ਦਾਜ ਦੀ ਮੰਗ ਨੂੰ ਲੈ ਕੇ ਨਵ-ਵਿਆਹੁਤਾ ਨੂੰ ਘਰੋਂ ਕੱਢਿਆ, ਪਤੀ ਤੇ ਸੱਸ ਖ਼ਿਲਾਫ਼ ਪਰਚਾ ਦਰਜ

Friday, Aug 07, 2026 - 04:21 PM (IST)

ਦਾਜ ਦੀ ਮੰਗ ਨੂੰ ਲੈ ਕੇ ਨਵ-ਵਿਆਹੁਤਾ ਨੂੰ ਘਰੋਂ ਕੱਢਿਆ, ਪਤੀ ਤੇ ਸੱਸ ਖ਼ਿਲਾਫ਼ ਪਰਚਾ ਦਰਜ

ਫਿਰੋਜ਼ਪੁਰ (ਮਲਹੋਤਰਾ) : ਨਵ-ਵਿਆਹੁਤਾ ਨੂੰ ਦਾਜ ਦੀ ਮੰਗ ਨੂੰ ਲੈ ਕੇ ਕੁੱਟਮਾਰ ਕਰਨ ਅਤੇ ਘਰੋਂ ਕੱਢਣ ਦੇ ਦੋਸ਼ੀ ਮਾਂ-ਪੁੱਤ ਦੇ ਖ਼ਿਲਾਫ਼ ਪੁਲਸ ਨੇ ਪਰਚਾ ਦਰਜ ਕੀਤਾ ਹੈ। ਥਾਣਾ ਵੁਮੈਨ ਸੈੱਲ ਦੇ ਏ. ਐੱਸ. ਆਈ. ਦਰਸ਼ਨ ਸਿੰਘ ਦੇ ਅਨੁਸਾਰ ਪੀੜਤਾ ਪਰਮਜੀਤ ਕੌਰ ਪਿੰਡ ਮੇਘਾ ਪੰਜਗਰਾਈਂ ਨੇ ਸ਼ਿਕਾਇਤ ਦੇ ਦੱਸਿਆ ਸੀ ਕਿ ਉਸਦਾ ਵਿਆਹ 2022 ਵਿਚ ਸੱਤਪਾਲ ਸਿੰਘ ਪਿੰਡ ਮੋਹਣ ਕੇ ਉਤਾੜ ਦੇ ਨਾਲ ਹੋਇਆ ਸੀ। ਵਿਆਹ ਦੌਰਾਨ ਉਸਦੇ ਮਾਪਿਆਂ ਨੇ ਆਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ ਸੀ।

ਉਸ ਨੇ ਦੋਸ਼ ਲਗਾਏ ਕਿ ਵਿਆਹ ਤੋਂ ਬਾਅਦ ਤੋਂ ਹੀ ਉਸਦਾ ਪਤੀ ਸੱਤਪਾਲ ਸਿੰਘ ਅਤੇ ਸੱਸ ਗੁਰਮੀਤ ਕੌਰ ਵੱਲੋਂ ਉਸ ਨੂੰ ਦਾਜ ਦੇ ਲਈ ਤੰਗ ਕੀਤਾ ਜਾਣ ਲੱਗਾ ਅਤੇ ਕੁੱਟਮਾਰ ਹੋਣ ਲੱਗੀ। ਉਸ ਨੇ ਦੋਸ਼ ਲਗਾਏ ਕਿ ਦਸੰਬਰ 2025 ਵਿਚ ਦੋਹਾਂ ਮਾਂ-ਪੁੱਤ ਨੇ ਇਸੇ ਮੰਗ ਕਾਰਨ ਉਸ ਨੂੰ ਕੁੱਟ ਕੇ ਘਰੋਂ ਕੱਢ ਦਿੱਤਾ, ਜਿਸ ਉਪਰੰਤ ਉਹ ਆਪਣੇ ਪੇਕੇ ਘਰ ਰਹਿ ਰਹੀ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ 'ਤੇ ਦੋਹਾਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।


author

Babita

Content Editor

Related News