ਚੋਰਾਂ ਨੇ ਨਕਦੀ ਤੇ ਗਹਿਣਿਆਂ ''ਤੇ ਕੀਤਾ ਹੱਥ ਸਾਫ
Thursday, Aug 24, 2017 - 07:11 AM (IST)
ਵਲਟੋਹਾ, (ਜ.ਬ.)- ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਜਿੱਥੇ ਚੋਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ, ਉਥੇ ਹੀ ਆਏ ਦਿਨ ਚੋਰੀ ਦੀਆਂ ਘਟਨਾਵਾਂ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਪਿੰਡ ਲਾਖਣਾ ਵਿਖੇ ਸਾਹਮਣੇ ਆਈ, ਜਿੱਥੇ ਬੀਤੀ ਰਾਤ ਚੋਰਾਂ ਨੇ ਇਕ ਘਰ ਵਿਚ ਦਾਖਲ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।
ਹਰਜਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨੇ ਦੱਸਿਆ ਬੀਤੀ ਰਾਤ ਕਰੀਬ 2 ਕੁ ਵਜੇ ਉਸ ਨੂੰ ਕੁਝ ਆਵਾਜ਼ ਸੁਣਾਈ ਦਿੱਤੀ, ਜਦੋਂ ਉਠ ਕੇ ਵੇਖਿਆ ਤਾਂ ਘਰ ਵਿਚ ਇਕ ਅਣਪਛਾਤਾ ਵਿਅਕਤੀ ਖੜ੍ਹਾ ਸੀ, ਜਿਸ ਨੂੰ ਕਾਬੂ ਕਰਨ ਲਈ ਉਸ ਨੇ ਪੂਰੀ ਕੋਸ਼ਿਸ਼ ਕੀਤੀ ਪਰ ਉਸ ਨਾਲ 5-6 ਵਿਅਕਤੀ ਹੋਰ ਸਨ, ਜਿਨ੍ਹਾਂ ਨੇ ਉਸ ਉਪਰ ਇੱਟ ਦਾ ਵਾਰ ਕੀਤਾ ਜੋ ਸਿਰ ਦੇ ਕੋਲੋਂ ਨਿਕਲ ਗਈ। ਉਸ ਵੱਲੋਂ ਰੌਲਾ ਪਾਉਣ 'ਤੇ ਚੋਰ ਮੌਕੇ ਤੋਂ ਫਰਾਰ ਹੋ ਗਏ।
ਜਦੋਂ ਉਸ ਨੇ ਸਾਮਾਨ ਚੈੱਕ ਕੀਤਾ ਤਾਂ ਅਲਮਾਰੀ ਦਾ ਲਾਕ ਟੁੱਟਾ ਹੋਇਆ ਸੀ, ਜਿਸ 'ਚੋਂ 3 ਮੁੰਦੀਆਂ, ਇਕ ਹਾਰ, ਛੋਟੀਆਂ ਵਾਲੀਆਂ, ਤਿੰਨ ਘੜੀਆਂ ਅਤੇ 10 ਹਜ਼ਾਰ ਦੀ ਨਕਦੀ ਗਾਇਬ ਸੀ। ਇਸ ਸਬੰਧੀ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
