ਚੋਰੀ ਦੇ ਮਾਮਲੇ ''ਚ ਲੋੜੀਂਦਾ ਤੀਜਾ ਵਿਅਕਤੀ ਵੀ ਅੜਿੱਕੇ

10/16/2017 2:20:51 AM

ਬੰਗਾ, (ਚਮਨ/ਰਾਕੇਸ਼)- ਥਾਣਾ ਸਿਟੀ ਬੰਗਾ ਦੇ ਏ. ਐੱਸ. ਆਈ. ਲਖਵੀਰ ਸਿੰਘ ਨੂੰ ਉਸ ਵੇਲੇ ਕਾਮਯਾਬੀ ਮਿਲੀ, ਜਦੋਂ ਸਤੰਬਰ ਮਹੀਨੇ 'ਚ ਥਾਣਾ ਸਿਟੀ ਬੰਗਾ ਦੀ ਪੁਲਸ ਵੱਲੋਂ ਮਸੰਦਾਂ ਪੱਟੀ 'ਚ ਇਕ ਐੱਨ. ਆਰ. ਆਈ. ਦੀ ਕੋਠੀ 'ਚ ਹੋਈ ਚੋਰੀ ਦੇ ਮਾਮਲੇ 'ਚ ਲੋੜੀਂਦਾ ਤੀਜਾ ਵਿਅਕਤੀ ਵੀ ਗ੍ਰਿਫਤਾਰ ਕਰ ਲਿਆ ਗਿਆ।
ਏ. ਐੱਸ. ਆਈ. ਨੇ ਦੱਸਿਆ ਕਿ ਐੱਸ. ਐੱਚ. ਓ. ਸਿਟੀ ਬੰਗਾ ਗੋਪਾਲ ਕ੍ਰਿਸ਼ਨ ਵੱਲੋਂ ਮਿਲੇ ਹੁਕਮਾਂ ਅਨੁਸਾਰ ਉਨ੍ਹਾਂ ਵੱਲੋਂ ਬੰਗਾ ਸ਼ਹਿਰ 'ਚ ਵੱਖ-ਵੱਖ ਪੁਲਸ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਜਨਰਲ ਚੈਕਿੰਗ ਤੇ ਗਸ਼ਤ ਲਈ ਭੇਜੀਆਂ ਜਾਂਦੀਆਂ ਹਨ। ਉਨ੍ਹਾਂ ਸਮੇਤ ਪੁਲਸ ਪਾਰਟੀ ਗੜ੍ਹਸ਼ੰਕਰ ਚੌਕ 'ਚ ਨਾਕਾਬੰਦੀ ਕੀਤੀ ਹੋਈ ਸੀ ਤਾਂ ਕਿਸੇ ਮੁਖਬਰ ਖਾਸ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਲੋੜੀਂਦਾ ਨਰੇਸ਼ ਕੁਮਾਰ ਉਰਫ ਗਾਂਧੀ ਪੁੱਤਰ ਬਲਵਿੰਦਰ ਸਿੰਘ ਵਾਸੀ ਖਟਕੜ ਖੁਰਦ, ਨਵਾਂਸ਼ਹਿਰ ਤੋਂ ਆ ਰਿਹਾ ਹੈ।
ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਨਾਕਾਬੰਦੀ ਦੌਰਾਨ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਫੜ ਕੇ ਥਾਣਾ ਸਿਟੀ ਲਿਆਂਦਾ, ਜਿਥੇ ਉਸ ਨੇ ਪੁੱਛ-ਪੜਤਾਲ ਦੌਰਾਨ ਇਕ ਸਿਲੰਡਰ, ਇਨਵਰਟਰ, ਪੱਖੇ ਤੇ ਹੋਰ ਸਾਮਾਨ ਚੋਰੀ ਕਰਨਾ ਕਬੂਲਿਆ। ਏ. ਐੱਸ. ਆਈ. ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਲਈ ਜਾਵੇਗੀ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।


Related News