ਰਾਜਾ ਵੜਿੰਗ ਨੇ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਵਿਚਾਲੇ ਹੋਏ ਵਿਵਾਦ ਦਾ ਕੀਤਾ ਖ਼ੁਲਾਸਾ (ਵੀਡੀਓ)
Friday, Feb 06, 2026 - 06:19 PM (IST)
ਲੁਧਿਆਣਾ (ਵੈੱਬ ਡੈਸਕ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਵਿਚਾਲੇ ਹੋਏ ਵਿਵਾਦ ਦੀ ਪੂਰੀ ਗੱਲ ਬਾਰੇ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਭਾਜਪਾ ਵੱਲੋਂ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਸਿੱਖਾਂ ਦਾ ਅਪਮਾਨ ਕੀਤਾ, ਜਦਕਿ ਉਹ ਸਰਦਾਰਾਂ ਨੂੰ ਆਪਣੇ ਸਿਰ ਦਾ ਤਾਜ ਮੰਨਦੇ ਹਨ ਤੇ ਕਦੇ ਅਪਮਾਨ ਕਰ ਹੀ ਨਹੀਂ ਸਕਦੇ।
ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਲੋਕ ਸਭਾ ਵਿਚ ਸਾਬਕਾ ਫ਼ੌਜ ਮੁਖੀ ਵੱਲੋਂ ਲਿਖੀ ਕਿਤਾਬ ਦੇ ਹਵਾਲੇ ਨਾਲ ਚੀਨ ਦੇ ਮਸਲੇ 'ਤੇ ਗੱਲ ਕਰਨੀ ਚਾਹੁੰਦੇ ਸਨ। ਇਸ ਤੋਂ ਇਲਾਵਾ ਭਾਰਤ ਤੇ ਅਮਰੀਕਾ ਵਿਚਾਲੇ ਹੋਏ ਵਪਾਰਕ ਸਮਝੌਤੇ 'ਤੇ ਵੀ ਬੋਲਣਾ ਸੀ, ਜਿਸ ਸਮਝੌਤੇ ਨਾਲ ਪੰਜਾਬ ਦੀ ਕਿਸਾਨੀ ਬਰਬਾਦ ਹੋਣ ਦਾ ਖ਼ਤਰਾ ਹੈ। ਰਾਹੁਲ ਗਾਂਧੀ ਨੂੰ ਲੋਕ ਸਭਾ ਵਿਚ ਬੋਲਣ ਨਹੀਂ ਦਿੱਤਾ ਗਿਆ ਤੇ ਹੰਗਾਮਾ ਹੋਣ 'ਤੇ ਸਾਡੇ ਕਈ ਸੰਸਦ ਮੈਂਬਰਾਂ ਨੂੰ ਬਾਹਰ ਕਰ ਦਿੱਤਾ ਗਿਆ। ਵੜਿੰਗ ਨੇ ਦੱਸਿਆ ਕਿ ਉਸ ਦਿਨ ਉਹ ਤੇ ਹੋਰ ਸੰਸਦ ਮੈਂਬਰ ਇਨ੍ਹਾਂ ਮਸਲਿਆਂ ਦੇ ਵਿਰੋਧ ਵਿਚ ਲੋਕ ਸਭਾ ਦੇ ਬਾਹਰ ਬੈਠੇ ਸਨ ਤੇ ਰਾਹੁਲ ਗਾਂਧੀ ਵੀ ਉਨ੍ਹਾਂ ਕੋਲ ਖੜ੍ਹ ਗਏ। ਇਸ ਦੌਰਾਨ ਰਵਨੀਤ ਬਿੱਟੂ ਉੱਥੇ ਆਏ ਤੇ ਕਿਹਾ ਕਿ ਇਹ ਲੋਕ ਕਿਹੜਾ ਕਾਰਗਿਲ ਦੀ ਜੰਗ ਜਿੱਤ ਕੇ ਆਏ ਹਨ। ਇਸ 'ਤੇ ਰਾਹੁਲ ਗਾਂਧੀ ਨੇ ਉਸ ਨੂੰ ਆਪਣਾ ਗੱਦਾਰ ਦੋਸਤ ਕਿਹਾ।
ਪੰਜਾਬ ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ ਕਿ ਭਾਜਪਾ ਨੇ ਇਸ ਮਸਲੇ ਨੂੰ ਹੋਰ ਰੰਗਤ ਦਿੰਦਿਆਂ ਇਹ ਕਿਹਾ ਕਿ ਰਾਹੁਲ ਗਾਂਧੀ ਨੇ ਸਿੱਖਾਂ ਦਾ ਅਪਮਾਨ ਕੀਤਾ ਹੈ, ਪਰ ਰਾਹੁਲ ਗਾਂਧੀ ਕਦੇ ਵੀ ਸਿੱਖਾਂ ਦਾ ਅਪਮਾਨ ਨਹੀਂ ਕਰ ਸਕਦਾ। ਵੜਿੰਗ ਨੇ ਕਿਹਾ ਕਿ ਰਵਨੀਤ ਬਿੱਟੂ ਆਪ ਹੀ ਕਹਿੰਦਾ ਸੀ ਕਿ ਉਹ ਪੱਗ ਨਹੀਂ ਬੰਨ੍ਹਦਾ ਹੁੰਦਾ ਸੀ, ਰਾਹੁਲ ਗਾਂਧੀ ਨੇ ਉਸ ਨੂੰ ਪੱਗ ਬੰਨ੍ਹਣ ਲਈ ਅਤੇ ਗੁਰੂ ਦਾ ਸਿੰਘ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਡੇ-ਵੱਡੇ ਲੀਡਰ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਗਾਤਾਰ ਤਿੰਨ ਦਿਨ ਸੇਵਾ ਨਹੀਂ ਕਰ ਸਕੇ, ਪਰ ਰਾਹੁਲ ਗਾਂਧੀ ਨੇ ਤਿੰਨ ਦਿਨ ਉੱਥੇ ਸੇਵਾ ਕੀਤੀ। ਭਾਰਤ ਜੋੜੋ ਯਾਤਰਾ ਦੌਰਾਨ ਵੀ ਉਹ ਦਸਤਾਰ ਸਜਾ ਕੇ ਗੁਰੂ ਸਾਹਿਬ ਅੱਗੇ ਨਤਮਸਤਕ ਹੋਏ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੇ ਆਪਣੇ ਪੁੱਤਰ ਨੂੰ ਪ੍ਰਧਾਨ ਮੰਤਰੀ ਨਾ ਬਣਾ ਕੇ ਮਨਮੋਹਨ ਸਿੰਘ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ, ਕਿਉਂਕਿ ਉਨ੍ਹਾਂ ਨੂੰ ਚੰਗੇ ਬੰਦਿਆਂ ਦੀ ਪਛਾਣ ਹੈ। ਕਾਂਗਰਸ ਧਰਮ ਨਿਰਪੱਖ ਪਾਰਟੀ ਹੈ ਤੇ ਇਹ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ।
