ਟੈਕਸ ਚੋਰੀ ਸਬੰਧੀ ਪੂਰਾ ਦਿਨ ਛਾਉਣੀ ਬਣਿਆ ਰਿਹਾ ਰੇਲਵੇ ਸਟੇਸ਼ਨ
Wednesday, Feb 14, 2018 - 03:50 AM (IST)

ਅੰਮ੍ਰਿਤਸਰ, (ਇੰਦਰਜੀਤ)- ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੇ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਸਥਾਨਕ ਰੇਲਵੇ ਸਟੇਸ਼ਨ 'ਤੇ ਜ਼ਬਰਦਸਤ ਨਾਕਾਬੰਦੀ ਕੀਤੀ। ਅੱਜ ਸਵੇਰੇ 10 ਵਜੇ ਦੇ ਕਰੀਬ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਇਲ ਵਿੰਗ ਦੀਆਂ ਟੀਮਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਪਾਰਸਲ ਵਿਭਾਗ ਦੇ ਬਾਹਰ ਪਹੁੰਚ ਗਈਆਂ। ਨਾਕਾਬੰਦੀ ਕਰਨ ਵਾਲੀ ਟੀਮ 'ਚ 2 ਦਰਜਨ ਦੇ ਕਰੀਬ ਸੇਲ ਟੈਕਸ ਅਧਿਕਾਰੀ-ਕਰਮਚਾਰੀ ਤੇ ਪੁਲਸ ਜਵਾਨ ਸ਼ਾਮਲ ਸਨ, ਜਿਵੇਂ ਹੀ ਟੀਮ ਪਾਰਸਲ ਵਿਭਾਗ ਦੇ ਬਾਹਰ ਪਹੁੰਚੀ ਤਾਂ ਪੂਰੇ ਰੇਲਵੇ ਸਟੇਸ਼ਨ 'ਚ ਹੜਕੰਪ ਮਚ ਗਿਆ। ਦੇਖਦੇ ਹੀ ਦੇਖਦੇ ਟੀਮ ਨੇ ਰੇਲਵੇ ਸਟੇਸ਼ਨ ਦੇ ਬਾਹਰ ਮਾਲ ਛੁਡਵਾ ਕੇ ਆਏ ਲੋਕਾਂ ਦਾ ਸਾਮਾਨ ਤੇ ਦਸਤਾਵੇਜ਼ ਚੈੱਕ ਕਰਨੇ ਸ਼ੁਰੂ ਕਰ ਦਿੱਤੇ। ਇਸ ਵਿਚ ਬਾਹਰ ਖੜ੍ਹੇ ਕਈ ਵਾਹਨ ਜਿਨ੍ਹਾਂ 'ਤੇ ਮਾਲ ਲੱਦਿਆ ਗਿਆ ਸੀ, ਉਤਾਰਿਆ ਗਿਆ ਅਤੇ ਗੰਭੀਰ ਚੈਕਿੰਗ ਕੀਤੀ ਗਈ। ਹਾਲਾਂਕਿ ਇਸ ਚੈਕਿੰਗ ਵਿਚ ਕਈ ਲੋਕਾਂ ਨੇ ਮਾਲ ਦੀ ਪੈਕਿੰਗ ਖ਼ਰਾਬ ਹੋ ਜਾਣ ਦਾ ਖਦਸ਼ਾ ਵੀ ਪ੍ਰਗਟਾਇਆ ਪਰ ਸੇਲ ਟੈਕਸ ਟੀਮ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।
ਇਹ ਸਨ ਟੀਮ 'ਚ ਸ਼ਾਮਲ : ਨਾਕਾਬੰਦੀ ਦੌਰਾਨ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੀ ਟੀਮ 'ਚ ਈ. ਟੀ. ਓ. ਜਪਸਿਮਰਨ ਸਿੰਘ ਪੀ. ਸੀ. ਐੱਸ., ਸੁਸ਼ੀਲ ਕੁਮਾਰ, ਰਾਜੀਵ ਮਰਵਾਹਾ, ਸੀਤਾ ਅਟਵਾਲ, ਅਮਿਤ ਵਿਆਸ, ਸਵਰਗ ਚੰਦ, ਮੰਗਲ ਸਿੰਘ ਤੇ ਕੁਲਦੀਪ ਸਿੰਘ ਸਮੇਤ ਡੇਢ ਦਰਜਨ ਦੇ ਕਰੀਬ ਹੋਰ ਸਟਾਫ ਦੇ ਲੋਕ ਮੌਜੂਦ ਸਨ।
ਕੀ ਕਹਿੰਦੇ ਹਨ ਅਧਿਕਾਰੀ? : ਇਸ ਸਬੰਧੀ ਈ. ਟੀ. ਓ. ਜਪਸਿਮਰਨ ਸਿੰਘ ਤੇ ਰਾਜੀਵ ਮਰਵਾਹਾ ਨੇ ਦੱਸਿਆ ਕਿ ਰੇਲਵੇ ਸਟੇਸ਼ਨ 'ਤੇ ਬਿਨਾਂ ਬਿੱਲ ਦੇ ਮਾਲ ਆਉਣ ਦੀਆਂ ਪਿਛਲੇ ਕੁਝ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ 'ਤੇ ਵਿਭਾਗ ਨੇ ਉਕਤ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਰੇਲਵੇ ਸਟੇਸ਼ਨ ਦੇ ਪਾਰਸਲ ਵਿਭਾਗ, ਮੁੱਖ ਦਰਵਾਜ਼ੇ, ਗੋਲਬਾਗ ਸਾਈਡ ਰੇਲਵੇ ਸਟੇਸ਼ਨ ਦੇ ਨਾਲ-ਨਾਲ ਚੋਰ ਰਸਤਿਆਂ 'ਤੇ ਸਾਦਾ ਵਰਦੀ 'ਚ ਨੌਜਵਾਨ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ਤੋਂ ਇਕ ਵੀ ਪੈਸੇ ਦੀ ਟੈਕਸ ਚੋਰੀ ਨਹੀਂ ਹੋਣ ਦਿੱਤੀ ਜਾਵੇਗੀ।