਿਸ਼ਾਨਦੇਹੀ 'ਤੇ ਧਨਾਸ ਦੇ ਕੱਚੇ ਰਸਤੇ 'ਤੇ ਨਾਕਾ ਲਾ ਕੇ ਨਵਾਂਗ੍ਰਾਓਂ ਵਾਸੀ ਜਤਿੰਦਰ ਕੁਮਾਰ ਨੂੰ ਦਬੋਚ ਲਿਆ। ਪੁਲਸ ਨੇ ਦੋਵਾਂ ਦੀ ਨਿਸ਼ਾਨਦੇਹੀ 'ਤੇ ਆਟੋ ਬਰਾਮਦ ਕੀਤਾ। ਡੀ. ਐੱਸ. ਪੀ. ਨੇ ਦੱਸਿਆ ਕਿ ਦੋਵੇਂ ਨੌਜਵਾਨ ਨਸ਼ੇੜੀ ਹਨ, ਇਸ ਲਈ ਲੁੱਟਾਂ ਕਰਦੇ ਹਨ। ਪੁਲਸ ਫੜੇ ਗਏ ਮੁਲਜ਼ਮਾਂ ਤੋਂ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕਰ ਰਹੀ ਹੈ।