ਚੋਰਾਂ ਨੇ ਭੰਨੇ ਤਿੰਨ ਦੁਕਾਨਾਂ ਦੇ ਤਾਲੇ

11/18/2017 2:24:03 AM

ਗਿੱਦੜਬਾਹਾ,   (ਕੁਲਭੂਸ਼ਨ)-  ਸਿਵਲ ਹਸਪਤਾਲ ਦੇ ਸਾਹਮਣੇ ਸਥਿਤ ਮੈਡੀਕਲ ਸਟੋਰ ਮਾਰਕੀਟ 'ਚ ਬੀਤੀ ਰਾਤ ਚੋਰ ਤਿੰਨ ਦੁਕਾਨਾਂ ਦੇ ਤਾਲੇ ਭੰਨ ਕੇ ਨਕਦੀ ਉਡਾ ਕੇ ਲੈ ਗਏ।  ਉਕਤ ਮਾਰਕੀਟ ਦੇ ਦੁਕਾਨਦਾਰਾਂ ਸੁਭਾਸ਼ ਕਥੂਰੀਆ, ਸਾਹਿਬ ਸਿੰਘ ਗਿੱਲ, ਸੁਰਿੰਦਰ ਕੁਮਾਰ, ਬਲਜਿੰਦਰ ਕੁਮਾਰ ਤੇ ਜਸਵਿੰਦਰ ਪਾਲ ਗਰਗ ਨੇ ਦੱਸਿਆ ਕਿ ਅੱਜ ਜਦੋਂ ਉਹ ਆਪਣੀਆਂ ਦੁਕਾਨਾਂ ਨੂੰ ਰੋਜ਼ ਦੀ ਤਰ੍ਹਾਂ ਖੋਲ੍ਹਣ ਲਈ ਆਏ ਤਾਂ ਉਨ੍ਹਾਂ ਦੇਖਿਆ ਕਿ ਚੋਰ ਬੇਦੀ ਮੈਡੀਕਲ ਹਾਲ ਤੇ ਗਿੱਲ ਮੈਡੀਕਲ ਹਾਲ ਦੇ ਸਿਰਫ ਤਾਲੇ ਹੀ ਤੋੜ ਸਕੇ ਹਨ ਜਦਕਿ ਉਨ੍ਹਾਂ ਕਥੂਰੀਆ ਮੈਡੀਕਲ ਹਾਲ 'ਚੋਂ ਗੱਲੇ ਵਿਚ ਪਏ ਕਰੀਬ 1200 ਰੁਪਏ ਚੋਰੀ ਕਰ ਲਏ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਗਿੱਦੜਬਾਹਾ ਵਿਖੇ ਇਤਲਾਹ ਦੇ ਦਿੱਤੀ ਹੈ। ਉਕਤ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਪੁਲਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਚੋਰੀ ਦੀਆਂ ਅਜਿਹੀਆਂ ਘਟਨਾਵਾਂ ਤੋਂ ਬਚਾਅ ਹੋ ਸਕੇ।


Related News