ਝੋਨੇ ਦੀ ਪਰਾਲੀ ਦਾ ਨਿਪਟਾਰਾ ਕਰਨ ਲਈ ਪੀ. ਪੀ. ਸੀ. ਬੀ. ਨੇ ਕੱਸੀ ਕਮਰ

12/31/2017 8:28:20 AM

ਪਟਿਆਲਾ/ਰੱਖੜਾ (ਰਾਣਾ)-ਸੂਬੇ ਵਿਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਫੈਲਾਉੁਣ ਵਾਲੀ ਝੋਨੇ ਦੀ ਪਰਾਲੀ ਦਾ ਨਿਪਟਾਰਾ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਮਰ ਕੱਸ ਲਈ ਹੈ। ਬੋਰਡ ਵੱਲੋਂ ਸਮੁੱਚੇ ਕੰਬਾਈਨ ਬਣਾਉੁਣ ਵਾਲੇ ਮਾਲਕਾਂ ਨੂੰ ਪੱਤਰ ਜਾਰੀ ਕਰਦਿਆਂ ਸਮੁੱਚੀਆਂ ਕੰਬਾਈਨਾਂ 'ਤੇ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਲਾਉੁਣਾ ਲਾਜ਼ਮੀ ਕਰ ਦਿੱਤਾ ਹੈ। 
ਇਸ ਸਬੰਧੀ ਗੱਲਬਾਤ ਕਰਦਿਆਂ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨੇ ਕਿਹਾ ਕਿ ਸਮੁੱਚੀਆਂ ਕੰਬਾਈਨਾਂ ਬਣਾਉੁਣ ਵਾਲੇ ਕੰਪਨੀ ਦੇ ਮਾਲਕਾਂ ਨੂੰ ਸਰਕਾਰ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਕੰਬਾਈਨਾਂ ਵਿਚ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਸੁਪਰ ਐੱਸ. ਐੱਮ. ਐੱਸ.) ਲਗਾਉਣਾ ਲਾਜ਼ਮੀ ਕਰਾਰ ਦੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਤਹਿਤ 6 ਸਾਲ ਤੱਕ ਦੀ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। ਇਹ ਸਿਸਟਮ ਪਰਾਲੀ ਦੇ ਯੋਗ ਨਿਪਟਾਰੇ ਦਾ ਸਭ ਤੋਂ ਸਹੀ ਹੱਲ ਹੈ, ਜੋ ਕੰਬਾਈਨ ਤੋਂ ਨਿਕਲ ਰਹੇ ਫੂਸ ਦਾ ਕੁਤਰਾ ਕਰਦਾ ਹੈ। ਇਹ ਫੂਸ ਹੀ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕਰਦਾ ਹੈ, ਜਿਸ ਨਾਲ ਵਧੇਰੇ ਪ੍ਰਦੂਸ਼ਣ ਫੈਲਦਾ ਹੈ ਜੋ ਕਿ ਹੋਰਨਾਂ ਸਟੇਟਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। 
ਜ਼ਿਕਰਯੋਗ ਹੈ ਕਿ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜ਼ਿੰਮੇਵਾਰੀ ਹੈ, ਜਿਸ ਕਾਰਨ ਬੋਰਡ ਨੇ ਪਰਾਲੀ ਦੇ ਨਿਪਟਾਰੇ ਲਈ ਪਹਿਲਕਦਮੀ ਕਰਨ ਦਾ ਨਿਸ਼ਚਾ ਕੀਤਾ ਕਿਉਂਕਿ ਪਰਾਲੀ ਸਾੜਨ ਤੋਂ ਬਾਅਦ ਪੈਦਾ ਹੁੰਦੇ ਧੂੰਏਂ ਨਾਲ ਕਈ ਵਾਤਾਵਰਣੀ ਅਤੇ ਮਨੁੱਖੀ ਅਲਾਮਤਾਂ ਪੈਦਾ ਹੁੰਦੀਆਂ ਹਨ। ਪੰਜਾਬ ਸਰਕਾਰ ਨੇ 2013 ਵਿਚ ਪਰਾਲੀ ਸਾੜਨ 'ਤੇ ਪਾਬੰਦੀ ਲਾਈ ਸੀ ਅਤੇ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਪਰਾਲੀ ਸਾੜਨ 'ਤੇ ਮੁਕੰਮਲ ਰੋਕ ਦੇ ਸਖ਼ਤ ਹੁਕਮ ਦਿੱਤੇ ਹੋਏ ਹਨ। ਇਸ ਦੇ ਨਿਪਟਾਰੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸੁਪਰ ਐੱਸ. ਐੱਮ. ਐੱਸ. ਲਗਾਏ ਜਾਣ ਦੀ ਸਿਫਾਰਸ਼ ਕੀਤੀ ਹੈ, ਜਿਹੜਾ ਕੰਬਾਈਨਾਂ ਨਾਲ ਵਾਢੀ ਤੋਂ ਬਾਅਦ ਪੈਦਾ ਹੋਈ ਪਰਾਲੀ ਦਾ ਕੁਤਰਾ ਕਰ ਕੇ ਖੇਤਾਂ ਵਿਚ ਖਿੰਡਾਉਂਦਾ ਹੈ, ਜਿਸ ਨਾਲ ਕਿਸਾਨ ਬਿਨਾਂ ਅੱਗ ਲਗਾਏ ਅਗਲੀ ਫਸਲ ਆਸਾਨੀ ਨਾਲ ਬੀਜ ਸਕਦਾ ਹੈ।
ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨੇ ਦੱਸਿਆ ਕਿ ਇਸ ਸੁਪਰ ਐੱਸ. ਐੱਮ. ਐੱਸ. ਰਾਹੀਂ ਪਰਾਲੀ ਦਾ ਨਿਪਟਾਰਾ ਕਰ ਕੇ ਅੱਗ ਲਾਉਣ ਦੀ ਰਵਾਇਤ ਠੱਲ੍ਹੀ ਜਾ ਸਕਦੀ ਹੈ ਅਤੇ ਹਵਾ ਪ੍ਰਦੂਸ਼ਣ 'ਤੇ ਕਾਬੂ ਪਾਇਆ ਜਾ ਸਕਦਾ ਹੈ। 
ਸ਼੍ਰੀ ਪਨੂੰ ਨੇ ਅੱਗੇ ਦੱਸਿਆ ਕਿ ਸੁਪਰ ਐੱਸ. ਐੱਮ. ਐੱਸ. ਲਾਉਣਾ ਲਾਜ਼ਮੀ ਕਰਨ ਲਈ ਹਵਾ ਪ੍ਰਦੂਸ਼ਣ ਕੰਟਰੋਲ ਐਕਟ 1981 ਤਹਿਤ 30 ਦਿਨਾਂ ਦਾ ਨੋਟਿਸ ਪ੍ਰਕਾਸ਼ਿਤ ਕਰ ਕੇ ਲੋਕ ਸਲਾਹ ਮੰਗੀ ਗਈ ਹੈ ਕਿ ਕਿਉਂ ਨਾ ਪੰਜਾਬ ਅੰਦਰ ਹਰੇਕ ਕੰਬਾਈਨ ਚਾਲਕ, ਜੋ ਝੋਨੇ ਦੀ ਵਾਢੀ ਕਰਨਾ ਚਾਹੁੰਦਾ ਹੈ, ਦੀ ਕੰਬਾਈਨ ਉੱਤੇ ਇਹ ਸੁਪਰ ਐੱਸ. ਐੱਮ. ਐੱਸ. ਲੱਗਣਾ ਲਾਜ਼ਮੀ ਬਣਾਇਆ ਜਾਵੇ। ਰਾਜ ਅੰਦਰ ਕੋਈ ਵੀ ਕੰਬਾਈਨ ਬਿਨਾਂ ਸੁਪਰ ਐੱਸ. ਐੱਮ. ਐੱਸ. ਤੋਂ ਨਾ ਚੱਲਣ ਦਿੱਤੀ ਜਾਵੇ।


Related News