4 ਸ਼ਰਾਬ ਸਮੱਗਲਰ 20 ਲਿਟਰ ਲਾਹਣ ਸਣੇ ਦਬੋਚੇ
Saturday, Jan 24, 2026 - 03:10 PM (IST)
ਲੁਧਿਆਣਾ (ਸ਼ਿਵਮ) : ਕ੍ਰਾਈਮ ਬ੍ਰਾਂਚ ਦੀ ਪੁਲਸ ਟੀਮ ਨੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ 4 ਮੁਲਜ਼ਮਾਂ ਨੂੰ ਥਾਣਾ ਲਾਡੋਵਾਲ ਦੇ ਇਲਾਕੇ ’ਚੋਂ ਗ੍ਰਿਫਤਾਰ ਕਰਕੇ ਮੁਲਜ਼ਮਾਂ ਖਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ਗਸ਼ਤ ਦੌਰਾਨ ਟੀ-ਪੁਆਇੰਟ ਪਿੰਡ ਫਤਿਹਪੁਰ ਗੁੱਜਰਾਂ ਕੋਲ ਮੌਜੂਦ ਸੀ। ਇਸ ਦੌਰਾਨ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਕੁਝ ਸ਼ਰਾਬ ਸਮੱਗਲਰ ਹਾਰਡੀਜ਼ ਵਲਰਡ ਦੇ ਸਾਹਮਣੇ ਪੁਲ ਨੇੜੇ ਨਾਜਾਇਜ਼ ਸ਼ਰਾਬ ਵੇਚ ਰਹੇ ਹਨ, ਜਿਸ ਤੋਂ ਬਾਅਦ ਪੁਲਸ ਟੀਮ ਨੇ ਉਕਤ ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਜਾ ਕੇ ਛਾਪਾ ਮਾਰਿਆ।
ਇਥੇ ਪੁਲਸ ਨੇ ਨਾਜਾਇਜ਼ 20 ਲਿਟਰ ਲਾਹਣ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਮੁੰਨਾ ਪਾਸਵਾਨ ਵਾਸੀ ਮੁਹੱਲਾ ਪੀਰੂਬੰਦਾ, ਨਸੀਮ ਵਾਸੀ 33 ਫੁੱਟਾ ਰੋਡ, ਚਾਂਦਨੀ ਚੌਕ, ਸੁਨੀਲ ਵਾਸੀ ਨਾਨਕ ਨਗਰ ਅਤੇ ਓਂਕਾਰ ਵਾਸੀ ਚਿੱਟੀ ਕਾਲੋਨੀ ਵਜੋਂ ਕੀਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
