ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾਉਣ ਵਾਲੀ ਹੁਸ਼ਿਆਰਪੁਰ ਤੋਂ ਗ੍ਰਿਫਤਾਰ

Friday, Mar 09, 2018 - 05:37 AM (IST)

ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾਉਣ ਵਾਲੀ ਹੁਸ਼ਿਆਰਪੁਰ ਤੋਂ ਗ੍ਰਿਫਤਾਰ

ਜਲੰਧਰ, (ਮਹੇਸ਼)- ਪਹਿਲੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਪਹਿਲਾਂ ਹੀ ਵਿਆਹੇ ਹੋਏ ਇਕ ਵਿਅਕਤੀ ਨਾਲ ਦੂਜਾ ਵਿਆਹ ਕਰਵਾਉਣ ਵਾਲੀ ਇਕ ਔਰਤ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਹੈ। ਰੀਨਾ ਨਾਮਕ ਉਕਤ ਔਰਤ ਨੂੰ ਪੁਲਸ ਨੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 1 ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਹਰਦੇਵ ਸਿੰਘ ਨੇ ਦੱਸਿਆ ਕਿ ਸਾਲ 2015 ਵਿਚ ਦਕੋਹਾ ਵਾਸੀ ਔਰਤ ਕਾਂਤਾ ਰਾਣੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਗਾਇਕ ਪਤੀ ਸਕੱਤਰ ਲਾਲ ਨੇ ਉਸਨੂੰ ਤਲਾਕ ਦਿੱਤੇ ਬਿਨਾਂ ਹੀ ਹੋਰ ਔਰਤਾਂ ਨਾਲ ਆਪਣੀ ਆਈ. ਡੀ. ਬਦਲ ਕੇ ਵਿਆਹ ਕਰਵਾਏ ਹਨ। ਜਿਸ 'ਤੇ ਪੁਲਸ ਨੇ ਪੂਰੀ ਜਾਂਚ ਤੋਂ ਬਾਅਦ ਸਕੱਤਰ ਲਾਲ ਉਰਫ ਸਤਿੰਦਰ ਮਸੀਹ ਨੂੰ 25 ਸਤੰਬਰ 2015 ਨੂੰ ਆਈ. ਪੀ. ਸੀ. ਦੀ ਧਾਰਾ 420,465,466,467 ਤੇ 471 ਦੇ ਤਹਿਤ ਮੁਕੱਦਮਾ ਨੰ. 234 ਵਿਚ ਨਾਮਜ਼ਦ ਕਰ ਲਿਆ। ਉਸਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸਨੂੰ ਜੇਲ ਭੇਜ ਦਿੱਤਾ ਗਿਆ ਜੋ ਬਾਅਦ ਵਿਚ ਜ਼ਮਾਨਤ 'ਤੇ ਬਾਹਰ ਆ ਗਿਆ। ਇਸ ਦੌਰਾਨ ਸਕੱਤਰ ਲਾਲ ਦੀ ਪਹਿਲੀ ਪਤਨੀ ਕਾਂਤਾ ਰਾਣੀ ਨੇ ਆਪਣੇ ਪਤੀ ਦੀ ਤੀਸਰੀ ਪਤਨੀ ਰਾਣੀ ਦੇ ਖਿਲਾਫ ਵੀ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਵਿਚ ਉਸਨੇ ਕਿਹਾ ਕਿ ਰੀਨਾ ਰਾਣੀ ਨੇ ਵਿਆਹੀ ਹੋਈ ਹੋਣ ਦੇ ਬਾਵਜੂਦ ਆਪਣੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਉਸਦੇ ਪਤੀ ਸਕੱਤਰ ਲਾਲ ਉਰਫ ਸਤਿੰਦਰ ਮਸੀਹ (ਬਦਲਿਆ ਹੋਇਆ ਨਾਂ) ਨਾਲ ਵਿਆਹ ਕਰਵਾ ਲਿਆ। ਰੀਨਾ ਰਾਣੀ ਜਾਣਦੀ ਸੀ ਕਿ ਸਕੱਤਰ ਲਾਲ ਨੇ ਆਪਣਾ ਨਾਂ ਤੇ ਪੂਰੀ ਆਈ. ਡੀ. ਬਦਲੀ ਹੋਈ ਹੈ ਤੇ ਉਸਨੇ ਪਹਿਲਾਂ ਵੀ ਦੋ ਵਿਆਹ ਕੀਤੇ ਹੋਏ ਹਨ। ਜਿਸ ਵਿਚੋਂ ਉਸਦੀ ਦੂਜੀ ਪਤਨੀ ਆਸ਼ਾ ਰਾਣੀ ਦੀ ਮੌਤ ਹੋ ਗਈ ਸੀ। ਇਸਦੇ ਬਾਵਜੂਦ ਉਸਨੇ ਉਸ ਨਾਲ (ਸਤਿੰਦਰ ਮਸੀਹ) ਨਾਲ ਵਿਆਹ ਕਰਵਾ ਲਿਆ ਤੇ ਉਸਦੇ ਨਾਲ ਹੀ ਰਹਿ ਰਹੀ ਹੈ। 
ਕਾਂਤਾ ਰਾਣੀ ਦੀ ਸ਼ਿਕਾਇਤ 'ਤੇ ਪੁਲਸ ਨੇ ਰੀਨਾ ਰਾਣੀ ਨੂੰ ਵੀ ਸਕੱਤਰ ਲਾਲ ਵਾਲੇ ਮਾਮਲੇ ਵਿਚ ਨਾਮਜ਼ਦ ਕਰ ਲਿਆ ਤੇ ਅੱਜ ਉਸਨੂੰ ਗ੍ਰਿਫਤਾਰ ਕਰ ਲਿਆ। ਉਹ ਕਾਫੀ ਸਮੇਂ ਤੋਂ ਹੁਸ਼ਿਆਰਪੁਰ ਵਿਚ ਰਹਿ ਰਹੀ ਸੀ। ਪੁਲਸ ਜਾਂਚ ਵਿਚ ਅਜੇ ਤੱਕ ਸਤਿੰਦਰ ਮਸੀਹ ਦੇ ਕੁੱਲ ਤਿੰਨ ਵਿਆਹ ਸਾਹਮਣੇ ਆਏ ਹਨ। ਫੜੀ ਗਈ ਔਰਤ ਰੀਨਾ ਰਾਣੀ ਕੋਲੋਂ ਪੁਲਸ ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। 


Related News