ਪੰਜਾਬ : ਟੋਲ ਪਲਾਜ਼ਾ ਨੇੜੇ ਵੱਡਾ ਹਾਦਸਾ, ਹਾਦਸੇ ਵਾਲੀ ਕਾਰ ਦੀ ਜਾਂਚ ਤੋਂ ਬਾਅਦ ਉਡੇ ਹੋਸ਼

Monday, Aug 10, 2026 - 12:15 PM (IST)

ਪੰਜਾਬ : ਟੋਲ ਪਲਾਜ਼ਾ ਨੇੜੇ ਵੱਡਾ ਹਾਦਸਾ, ਹਾਦਸੇ ਵਾਲੀ ਕਾਰ ਦੀ ਜਾਂਚ ਤੋਂ ਬਾਅਦ ਉਡੇ ਹੋਸ਼

ਭਵਾਨੀਗੜ੍ਹ (ਵਿਕਾਸ ਮਿੱਤਲ) : ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ’ਤੇ ਕਾਲਾਝਾੜ ਟੋਲ ਪਲਾਜ਼ਾ ਨੇੜੇ ਬੀਤੀ ਦੇਰ ਰਾਤ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਟੋਲ ਪਲਾਜ਼ਾ ਵਰਕਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਸਵਾਰ ਆਪਣੀ ਕਰੇਟਾ ਕਾਰ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਏ। ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਦੱਸਿਆ ਕਿ ਟੋਲ ਵਰਕਰ ਨਰਿੰਦਰ ਸਿੰਘ ਨਿੰਦੀ ਪਿੰਡ ਨਦਾਮਪੁਰ ਤੋਂ ਮੋਟਰਸਾਈਕਲ ’ਤੇ ਕਾਲਾਝਾੜ ਟੋਲ ਪਲਾਜ਼ਾ ’ਤੇ ਡਿਊਟੀ ਕਰਨ ਲਈ ਆ ਰਿਹਾ ਸੀ। ਟੋਲ ਪਲਾਜ਼ਾ ਨੇੜੇ ਭਵਾਨੀਗੜ੍ਹ ਵਾਲੇ ਪਾਸਿਓਂ ਆ ਰਹੀ ਇਕ ਤੇਜ਼ ਰਫ਼ਤਾਰ ਕਰੇਟਾ ਕਾਰ ਨੇ ਉਸ ਦੇ ਮੋਟਰਸਾਈਕਲ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਮੋਟਰਸਾਈਕਲ ਨੂੰ ਕਰੀਬ 200 ਮੀਟਰ ਤੱਕ ਘੜੀਸਦੀ ਹੋਈ ਲੈ ਗਈ। ਇਸ ਦੌਰਾਨ ਮੋਟਰਸਾਈਕਲ ਨੂੰ ਅੱਗ ਲੱਗ ਗਈ ਤੇ ਉਹ ਪੂਰੀ ਤਰ੍ਹਾਂ ਸੜ ਗਿਆ ਜਦਕਿ ਨਰਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਮੈਲਬੌਰਨ 'ਚ ਵਾਪਰੇ ਹਾਦਸੇ ਨੇ ਬਟਾਲਾ 'ਚ ਪੁਆਏ ਵੈਣ, ਇਕਲੌਤਾ ਪੁੱਤ ਗਵਾ ਬੈਠਾ ਪਰਿਵਾਰ

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਟੋਲ ਪਲਾਜ਼ਾ ਦੇ ਹੋਰ ਕਰਮਚਾਰੀ ਮੌਕੇ ’ਤੇ ਇਕੱਠੇ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਮੌਕੇ ’ਤੇ ਕਾਰ ਛੱਡ ਕੇ ਫ਼ਰਾਰ ਹੋ ਗਏ। ਯੂਨੀਅਨ ਆਗੂਆਂ ਅਨੁਸਾਰ ਕਾਰ ਦੀ ਜਾਂਚ ਦੌਰਾਨ ਉਸ ਵਿਚੋਂ ਕਥਿਤ ਤੌਰ ’ਤੇ ਚੂਰਾ-ਪੋਸਤ ਦੀਆਂ ਬੋਰੀਆਂ ਤੇ ਵੱਖ-ਵੱਖ ਨੰਬਰਾਂ ਵਾਲੀਆਂ 7-8 ਨੰਬਰ ਪਲੇਟਾਂ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਟੋਲ ਕਰਮਚਾਰੀਆਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਿਸ ’ਤੇ ਪੁਲਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ। ਸੂਬਾ ਪ੍ਰਧਾਨ ਲਾਡੀ ਨੇ ਨਰਿੰਦਰ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੁਲਸ ਪ੍ਰਸ਼ਾਸਨ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਮਾਮਲੇ ਵਿਚ ਲੋੜੀਂਦੀ ਕਾਰਵਾਈ ਨਾ ਕੀਤੀ ਗਈ ਤਾਂ ਯੂਨੀਅਨ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਉਧਰ, ਥਾਣਾ ਭਵਾਨੀਗੜ੍ਹ ਦੇ ਐੱਸਐੱਚਓ ਇੰਸਪੈਕਟਰ ਯਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਲੁਧਿਆਣਾ ਦੀ ਕੁੜੀ ਦੀ ਵੀਡੀਓ, ਨੈੱਟ 'ਤੇ ਪੈਂਦੇ ਹੀ ਪੈ ਗਿਆ ਭੜਥੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News